ਸ਼ਰਾਬ ਦੀਆਂ ਨਾਜਾਇਜ਼ ਫੈਕਟਰੀਆਂ ਨੇ ਕੈਪਟਨ ਦੇ ਕਿਰਦਾਰ 'ਤੇ ਲਗਾਏ ਸਵਾਲੀਆ ਨਿਸ਼ਾਨ : ਕਾਲੀਆ

5/25/2020 12:48:42 AM

ਜਲੰਧਰ, (ਚੋਪੜਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ ਹੱਥਾਂ 'ਚ ਫੜ੍ਹ ਕੇ 4 ਹਫਤੇ 'ਚ ਨਸ਼ਿਆਂ ਦਾ ਖਾਤਮਾ ਕਰਨ ਦੀਆਂ ਕਸਮਾਂ ਖਾਧੀਆਂ ਸਨ ਪਰ ਹਾਲਾਤ ਹਨ ਕਿ ਅੱਜ ਕੈਪਟਨ ਸਰਕਾਰ ਦੇ ਸਾਢੇ ਤਿੰਨ ਸਾਲ ਦੇ ਰਾਜ 'ਚ ਮੁੱਖ ਮੰਤਰੀ ਦੀ ਨੱਕ ਹੇਠ ਧੜੱਲੇ ਨਾਲ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚਲ ਰਹੀਆਂ ਹਨ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕੈਪਟਨ ਸਰਕਾਰ ਦੀ ਕਾਰਜ਼ਸ਼ੈਲੀ ਨੂੰ ਵਿਟਨੈੱਸ ਬਾਕਸ 'ਚ ਖੜਾ ਕਰਦੇ ਹੋਏ ਦੋਸ਼ ਲਗਾਏ ਕਿ ਸ਼ਰਾਬ ਦੇ ਨਾਜਾਇਜ਼ ਕਾਰੋਬਾਰ 'ਚ ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਵਿਧਾਇਕ ਗੁਰਕੀਰਤ ਸਿੰਘ ਕੋਟਲੀ 'ਤੇ ਸ਼ੱਕ ਦੀ ਸੂਈ ਆ ਰਹੀ ਹੈ। ਕਾਲੀਆ ਨੇ ਕਿਹਾ ਕਿ ਕਾਂਗਰਸ ਵਿਧਾਇਕਾਂ ਅਤੇ ਐਕਸਾਈਜ ਵਿਭਾਗ ਨੇ ਮੰਨਿਆ ਹੈ ਕਿ ਨਾਜਾਇਜ਼ ਫੈਕਟਰੀਆਂ ਤੋਂ ਰੋਜ਼ਾਨਾ 1000 ਪੇਟੀਆਂ ਸ਼ਰਾਬ ਤਿਆਰ ਕਰ ਕੇ ਵੇਚੀਆਂ ਜਾ ਰਹੀਆਂ ਹਨ। ਪਰ ਹੈਰਾਨੀਜਨਕ ਹੈ ਕਿ ਮੁੱਖ ਮੰਤਰੀ ਦਾ ਗ੍ਰਹਿ ਜ਼ਿਲਾ ਹੋਵੇ, ਐਕਸਾਈਜ ਅਤੇ ਗ੍ਰਹਿ ਵਿਭਾਗ ਖੁਦ ਮੁੱਖ ਮੰਤਰੀ ਕੋਲ ਹੋਵੇ ਅਜਿਹੇ ਹਾਲਾਤਾਂ 'ਚ ਐਕਸਾਈਜ ਅਤੇ ਖੁਫੀਆ ਵਿਭਾਗ ਨੂੰ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਚਲ ਰੇਹ ਇਸ ਨਾਜਾਇਜ਼ ਕਾਰੋਬਾਰ ਦੀ ਕੋਈ ਜਾਣਕਾਰੀ ਨਾ ਹੋਣਾ ਇਕ ਸ਼ੱਕ ਪੈਦਾ ਕਰਦਾ ਹੈ। ਅਖੀਰ ਇੰਨੀ ਵੱਡੀ ਮਾਤਰਾ 'ਚ ਨਾਜਾਇਜ਼ ਸਟਾਕ ਕਿਥੋਂ ਅਤੇ ਕਿਵੇਂ ਵੇਚਿਆ ਜਾਂਦਾ ਰਿਹਾ ਕਿਉਂਕਿ ਇਹ ਸਾਰਾ ਨਾਜਾਇਜ਼ ਧੰਦਾ ਰਾਜਨੇਤਾਵਾਂ, ਅਧਿਕਾਰੀਆਂ ਅਤੇ ਸ਼ਰਾਬ ਠੇਕੇਦਾਰਾਂ ਦੇ ਨੈਕਸਸ ਦੇ ਬਿਨਾਂ ਚਲਾ ਸਕਣਾ ਬਿਲਕੁਲ ਸੰਭਵ ਨਹੀਂ ਹੈ। ਕਾਲੀਆ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਏ ਕਰਫਿਊ ਦੌਰਾਨ ਦੋਸ਼ੀਆਂ ਨੇ ਕਿਥੇ-ਕਿਥੇ ਸ਼ਰਾਬ ਸਪਲਾਈ ਕੀਤੀ ਅਤੇ ਦੋਸ਼ੀਆਂ ਨਾਲ ਸ਼ਰਾਬ ਖਰੀਦਣ ਵਾਲੇ ਸਮੱਗਲਰ ਹਨ ਜਾਂ ਸ਼ਰਾਬ ਠੇਕੇਦਾਰ, ਇਸਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਕਿਉਂਕਿ ਕਰਫਿਊ ਦੌਰਾਨ ਸ਼ਰਾਬ ਦੇ ਠੇਕੇ ਬੰਦ ਰਹਿਣ ਦੇ ਬਾਵਜੂਦ ਧੜੱਲੇ ਨਾਲ ਗਲੀ-ਗਲੀ ਸ਼ਰਾਬ ਵਿਕਦੀ ਰਹੀ ਹੈ।
ਕਾਲੀਆ ਨੇ ਕਿਹਾ ਕਿ ਕੈ. ਅਮਰਿੰਦਰ ਦੱਸਣ ਕਿ ਕੀ ਉਨ੍ਹਾਂ ਦੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਨਾਲਾਇਕ ਹਨ ਜਿਨ੍ਹਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਨਾਜਾਇਜ਼ ਸ਼ਰਾਬ ਫੈਕਟਰੀ ਦੀ ਕੋਈ ਜਾਣਕਾਰੀ ਨਹੀਂ ਸੀ? ਕੀ ਅਧਿਕਾਰੀਆਂ ਨੇ ਜਾਣਬੁੱਝ ਕੇ ਮੁੱਖ ਮੰਤਰੀ ਨੂੰ ਹਨ੍ਹੇਰੇ 'ਚ ਰੱਖਿਆ ਅਤੇ ਐਕਸਾਈਜ਼ ਵਿਭਾਗ ਅਤੇ ਨਾਜ਼ਾਇਜ਼ ਸ਼ਰਾਬ ਮਾਫੀਆ ਨੂੰ ਕਾਰੋਬਾਰ ਕਰਨ ਦੀ ਉੱਪਰ ਤੋਂ ਖੁੱਲ੍ਹੀ ਛੋਟ ਮਿਲੀ ਹੋਈ ਸੀ। ਜੇ ਅਧਿਕਾਰੀ ਇਸ ਦੇ ਜਿੰਮੇਵਾਰ ਹਨ ਤਾਂ ਉਨ੍ਹਾਂ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਦੀ ਆੜ 'ਚ ਨੈਕਸਸ ਨੇ ਪ੍ਰਦੇਸ਼ ਦੇ ਖਜ਼ਾਨੇ 'ਤੇ ਕਰੋੜਾਂ ਰੁਪਏ ਦਾ ਸ਼ਰੇਆਮ ਡਾਕਾ ਮਾਰਿਆ ਹੈ।
ਕਾਲੀਆ ਨੇ ਕਿਹਾ ਕਿ ਅੱਜ ਸੂਬੇ 'ਚ ਹਾਲਾਤ ਇੰਨੇ ਬਦਤਰ ਹਨ ਕਿ ਸੂਬੇ 'ਚ ਸਿਰਫ ਲੁੱਟ ਦੀ ਕਮਾਈ 'ਚ ਹਿੱਸੇਦਾਰੀਆਂ ਨੂੰ ਲੈ ਕੇ ਸੱਤਾਧਾਰੀ ਨੇਤਾਵਾਂ ਅਤੇ ਅਫਸਰਸ਼ਾਹੀ ਦਰਮਿਆਨ ਆਏ ਦਿਨ ਆਪਸ 'ਚ ਤਨਾਤਨੀ ਹੋ ਰਹੀ ਹੈ। ਨਵੇਂ ਵਿੱਤੀ ਸਾਲ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੈਬਨਿਟ ਸਬ ਕਮੇਟੀ ਦੀ ਬੈਠਕ 'ਚ ਪੰਜਾਬ ਮੁੱਖ ਸਕੱਤਰ ਦੇ ਸਾਹਮਣੇ ਕੈਬਨਿਟ ਮੰਤਰੀਆਂ ਨੇ ਇਤਰਾਜ਼ ਪ੍ਰਗਟਾਏ। ਮੰਤਰੀਆਂ ਨੇ ਸ਼ਰੇਆਮ ਦੋਸ਼ ਲਾਏ ਕਿ ਮੁੱਖ ਸਕੱਤਰ ਦੇ ਕਾਰਣ ਪੰਜਾਬ ਨੂੰ ਐਕਸਾਈਜ਼ ਦਾ ਹਜ਼ਾਰਾਂ ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ ਜਿਸ ਤੋਂ ਬਾਅਦ ਇਹ ਪਾਲਿਸੀ ਮੁੱਖ ਮੰਤਰੀ ਕੋਲ ਚਲੀ ਗਈ ਪਰ ਇਸ ਪਾਲਿਸੀ 'ਤੇ ਉੱਠੇ ਇਤਰਾਜ਼ਾਂ 'ਤੇ ਕੀ ਸ਼ਮੂਲੀਅਤ ਹੋਈ, ਇਹ ਜਨਤਾ ਦੇ ਸਾਹਮਣੇ ਲਿਆਂਦਾ ਜਾਵੇ।
