ਖੰਨਾ ''ਚ ਨਾਜਾਇਜ਼ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼, 5 ਲੋਕ ਗ੍ਰਿਫਤਾਰ
Thursday, Apr 23, 2020 - 04:18 PM (IST)
ਖੰਨਾ (ਵਿਪਨ) : ਖੰਨਾ ਪੁਲਸ ਅਤੇ ਐਕਸਾਈਜ਼ ਵਿਭਾਗ ਦੀਆਂ ਟੀਮਾਂ ਵਲੋਂ ਛਾਪੇਮਾਰੀ ਦੌਰਾਨ ਇਕ ਗੋਦਾਮ 'ਚ ਚੱਲ ਰਹੀ ਨਾਜਾਇਜ਼ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਗੋਦਾਮ 'ਚੋਂ ਸ਼ਰਾਬ ਦੀਆਂ 999 ਬੋਤਲਾਂ ਭਰ ਕੇ ਲੇਬਲ ਲਾਏ ਜਾ ਰਹੇ ਸਨ। ਪੁਲਸ ਦੀ ਛਾਪੇਮਾਰੀ ਦੌਰਾਨ ਫੈਕਟਰੀ 'ਚ ਤਿਆਰ ਕੀਤੀ ਗਈ 3800 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਪੁਲਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚੋਂ 2 ਲੋਕ ਫੈਕਟਰੀ ਦੇ ਅਤੇ 3 ਲੋਕ ਫੈਕਟਰੀ 'ਚੋਂ ਸ਼ਰਾਬ ਦੀ ਖੇਪ ਲੈਣ ਲਈ ਆਏ ਸਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਖੰਨਾ ਦੇ ਪਿੰਡ ਬਾਹੋਮਾਜਰਾ 'ਚ ਇਕ ਗੋਦਾਮ 'ਚ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ਚੱਲ ਰਹੀ ਹੈ, ਜਿਸ ਤੋਂ ਬਾਅਦ ਪੁਲਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ ਇਸ ਦਾ ਪਰਦਾਫਾਸ਼ ਕੀਤਾ। ਐਸ. ਐਸ. ਪੀ. ਨੇ ਕਿਹਾ ਕਿ ਪਿਛਲੇ 3-4 ਮਹੀਨਿਆਂ ਤੋਂ ਇਹ ਫੈਕਟਰੀ ਚੱਲ ਰਹੀ ਸੀ, ਜਿਸ 'ਚ ਰੋਜ਼ਾਨਾ 1000 ਪੇਟੀਆਂ ਸ਼ਰਾਬ ਬਣਾਈ ਜਾ ਰਹੀ ਸੀ।