ਤਾਲਾਬੰਦੀ ਦੌਰਾਨ ਵੀ ਨਹੀਂ ਰੁਕਿਆ ਨਾਜਾਇਜ਼ ਸ਼ਰਾਬ ਦਾ ਕਾਰੋਬਾਰ

07/07/2020 6:18:50 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ, ਸੁਖਪਾਲ): ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪੁਲਸ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਲਗਾਤਾਰ ਪੁਲਸ ਨੂੰ ਸਫ਼ਲਤਾ ਮਿਲ ਰਹੀ ਹੈ। ਜ਼ਿਲ੍ਹੇ ਭਰ ਦੀਆਂ ਪੁਲਸ ਟੀਮਾਂ ਆਏ ਦਿਨ ਵੱਡੇ ਪੱਧਰ 'ਤੇ ਨਸ਼ਿਆਂ ਦੀ ਖੇਪ ਬਰਾਮਦ ਕਰਦੀਆਂ ਹਨ, ਜਦੋਂਕਿ ਜ਼ਿਲ੍ਹੇ ਅੰਦਰ ਰੋਜ਼ਾਨਾ ਹੀ ਨਾਜਾਇਜ਼ ਸ਼ਰਾਬ ਦੇ ਤਸਕਰਾਂ ਦਾ ਭਾਂਡਾ ਪੁਲਸ ਵਲੋਂ ਫੋੜਿਆ ਜਾ ਰਿਹਾ ਹੈ। ਹੁਣ ਤੱਕ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀਆਂ ਪੁਲਸ ਟੀਮਾਂ ਨੇ ਚੌਕਸੀ ਵਿਖਾਉਂਦਿਆਂ ਵੱਡੇ ਪੱਧਰ 'ਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕੀਤਾ ਹੈ, ਜਿੰਨ੍ਹਾਂ ਕੋਲੋਂ ਨਸ਼ੀਲੀਆਂ ਗੋਲੀਆਂ, ਡੋਡੇ, ਪੋਸਤ, ਗਾਂਜਾ, ਲਾਹਣ ਤੇ ਨਾਜਾਇਜ਼ ਸ਼ਰਾਬ ਜ਼ਿਆਦਾ ਮਿਲ ਚੁੱਕੀ ਹੈ। ਕੋਰੋਨਾ ਮਹਾਮਾਰੀ ਦੌਰਾਨ 22 ਮਾਰਚ ਤੋਂ ਲਾਗੂ ਲਾਕਡਾਊਨ/ਕਰਫ਼ਿਊ ਦੌਰਾਨ ਜਿੱਥੇ ਪੁਲਸ ਪ੍ਰਸ਼ਾਸਨ ਕੋਰੋਨਾ ਨਿਯਮਾਂ ਨੂੰ ਲਾਗੂ ਕਰਨ ਲਈ ਤਾਇਨਾਤੀ 'ਤੇ ਸੀ, ਉਥੇ ਹੀ ਪੁਲਸ ਟੀਮਾਂ ਨੇ ਵੱਡੇ ਪੱਧਰ 'ਤੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ।ਇਹ ਸਥਾਨਕ ਪੁਲਸ ਪ੍ਰਸ਼ਾਸਨ ਲਈ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ 'ਤੇ ਦੋਹਰੀ ਮਾਰ ਪੈਣ ਦੇ ਬਾਵਜੂਦ ਵੀ ਪੁਲਸ ਟੀਮਾਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਹੈ। ਮੀਡੀਆ ਦੀ ਰਿਪੋਰਟ ਅਨੁਸਾਰ ਲਾਗੂ ਲਾਕਡਾਊਨ ਦੌਰਾਨ ਇਕੱਲੇ ਜੂਨ 2020 ਮਹੀਨੇ ਦੌਰਾਨ ਜ਼ਿਲ੍ਹਾ ਪੁਲਸ ਨੇ ਐਕਸਾਈਜ਼ ਐਕਟ ਤਹਿਤ 106 ਦੇ ਕਰੀਬ ਮਾਮਲੇ ਦਰਜ ਕੀਤੇ ਹਨ, ਜਦੋÎਂਕਿ ਐੱਨ.ਡੀ.ਪੀ.ਐਸ.ਐਕਟ ਦੇ ਮਾਮਲੇ ਕੁੱਝ ਹੱਦ ਤੱਕ ਘੱਟ ਹਨ। ਸਥਾਨਕ ਪੁਲਸ ਪ੍ਰਸ਼ਾਸਨ ਲਗਾਤਾਰ ਜ਼ਿਲ੍ਹੇ ਅੰਦਰੋਂ ਨਸ਼ਾ ਖ਼ਤਮ ਕਰਨ ਲਈ ਤੱਤਪਰ ਜਾਪਦਾ ਹੈ ਤੇ ਸਥਾਨਕ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਸਮੇਂ-ਸਮੇਂ 'ਤੇ ਕਰ ਰਿਹਾ ਹੈ।

ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਫਗਵਾੜਾ ਵਿਖੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

ਜ਼ਿਆਦਾਤਰ ਲੋਕਾਂ ਨੂੰ ਫੜ੍ਹਿਆ ਗਿਆ ਘਰੇਲੂ ਲਾਹਣ ਨਾਲ
ਜ਼ਿਲ੍ਹਾ ਪੁਲਸ ਵਲੋਂ ਆਏ ਦਿਨ ਫੜ੍ਹੀ ਜਾਣ ਵਾਲੀ ਨਾਜਾਇਜ਼ ਸ਼ਰਾਬ ਜਾਂ ਤਾਂ ਹਰਿਆਣਾ ਮਾਰਕਾ ਹੁੰਦੀ ਹੈ ਜਾਂ ਫ਼ਿਰ ਘਰਾਂ 'ਚ ਭੱਠੀ ਨਾਲ ਕੱਢੀ ਜਾਣ ਵਾਲੀ ਲਾਹਣ। ਉਕਤ ਮਾਮਲਿਆਂ 'ਚ ਇਹ ਵੀ ਵੇਖਿਆ ਗਿਆ ਹੈ ਕਿ ਜ਼ਿਆਦਾਤਰ ਬਰਾਮਦਗੀ ਵਾਲੀ ਸ਼ਰਾਬ ਤਸਕਰਾਂ ਵਲੋਂ ਭੱਠੀ ਨਾਲ ਬਣਾਈ ਜਾ ਰਹੀ ਸੀ, ਜਿਨ੍ਹਾਂ ਨੂੰ ਮੌਕੇ 'ਤੇ ਰੇਡਾਂ ਕਰਕੇ ਪੁਲਸ ਨੇ ਕਾਬੂ ਕੀਤਾ ਹੈ, ਜਦੋਂਕਿ ਕਈ ਮਾਮਲਿਆਂ 'ਚ ਤਸਕਰ ਪੁਲਸ ਨੂੰ ਚਕਮਾ ਦੇ ਕੇ ਭੱਜਣ 'ਚ ਕਾਮਯਾਬ ਵੀ ਰਹੇ ਹਨ। ਫੜ੍ਹੇ ਗਏ ਤਸਕਰਾਂ 'ਚ ਇਹ ਸਾਹਮਣੇ ਆਇਆ ਹੈ ਕਿ ਉਹ ਆਪਣੇ ਘਰਾਂ, ਖੇਤਾਂ ਜਾਂ ਹੋਰ ਗੁਪਤ ਟਿਕਾਣਿਆਂ 'ਤੇ ਭੱਠੀ ਚਲਾਉਂਦੇ ਸਨ, ਜਦੋਂਕਿ ਕਈ ਤਸਕਰ ਵੱਡੇ ਪੱਧਰ 'ਤੇ ਅਤੇ ਕਈ ਛੋਟੇ ਪੱਧਰ 'ਤੇ ਸ਼ਰਾਬ ਦੀ ਤਸਕਰੀ ਕਰਦੇ ਸਨ। ਕਈ ਮਾਮਲਿਆਂ 'ਚ ਇਸ ਤਸਕਰੀ ਪਿੱਛੇ ਪੂਰਾ ਦਾ ਪੂਰਾ ਪਰਿਵਾਰ ਸ਼ਾਮਲ ਵੀ ਪਾਇਆ ਗਿਆ ਹੈ। ਉਥੇ ਹੀ ਹਰਿਆਣਾ ਮਾਰਕਾ ਸ਼ਰਾਬ ਵੀ ਪੁਲਸ ਵੱਲੋਂ ਫੜ੍ਹੀ ਜਾਂਦੀ ਰਹੀ ਹੈ। ਅਜਿਹੀ ਸ਼ਰਾਬ ਤਸਕਰ ਪੰਜਾਬ ਤੋਂ ਬਾਹਰੋਂ ਲਿਆਉਂਦੇ ਸਨ ਤੇ ਇੱਕੇ ਮਹਿੰਗੇ ਭਾਅ 'ਤੇ ਲੋਕਾਂ ਨੂੰ ਵੇਚ ਰਹੇ ਸਨ।

