ਇੰਸਪੈਕਟਰ ਨੇ 1 ਲੱਖ ਲੈ ਕੇ ਬਣਨ ਦਿੱਤੀ ਨਾਜਾਇਜ਼ ਬਿਲਡਿੰਗ, ਸਖ਼ਤੀ ਦੇਖ ਕੇ ਲਾ ਦਿੱਤੀ ਸੀਲ

Thursday, Jun 21, 2018 - 07:29 AM (IST)

ਲੁਧਿਆਣਾ (ਹਿਤੇਸ਼) - ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਨਗਰ ਨਿਗਮ ਅਧਿਕਾਰੀਆਂ 'ਤੇ ਲਾਏ ਜਾ ਰਹੇ ਨਾਜਾਇਜ਼ ਨਿਰਮਾਣ ਕਰਵਾਉਣ ਦੀ ਇਵਜ਼ 'ਚ ਰਿਸ਼ਵਤ ਲੈਣ ਦੇ ਦੋਸ਼ ਸੱਚ ਸਾਬਤ ਹੋ ਗਏ ਹਨ। ਜ਼ੋਨ ਡੀ ਦੀ ਬਿਲਡਿੰਗ ਬਰਾਂਚ ਦੇ ਇਕ ਇੰਸਪੈਕਟਰ ਨੇ ਪਹਿਲਾਂ ਤਾਂ ਇਕ ਲੱਖ ਰੁਪਏ ਲੈ ਕੇ ਨਾਨ-ਕੰਪਾਊਂਡੇਬਲ ਨਿਰਮਾਣ ਕਰਵਾ ਦਿੱਤਾ ਅਤੇ ਹੁਣ ਸਿੱਧੂ ਦੀ ਸਖਤੀ ਦੇ ਡਰ ਨਾਲ ਬਿਲਡਿੰਗ ਨੂੰ ਸੀਲ ਕਰ ਦਿੱਤਾ ਤਾਂ ਮੇਅਰ ਦੇ ਕੋਲ ਖ਼ਬਰ ਪਹੁੰਚਣ 'ਤੇ ਇੰਸਪੈਕਟਰ ਵਲੋਂ ਪੈਸੇ ਵਾਪਸ ਕਰਨ ਲਈ ਮਿੰਨਤਾਂ ਕੀਤੀਆਂ ਜਾ ਰਹੀਆਂ ਹਨ।
ਇਸ ਮਾਮਲੇ 'ਚ ਕਿਚਲੂ ਨਗਰ ਮੇਨ ਰੋਡ ਦੇ ਰਿਹਾਇਸ਼ੀ ਇਲਾਕੇ ਵਿਚ ਇਕ ਕਮਰਸ਼ੀਅਲ ਬਿਲਡਿੰਗ ਬਣੀ ਹੈ, ਜੋ ਨਾਨ-ਕੰਪਾਊਂਡੇਬਲ ਹੋਣ ਕਾਰਨ ਮੁੱਢਲੇ ਪੱਧਰ 'ਤੇ ਹੀ ਤੋੜਣ ਦੀ ਕਾਰਵਾਈ ਬਣਦੀ ਸੀ ਪਰ ਇੰਸਪੈਕਟਰ ਨੇ ਪਹਿਲਾਂ ਤਾਂ ਬਿਲਡਿੰਗ ਬਣਨ ਦਿੱਤੀ ਅਤੇ ਫਿਰ ਸਿੱਧੂ ਦੀ ਚੈਕਿੰਗ ਦੇ ਡਰੋਂ ਬਿਲਡਿੰਗ ਨੂੰ ਸੀਲ ਕਰ ਦਿੱਤਾ। ਇਹ ਮਾਮਲਾ ਮੇਅਰ ਦੇ ਕੋਲ ਪਹੁੰਚਿਆ ਤਾਂ ਪੋਲ ਖੁੱਲ੍ਹ ਗਈ ਕਿ ਇੰਸਪੈਕਟਰ ਨੇ 1 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਬਿਲਡਿੰਗ ਬਣਵਾਈ ਸੀ, ਜਿਸ 'ਤੇ ਮੇਅਰ ਨੇ ਕਮਿਸ਼ਨਰ ਤੋਂ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ, ਜਿਸ ਦੇ ਬਾਅਦ ਇੰਸਪੈਕਟਰ ਨੇ ਸੀਲ ਖੋਲ੍ਹ ਦਿੱਤੀ ਹੈ ਅਤੇ ਰਿਸ਼ਵਤ ਦੇ ਪੈਸੇ ਵਾਪਸ ਕਰਨ ਲਈ ਮਿੰਨਤਾਂ ਕਰ ਰਿਹਾ ਹੈ। ਇੰਸਪੈਕਟਰ ਵਲੋਂ 1 ਲੱਖ ਦੀ ਰਿਸ਼ਵਤ ਲੈ ਕੇ ਨਾਜਾਇਜ਼ ਬਿਲਡਿੰਗ ਦਾ ਨਿਰਮਾਣ ਕਰਵਾਉਣ ਦੇ ਬਾਅਦ ਉਸ ਨੂੰ ਸੀਲ ਕਰਨ ਦਾ ਵਿਵਾਦ ਵਿਜੀਲੈਂਸ ਕੋਲ ਪਹੁੰਚ ਗਿਆ ਹੈ, ਜਿਸ ਬਾਰੇ 'ਚ ਖੁਫੀਆ ਰਿਪੋਰਟ ਤਿਆਰ ਕਰਵਾਈ ਜਾ ਰਹੀ ਹੈ। ਉਸ 'ਤੇ ਹੈੱਡ ਆਫਿਸ ਦੀ ਮਨਜ਼ੂਰੀ ਲੈ ਕੇ ਕੇਸ ਦਰਜ ਕੀਤਾ ਜਾ ਸਕਦਾ ਹੈ।


Related News