ਜ਼ਰੂਰੀ ਖ਼ਬਰ : ਪੰਜਾਬ ''ਚ ''ਨਕਲੀ ਸ਼ਰਾਬ'' ਵੇਚਣ ਵਾਲੇ ਹੁਣ ਨਹੀਂ ਬਚਣਗੇ, ਮਿਲ ਸਕਦੀ ਹੈ ਮੌਤ ਦੀ ਸਜ਼ਾ

Tuesday, Mar 02, 2021 - 09:06 AM (IST)

ਚੰਡੀਗੜ੍ਹ (ਅਸ਼ਵਨੀ) : ਸੂਬੇ 'ਚ ਨਾਜਾਇਜ਼/ਗੈਰ-ਕਾਨੂੰਨੀ ਅਤੇ ਨਕਲੀ ਸ਼ਰਾਬ ਦੇ ਕਾਰੋਬਾਰ ਦੇ ਖ਼ਾਤਮੇ ਲਈ ਕੈਬਨਿਟ ਵੱਲੋਂ ਪੰਜਾਬ ਆਬਕਾਰੀ ਐਕਟ, 1914 'ਚ ਧਾਰਾ-61-ਏ ਦਰਜ ਕਰਨ ਅਤੇ ਧਾਰਾ 61 ਤੇ 63 'ਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੰਤਰੀ ਮੰਡਲ ਵੱਲੋਂ ਇਸ ਸਬੰਧੀ ਵਿਧਾਨ ਸਭਾ ਦੇ ਚੱਲ ਰਹੇ ਬਜਟ ਇਜਲਾਸ 'ਚ ਬਿੱਲ ਲਿਆਉਣ ਦੀ ਪ੍ਰਵਾਨਗੀ ਵੀ ਦਿੱਤੀ ਗਈ। ਪੰਜਾਬ ਆਬਕਾਰੀ ਐਕਟ, 1914 'ਚ ਇਸ ਦੀ ਉਪ ਧਾਰਾ (1) ਵੱਜੋਂ ਨਵੀਂ ਧਾਰਾ-61-ਏ ਸ਼ਾਮਲ ਕੀਤੀ ਗਈ ਹੈ, ਜਿਸ 'ਚ ਇਹ ਵਿਵਸਥਾ ਹੈ ਕਿ ਜੋ ਵਿਅਕਤੀ ਉਸ ਵੱਲੋਂ ਤਿਆਰ ਕੀਤੀ ਜਾਂ ਵੇਚੀ ਗਈ ਸ਼ਰਾਬ 'ਚ ਕਿਸੇ ਵੀ ਕਿਸਮ ਦੇ ਹਾਨੀਕਾਰਕ ਜਾਂ ਨਸ਼ੀਲੇ ਪਦਾਰਥ ਜਿਸ ਨਾਲ ਅਪੰਗਤਾ ਜਾਂ ਗੰਭੀਰ ਹਾਲਤ ਜਾਂ ਮੌਤ ਹੋ ਸਕਦੀ ਹੈ, ਮਿਲਾਉਂਦਾ ਹੈ ਜਾਂ ਮਿਲਾਉਣ ਦੀ ਮਨਜ਼ੂਰੀ ਦਿੰਦਾ ਹੈ, ਸਜ਼ਾ ਦਾ ਹੱਕਦਾਰ ਹੋਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੈਪਟਨ 'ਤੇ ਗਰਜੇ 'ਸੁਖਬੀਰ ਬਾਦਲ', ਸਟੇਜ ਤੋਂ ਕੀਤੇ ਵੱਡੇ ਐਲਾਨ

ਵਿਅਕਤੀ ਦੀ ਮੌਤ ਹੋਣ ਦੀ ਸੂਰਤ 'ਚ ਅਜਿਹੇ ਦੋਸ਼ੀ ਨੂੰ ਮੌਤ ਜਾਂ ਉਮਰ ਕੈਦ ਦੀ ਸਜ਼ਾ ਦੇਣ ਦੇ ਨਾਲ 20 ਲੱਖ ਰੁਪਏ ਤੱਕ ਜੁਰਮਾਨਾ ਲਾਇਆ ਜਾ ਸਕੇਗਾ। ਅਪਾਹਜ ਜਾਂ ਗੰਭੀਰ ਹਾਲਤ ਦੀ ਸਥਿਤੀ 'ਚ ਦੋਸ਼ੀ ਨੂੰ ਘੱਟੋ-ਘੱਟ 6 ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ ਅਤੇ 10 ਲੱਖ ਰੁਪਏ ਤੱਕ ਜੁਰਮਾਨਾ ਲਗਾਇਆ ਜਾ ਸਕੇਗਾ। ਇਸੇ ਤਰ੍ਹਾਂ ਕਿਸੇ ਹੋਰ ਗੰਭੀਰ ਨੁਕਸਾਨ ਪਹੁੰਚਣ ਦੀ ਸਥਿਤੀ 'ਚ ਦੋਸ਼ੀ ਨੂੰ ਇਕ ਸਾਲ ਤੱਕ ਦੀ ਕੈਦ ਅਤੇ ਪੰਜ ਲੱਖ ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾ ਸਕੇਗਾ। ਕਿਸੇ ਤਰ੍ਹਾਂ ਜ਼ਖਮੀ ਹੋਣ ਦੇ ਮਾਮਲੇ 'ਚ ਦੋਸ਼ੀ ਨੂੰ 6 ਮਹੀਨੇ ਤੱਕ ਦੀ ਕੈਦ ਅਤੇ 2.50 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕੇਗਾ। ਮੰਤਰੀ ਮੰਡਲ ਨੇ ਆਬਕਾਰੀ ਐਕਟ 'ਚ ਸੋਧ ਕਰਕੇ ਨਕਲੀ ਸ਼ਰਾਬ ਤਿਆਰ ਕਰਨ ਅਤੇ ਵੇਚਣ ਵਾਲੇ ਵਿਅਕਤੀ ਤੋਂ ਪੀੜਤਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਦੀ ਵਿਵਸਥਾ ਵੀ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਘੇਰਨ ਜਾਂਦੇ 'ਅਕਾਲੀਆਂ' 'ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ, ਹਿਰਾਸਤ 'ਚ ਲਿਆ