ਇਹ ਵੀ ਪੜ੍ਹੋ:  ਅਕਾਲੀ ਦਲ ਵਲੋਂ ਤੇਲ ਦੀਆਂ ਕੀਮਤਾਂ 'ਚ ਵਾਧੇ ਅਤੇ ਹੋਰ ਲੋਕ ਮਾਰੂ ਨੀਤੀਆਂ ਖ਼ਿਲਾਫ਼ ਭੋਗਪੁਰ 'ਚ ਰੋਸ ਮੁਜ਼ਾਹਰਾ

ਕੋਰੋਨਾ ਲਾਕਡਾਊਨ/ਕਰਫ਼ਿਊ ਕਰਕੇ ਦੇਸੀ ਸ਼ਰਾਬ ਦੀ ਵਧੀ ਸੀ ਮੰਗ
ਪੂਰੇ ਵਿਸ਼ਵ ਦੀ ਤਰ੍ਹਾਂ ਕੋਵਿਡ-19 ਦਾ ਪ੍ਰਭਾਵ ਜ਼ਿਲ੍ਹੇ ਅੰਦਰ ਵੀ ਬਣਿਆ ਹੋਇਆ ਹੈ। ਹਾਲਾਂਕਿ ਅਨਲਾਕ-2 ਦੇ ਗੇੜ ਚੱਲ ਰਿਹਾ ਹੈ, ਪਰ 22 ਮਾਰਚ ਤੋਂ ਬਾਅਦ ਜੂਨ ਦੇ ਅੰਤ ਤੱਕ ਪੂਰੇ ਜ਼ਿਲ੍ਹੇ ਦਾ ਚੱਕਾ ਜਾਮ ਰਿਹਾ ਸੀ। ਸਰਕਾਰੀ ਹਦਾਇਤਾਂ ਤਹਿਤ ਹਰ ਖਿੱਤੇ ਨੂੰ ਬੰਦ ਕਰਨ ਦੇ ਨਾਲ-ਨਾਲ ਸ਼ਰਾਬ ਦੇ ਠੇਕੇ ਵੀ ਪੂਰਨ ਤੌਰ 'ਤੇ ਬੰਦ ਕੀਤੇ ਗਏ ਸਨ।ਕਰੀਬ 3 ਮਹੀਨੇ ਸ਼ਰਾਬ ਦੇ ਠੇਕੇ ਬੰਦ ਰਹੇ ਸਨ, ਜਿਸ ਤੋਂ ਬਾਅਦ ਪੇਂਡੂ ਖੇਤਰਾਂ ਤੋਂ ਲਾਹਣ ਬਰਾਮਦਗੀ ਵੱਡੇ ਪੱਧਰ 'ਤੇ ਪੁਲਸ ਵੱਲੋਂ ਕੀਤੀ ਗਈ ਹੈ। ਇਸਦਾ ਇਕ ਹੋਰ ਕਾਰਨ ਵੀ ਮੰਨਿਆ ਜਾ ਰਿਹਾ ਹੈ ਕਿ ਤਾਲਾਬੰਦੀ/ਕਰਫ਼ਿਊ ਦੌਰਾਨ ਠੇਕੇ ਬੰਦ ਸਨ ਤੇ ਪਿਆਕੜਾਂ ਨੂੰ ਸ਼ਰਾਬ ਦੀ ਪੂਰਤੀ ਲਈ ਲਾਹਣ ਦਾ ਸਹਾਰਾ ਲੈਣਾ ਪਿਆ ਸੀ। ਨਤੀਜਨ ਪੇਂਡੂ ਖੇਤਰਾਂ 'ਚ ਤਸਕਰ ਆਪਣੀ ਰੋਜ਼ੀ ਰੋਟੀ ਲਈ ਭੱਠੀਆਂ ਦਾ ਕੰਮ ਕਰਨ ਲੱਗੇ ਤੇ ਪਿਆਕੜ ਆਪਣੀ ਡੋਜ਼ ਪੂਰੀ ਕਰਨ ਲਈ ਲਾਹਣ ਨੂੰ ਅਪਨਾਉਣ ਲੱਗੇ ਸਨ।


Shyna

Content Editor

Related News