ਬਿਆਸ : ਆਈ. ਜੀ. ਬਾਰਡਰ ਰੇਂਜ ਦੀ ਧਰਨਾਕਾਰੀਆਂ ਨਾਲ ਮੁਲਾਕਾਤ ਰਹੀ ਬੇਸਿੱਟਾ
Thursday, Dec 19, 2019 - 03:47 PM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼, ਅਠੌਲਾ) : ਇਕ ਨਿੱਜੀ ਸਕੂਲ 'ਚ ਵਾਪਰੇ ਰੇਪ ਕਾਂਡ ਤੋਂ ਬਾਅਦ ਇਨਸਾਫ ਦੀ ਮੰਗ ਕਰ ਰਹੇ ਬਾਕੀ ਸਕੂਲੀ ਬੱਚਿਆਂ ਦੇ ਮਾਪਿਆਂ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਸਕੂਲ ਮੂਹਰੇ ਪਿਛਲੇ 3 ਦਿਨਾਂ ਤੋਂ ਲਗਾਤਾਰ ਚੱਲ ਰਹੇ ਦਿਨ-ਰਾਤ ਦੇ ਧਰਨੇ ਨੂੰ ਚੌਥੇ ਦਿਨ ਵੀ ਜਾਰੀ ਰੱਖਣ ਦਾ ਧਰਨਾਕਾਰੀਆਂ ਵੱਲੋਂ ਐਲਾਨ ਕੀਤਾ ਗਿਆ ਹੈ। ਪਿਛਲੇ 3 ਦਿਨਾਂ ਤੋਂ ਵੱਖ-ਵੱਖ ਪੁਲਸ ਤੇ ਸਿਵਲ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਨੂੰ ਕੋਈ ਇਨਸਾਫ ਨਾ ਮਿਲਦਾ ਦੇਖ ਕੇ ਬਾਰਡਰ ਰੇਂਜ ਦੇ ਆਈ. ਜੀ. ਸੁਰਿੰਦਰਪਾਲ ਪਰਮਾਰ ਨੇ ਬਿਆਸ ਪੁੱਜ ਕੇ ਸਕੂਲ ਅੱਗੇ ਬੈਠੇ ਧਰਨਾਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇਹ ਧਰਨਾ ਚੁੱਕਣ ਦੀ ਅਪੀਲ ਕੀਤੀ ਅਤੇ ਗੱਲਬਾਤ ਦਾ ਸੱਦਾ ਵੀ ਦਿੱਤਾ। ਧਰਨਾਕਾਰੀਆਂ ਨੇ ਨਾਮਜ਼ਦ 21 ਮੈਂਬਰੀ ਕਮੇਟੀ ਦੀ ਹਾਜ਼ਰੀ ਮੁਕੰਮਲ ਨਾ ਹੋਣ ਦਾ ਦੱਸ ਕੇ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਦੁਬਾਰਾ ਆਈ. ਜੀ. ਬਾਰਡਰ ਰੇਂਜ ਨਾਲ ਗੱਲਬਾਤ ਕਰਨ ਲਈ ਕਿਹਾ।
ਜਾਂਚ ਫਾਸਟ ਟ੍ਰੈਕ ਰਾਹੀਂ ਕਰਵਾਉਣ ਦੀ ਕੀਤੀ ਮੰਗ
ਇਕ ਸੰਖੇਪ ਮੁਲਾਕਾਤ ਦੌਰਾਨ ਧਰਨਾਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਕਿਸੇ ਆਈ. ਏ. ਐੱਸ., ਆਈ. ਪੀ. ਐੱਸ. ਅਤੇ 3 ਜੱਜਾਂ ਦੇ ਬੈਂਚ ਕੋਲੋਂ ਫਾਸਟ ਟ੍ਰੈਕ ਰਾਹੀਂ ਕਰਵਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸਕੂਲੀ ਬੱਚਿਆਂ ਦੀ ਸੁਰੱਖਿਆ ਦਾ ਪ੍ਰਬੰਧ, ਮਾਮਲੇ 'ਚ ਕੋਤਾਹੀ ਵਰਤਣ, ਕੇਸ ਨੂੰ ਰਫਾ-ਦਫਾ ਕਰਨ ਵਾਲੇ ਪੁਲਸ ਅਧਿਕਾਰੀਆਂ ਦੀ ਮੁਅੱਤਲੀ ਆਦਿ ਮੁੱਖ ਮੰਗਾਂ ਰੱਖੀਆਂ ਗਈਆਂ ਸਨ। ਇਸੇ ਦੌਰਾਨ ਧਰਨੇ ਦੀ ਅਗਵਾਈ ਕਰ ਰਹੇ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਉਨ੍ਹਾਂ ਦੀਆਂ ਉਕਤ ਮੰਗਾਂ ਮੰਨ ਲਵੇ ਤਾਂ ਹੀ ਉਹ ਧਰਨੇ ਨੂੰ ਪੱਕੇ ਤੌਰ 'ਤੇ ਖਤਮ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ 19 ਦਸੰਬਰ ਨੂੰ ਅੰਮ੍ਰਿਤਸਰ ਇਸੇ ਹੀ ਰਸਤੇ ਗੁਜ਼ਰ ਰਹੇ ਹਨ, ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਉਹ ਰਸਤੇ 'ਚ ਲੱਗੇ ਇਸ ਧਰਨੇ 'ਤੇ ਕੁਝ ਸਮੇਂ ਲਈ ਰੁਕ ਕੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਅਤੇ ਪੰਜਾਬ ਸਰਕਾਰ ਦਾ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਪੂਰਾ ਕਰਨ। ਇਸ ਮੌਕੇ ਆਈ. ਜੀ. ਬਾਰਡਰ ਰੇਂਜ ਦੇ ਨਾਲ ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ, ਐੱਸ. ਪੀ. (ਡੀ) ਅਮਨਦੀਪ ਕੌਰ ਤੇ ਹੋਰ ਪੁਲਸ ਅਧਿਕਾਰੀ ਹਾਜ਼ਰ ਸਨ।