ਸਮਰਾਲਾ ਹਲਕੇ ''ਚ ਸ਼ਰੇਆਮ ਹੋ ਰਹੀ ਨਾਜਾਇਜ਼ ਮਾਈਨਿੰਗ, ਕਿਸੇ ਦੀ ਕੋਈ ਰੋਕ-ਟੋਕ ਨਹੀਂ (ਤਸਵੀਰਾਂ)

Wednesday, Oct 13, 2021 - 02:55 PM (IST)

ਸਮਰਾਲਾ (ਵਿਪਨ) : ਪੰਜਾਬ ਅੰਦਰ ਭਾਵੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਹੋਣ ਜਾਂ ਹੁਣ ਉਨ੍ਹਾਂ ਦੀ ਥਾਂ 'ਤੇ ਨਵੇਂ ਲਾਏ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਰ ਰੇਤ ਮਾਫ਼ੀਆ ਉਸੇ ਤਰ੍ਹਾਂ ਹੀ ਸਰਗਰਮ ਹੈ। ਕੁੱਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਉੱਡਣ ਖਟੋਲੇ ਰਾਹੀਂ ਗੈਰ ਕਾਨੂੰਨੀ ਖੱਡਾਂ ਉੱਪਰ ਝਾਤੀ ਮਾਰਨ ਦਾ ਡਰਾਮਾ ਕੀਤਾ ਸੀ, ਜਿਸ ਦਾ ਕੋਈ ਅਸਰ ਸਾਹਮਣੇ ਨਹੀਂ ਆਇਆ। ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਚਿਤਾਵਨੀਆਂ ਦੇ ਬਾਵਜੂਦ ਪੰਜਾਬ ਅੰਦਰ ਸ਼ਰੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਦੇ ਆਪਣੇ ਹਲਕੇ ਚਮਕੌਰ ਸਾਹਿਬ ਦੇ ਨਾਲ ਲੱਗਦੇ ਖੇਤਰ ਸਮਰਾਲਾ ਦੇ ਝਾੜ ਸਾਹਿਬ ਨੇੜੇ ਪਿੰਡ ਬਹਿਲੋਲਪੁਰ ਵਿਖੇ ਸ਼ਰੇਆਮ ਪੋਕਲੇਨ ਮਸ਼ੀਨਾਂ ਚਲਾ ਕੇ ਰੇਤਾ ਕੱਢਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਆਨਲਾਈਨ ਆਰਡਰ ਕੀਤਾ 53,000 ਰੁਪਏ ਦਾ 'ਆਈਫੋਨ-12', ਡੱਬਾ ਖੋਲ੍ਹਦੇ ਹੀ ਉੱਡੇ ਹੋਸ਼

PunjabKesari

ਸਥਾਨਕ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣਿਆ ਹੋਇਆ ਹੈ। ਕਰੋੜਾਂ ਰੁਪਏ ਦੀ ਕਾਲੀ ਕਮਾਈ ਕੀਤੀ ਜਾ ਰਹੀ ਹੈ। ਇੱਥੇ ਦਿਨ-ਰਾਤ ਟਰਾਲੀਆਂ ਅਤੇ ਟਿੱਪਰ ਭਰੇ ਜਾਂਦੇ ਹਨ। ਕੋਈ ਰੋਕ-ਟੋਕ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੱਤਾ ਧਿਰ ਕਾਂਗਰਸ ਦਾ ਇੱਕ ਪਾਣੀ ਵਾਲਾ ਟੈਂਕਰ ਇੱਥੇ ਖੜ੍ਹਾ ਕੀਤਾ ਹੋਇਆ ਹੈ, ਜਿਸ ਉੱਪਰ ਲਿਖਿਆ ਹੋਇਆ ਹੈ ਕਿ ਸੰਪਰਕ ਕਰੋ ਕਾਂਗਰਸ ਦਫ਼ਤਰ ਸਮਰਾਲਾ। ਨਾਜਾਇਜ਼ ਮਾਈਨਿੰਗ ਵਾਲੀ ਥਾਂ ਉੱਪਰ ਖੜ੍ਹੇ ਕੀਤੇ ਇਸ ਟੈਂਕਰ 'ਤੇ ਲਿਖੀ ਇਸ ਸ਼ਬਦਾਵਲੀ ਦੇ ਕਈ ਅਰਥ ਨਿਕਲਦੇ ਹਨ। ਹੁਣ ਆਮ ਦੇਖਣ ਵਾਲਾ ਇਹੀ ਸੋਚਦਾ ਹੈ ਕਿ ਪਾਣੀ ਲੈਣ ਲਈ ਸੰਪਰਕ ਕਰਨਾ ਹੈ ਜਾਂ ਮਿੱਟੀ ਤੇ ਰੇਤਾ ਲਈ। ਇੱਥੇ ਨਜਾਇਜ਼ ਮਾਈਨਿੰਗ ਕਰਕੇ ਆਲੇ-ਦੁਆਲੇ ਦੇ ਕਿਸਾਨਾਂ ਦੀਆਂ ਫ਼ਸਲਾਂ ਅਤੇ ਜ਼ਮੀਨਾਂ ਬਰਬਾਦ ਹੋ ਰਹੀਆਂ ਹਨ। ਕਰੀਬ ਡੇਢ ਕਿਲੋਮੀਟਰ ਦਾ ਰਸਤਾ ਬਿਲਕੁਲ ਹੀ ਖ਼ਰਾਬ ਕਰ ਦਿੱਤਾ ਗਿਆ ਹੈ, ਜਿੱਥੇ ਕਿ ਰਾਤ ਨੂੰ ਕੋਈ ਕਿਸਾਨ ਆਪਣੀ ਜ਼ਮੀਨ 'ਚ ਵੀ ਨਹੀਂ ਆ ਸਕਦਾ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਜਾਇਦਾਦ ਖ਼ਾਤਰ ਛੋਟੇ ਭਰਾ ਦੇ ਸਿਰ 'ਚ ਗੋਲੀ ਮਾਰ ਕੀਤਾ ਕਤਲ