ਕਾਲੀਆ ਨੇ ਕਿਹਾ ਕਿ ਦੇਸ਼ ਦੇ ਇਤਿਹਾਸ 'ਚ ਸੰਵਿਧਾਨ ਦੇ ਨਾਲ ਅਜਿਹਾ ਘਿਨੌਣਾ ਮਜ਼ਾਕ ਪਹਿਲੀ ਵਾਰ ਹੋਇਆ ਹੈ ਕਿ ਸ਼ਰਾਬ ਫੈਕਟਰੀ ਅਤੇ ਡਿਸਟਿਲਰੀ 'ਚ ਬਣਾਈ ਜਾ ਰਹੀ ਸ਼ਰਾਬ 'ਤੇ ਨਿਗਰਾਨੀ ਰੱਖਣ ਅਤੇ ਨਾਜਾਇਜ਼ ਸਪਲਾਈ ਰੋਕਣ ਲਈ ਅਧਿਆਪਕਾਂ ਦੀ ਤਾਇਨਾਤੀ ਕੀਤੀ ਗਈ ਹੋਵੇ। ਕਾਲੀ ਨੇ ਕਿਹਾ ਕਿ ਕੈ. ਅਮਰਿੰਦਰ ਮਾਮਲੇ ਦੀ ਜਾਂਚ ਨੂੰ ਲੈ ਕੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਬਿਠਾ ਕੇ ਕਰੋੜਾਂ ਰੁਪਏ ਦੇ ਘਪਲੇ ਨੂੰ ਠੰਡੇ ਬਸਤੇ 'ਚ ਪਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਜਿੰਮੇਵਾਰ ਅਫਸਰਾਂ ਖਿਲਾਫ ਤੁਰੰਤ ਕੋਈ ਕਾਰਵਾਈ ਨਾ ਹੋਣਾ ਹੀ ਪੂਰੇ ਮਾਮਲੇ 'ਚ ਸਰਕਾਰੀ ਸਿਸਟਮ ਦੀ ਮਿਲੀਭਗਤ ਦਾ ਸਿੱਧਾ ਸਬੂਤ ਪੇਸ਼ ਕਰਦਾ ਹੈ। ਕਾਲੀਆ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਫੈਕਟਰੀਆਂ ਦਾ ਭਾਂਡਾ ਭੱਜਣ ਨਾਲ ਅਨੇਕਾਂ ਸਵਾਲਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਖੁਦ ਦੇ ਕਿਰਦਾਰ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਕਾਲੀਆ ਨੇ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਨੂੰ ਆਪਣੀ ਅਤੇ ਪਾਰਟੀ ਦੀ ਸਾਖ ਬਚਾਉਣ ਲਈ ਤੁਰੰਤ ਚੀਫ ਜਸਟਿਸ ਨੂੰ ਪੱਤਰ ਲਿਖ ਕੇ ਇਸ ਸਾਰੇ ਮਾਮਲੇ ਦੀ ਕੋਰਟ ਮਾਨਟਰੜ ਇਨਕੁਆਰੀ ਮਾਣਯੋਗ ਹਾਈਕੋਰਟ ਦੇ ਸੀਟਿੰਗ ਜੱਜ ਤੋਂ ਕਰਵਾਉਣ ਤਾਂ ਕਿ ਸਾਰੀ ਸੱਚਾਈ ਜਨਤਾ ਦੇ ਸਾਹਮਣੇ ਆ ਸਕਣ। ਅਖੀਰ 'ਚ ਕਾਲੀਆ ਨੇ ਕੈਪਟਨ ਤੋਂ ਇਕ ਸ਼ਾਇਰਾਨਾ ਅੰਦਾਜ਼ 'ਚ ਸਵਾਲ ਕੀਤਾ ਕਿ ''ਤੂੰ ਇਧਰ ਉਧਰ ਦੀ ਗੱਲ ਨਾ ਕਰ ਇਹ ਦੱਸ ਕਿ ਕਾਫਿਲਾ ਕਿਉਂ ਲੁੱਟਿਆ, ਮੈਨੂੰ ਰਹਿਜਨਾਂ ਨਾਲ ਗਿਲਾ ਨਹੀਂ ਤਰੀ ਰਹਿਬਰੀ ਦਾ ਸਵਾਲ ਹੈ''।


Bharat Thapa

Content Editor Bharat Thapa