ਸਪਿਰਟ ਦੀ ਨੇਚਰ 'ਚ ਕਿਸੇ ਤਰ੍ਹਾਂ ਦੀ ਤਬਦੀਲੀ ਜਾਂ ਤਬਦੀਲੀ ਦੀ ਕੋਸ਼ਿਸ਼ ਦੇ ਅਪਰਾਧ ਲਈ ਐਕਟ ਦੀਆਂ ਧਾਰਾਵਾਂ 'ਚ ਕੈਦ ਦੀ ਮਿਆਦ ਇਕ ਸਾਲ ਤੋਂ ਵਧਾ ਕੇ ਤਿੰਨ ਸਾਲ ਕਰਨ ਅਤੇ ਜੁਰਮਾਨੇ ਦੀ ਰਾਸ਼ੀ 1000 ਰੁਪਏ ਤੋਂ 10,000 ਕਰਨ ਲਈ ਸੈਕਸ਼ਨ-63 'ਚ ਵੀ ਸੋਧ ਕੀਤੀ ਗਈ ਹੈ। ਇਸੇ ਤਰ੍ਹਾਂ ਮੰਤਰੀ ਮੰਡਲ ਨੇ ਕਿਸੇ ਨਸ਼ੀਲੇ ਪਦਾਰਥ ਦੀ ਗੈਰ ਕਾਨੂੰਨੀ ਦਰਾਮਦ, ਬਰਾਮਦ, ਆਵਾਜਾਈ, ਨਿਰਮਾਣ, ਕਬਜ਼ੇ ਆਦਿ ਲਈ ਐਕਟ ਦੇ ‘ਅਪਰਾਧ ਅਤੇ ਜੁਰਮਾਨੇ’ ਚੈਪਟਰ ਤਹਿਤ ਕੈਦ ਦੀ ਮਿਆਦ ਤਿੰਨ ਸਾਲ ਤੋਂ ਵਧਾ ਕੇ ਪੰਜ ਸਾਲ ਕਰਨ ਵਾਸਤੇ ਧਾਰਾ-61 (1) ਵਿਚ ਸੋਧ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਬੁਰੀ ਖ਼ਬਰ, ਵੱਧ ਸਕਦੀਆਂ ਨੇ ਕੀਮਤਾਂ!

ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 61 (1) (V) ਨੂੰ ਠੋਸ ਕਰਨ ਲਈ ਵਿਦੇਸ਼ੀ ਸ਼ਰਾਬ ਦੀ ਸੀਮਾ 90 ਬਲਕ ਲੀਟਰ ਤੋਂ 27 ਬਲਕ ਲੀਟਰ ਤੱਕ ਕਰ ਦਿੱਤੀ ਗਈ ਹੈ। ਹੁਣ ਤੋਂ ਕੋਈ ਵੀ ਵਿਅਕਤੀ ਜੋ ਗੈਰ ਕਾਨੂੰਨੀ ਢੰਗ ਨਾਲ 90 ਬਲਕ ਲੀਟਰ ਤੋਂ ਜ਼ਿਆਦਾ ਕਿਸੇ ਵੀ ਵਿਦੇਸ਼ੀ ਦੀ ਦਰਾਮਦ, ਬਰਾਮਦ ਅਤੇ ਢੋਆ-ਢੁਆਈ ਕਰਦਾ ਹੈ, ਜਿਸ ’ਤੇ ਕਿ ਡਿਊਟੀ ਅਦਾ ਨਹੀਂ ਕੀਤੀ ਗਈ, ਨੂੰ ਘੱਟੋ-ਘੱਟ 2 ਸਾਲ ਤੱਕ ਦੀ ਕੈਦ ਅਤੇ ਘੱਟੋ-ਘੱਟ 2 ਲੱਖ ਰੁਪਏ ਤੱਕ ਜੁਰਮਾਨਾ ਲਾਇਆ ਜਾ ਸਕੇਗਾ।
ਨੋਟ : ਨਕਲੀ ਸ਼ਰਾਬ 'ਤੇ ਸ਼ਿਕੰਜਾ ਕੱਸਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰੋਕਤ ਉਪਰਾਲੇ ਬਾਰੇ ਦਿਓ ਆਪਣੀ ਰਾਏ


Babita

Content Editor

Related News