PunjabKesari

ਰੇਤ ਮਾਫ਼ੀਆ ਨੇ ਇਸ ਕਦਰ ਇਹ ਧੰਦਾ ਜਾਰੀ ਕੀਤਾ ਹੋਇਆ ਹੈ ਕਿ ਇਸ ਨੂੰ ਮਨਜ਼ੂਰੀ ਦੇ ਕਾਗਜ਼ ਦਿਖਾ ਕੇ ਕਾਨੂੰਨਨ ਦੱਸ ਰਹੇ ਹਨ, ਜਦੋਂਕਿ ਮਨਜ਼ੂਰੀ ਸਿਰਫ 10 ਏਕੜ ਜ਼ਮੀਨ ਨੂੰ ਲੈਵਲ ਕਰਨ ਦੀ ਲਈ ਹੋਈ ਹੈ। ਲੈਵਲ ਕੀ ਕਰਨਾ ਸੀ, ਇੱਥੇ ਤਾਂ 50 ਫੁੱਟ ਤੱਕ ਖ਼ੁਦਾਈ ਕਰ ਲਈ ਗਈ ਹੈ। ਸ਼ਰੇਆਮ ਮਾਈਨਿੰਗ ਪਾਲਿਸੀ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬੇਦਾਗ ਸ਼ਖਸੀਅਤ ਵਾਲੀ ਕਾਰਜਸ਼ੈਲੀ ਦੇ ਦਾਅਵੇ ਵੀ ਖੋਖਲੇ ਸਾਬਿਤ ਕੀਤੇ ਜਾ ਰਹੇ ਹਨ। ਨਾਜਾਇਜ਼ ਮਾਈਨਿੰਗ ਵਾਲੀ ਥਾਂ ਦੇ ਨਾਲ ਇੱਕ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੀਆਂ ਜ਼ਮੀਨਾਂ ਨੀਵੀਆਂ ਹੋ ਗਈਆਂ ਹਨ। ਟਿੱਪਰਾਂ ਨਾਲ ਖ਼ਾਲ ਟੁੱਟ ਜਾਂਦੇ ਹਨ, ਉਹ ਤਾਂ ਆਪਣੀ ਫ਼ਸਲ ਬਚਾਉਂਦੇ ਹੀ ਰਹਿੰਦੇ ਹਨ।

ਇਹ ਵੀ ਪੜ੍ਹੋ : 99 ਸਾਲਾ ਬੇਬੇ ਮਰਨ ਤੋਂ ਪਹਿਲਾਂ ਲਿਖ ਗਈ ਖ਼ਾਸ ਅੰਤਿਮ ਇੱਛਾਵਾਂ, ਮੌਤ ਮਗਰੋਂ ਪੂਰੀਆਂ ਕਰਨ 'ਚ ਲੱਗਾ ਪਰਿਵਾਰ

PunjabKesari

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰਦਾ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਨੇ ਇਸ ਨੂੰ ਹਲਕਾ ਵਿਧਾਇਕ ਦੀ ਰੇਤ ਮਾਫ਼ੀਆ ਨਾਲ ਮਿਲੀ-ਭੁਗਤ ਕਰਾਰ ਦਿੰਦਿਆਂ ਕਿਹਾ ਕਿ ਸ਼ਰੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਪੂਰੇ ਮਾਮਲੇ 'ਤੇ ਜਦੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਮਿੰਦਰ ਸਿੰਘ ਆਵਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜਵਾਬ ਦਿੰਦੇ ਕਿਹਾ ਕਿ ਨਵੀਂ ਮਾਈਨਿੰਗ ਪਾਲਿਸੀ ਇੱਕ-ਦੋ ਦਿਨਾਂ ਵਿੱਚ ਆ ਰਹੀ ਹੈ। ਮਾਛੀਵਾੜਾ ਸਾਹਿਬ ਦੇ ਬੀ. ਡੀ. ਪੀ. ਓ. ਰਾਜਵਿੰਦਰ ਕੌਰ ਨੇ ਖ਼ੁਦ ਮੰਨਿਆ ਕਿ ਜ਼ਮੀਨ ਲੈਵਲ ਕਰਨ ਵਾਸਤੇ ਦਿੱਤੀ ਹੈ ਪਰ ਉਨ੍ਹਾਂ ਨੇ ਨਾਜਾਇਜ਼ ਮਾਈਨਿੰਗ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News