'ਜੌਲੀਆਂ ਸਮੇਤ ਬਰਗਾੜੀ ਕਾਂਡ 'ਚ ਸਿੱਖਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਕੈਪਟਨ ਦਾ ਹਾਲ ਵੀ ਹੋਵੇਗਾ ਬਾਦਲਾਂ ਵਾਲਾ'

Wednesday, Jun 30, 2021 - 08:14 PM (IST)

'ਜੌਲੀਆਂ ਸਮੇਤ ਬਰਗਾੜੀ ਕਾਂਡ 'ਚ ਸਿੱਖਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਕੈਪਟਨ ਦਾ ਹਾਲ ਵੀ ਹੋਵੇਗਾ ਬਾਦਲਾਂ ਵਾਲਾ'

ਭਵਾਨੀਗੜ੍ਹ(ਵਿਕਾਸ)- ਨੇੜਲੇ ਪਿੰਡ ਜੌਲੀਆਂ ਵਿਖੇ ਵਾਪਰੀ ਬੇਅਦਬੀ ਦੀ ਘਟਨਾ 'ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ.ਐਸ.ਜੀ.ਐੱਮ.ਸੀ.) ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅੱਜ  ਅਫਸੋਸ ਪ੍ਰਗਟ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਪਿੱਛੇ ਸਰਕਾਰਾਂ ਦੀ ਬਹੁਤ ਵੱਡੀ ਨਾਲਾਇਕੀ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਜੇਕਰ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਮੇਂ ਸਿਰ ਸਜ਼ਾ ਮਿਲੀ ਹੁੰਦੀ ਤਾਂ ਅੱਜ ਸਾਨੂੰ ਅਜਿਹੇ ਦਿਨ ਨਹੀਂ ਦੇਖਣੇ ਪੈਣੇ ਸਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੇ ਲੈਂਦਿਆਂ ਕਿਹਾ ਕਿ ਜੇਕਰ ਜੌਲੀਆਂ ਸਮੇਤ ਬਰਗਾੜੀ ਕਾਂਡ ਵਿੱਚ ਸੰਗਤਾਂ ਨੂੰ ਇਨਸਾਫ ਨਾ ਦਿਵਾਇਆ ਤਾਂ ਕੈਪਟਨ ਦਾ ਹਾਲ ਵੀ ਬਾਦਲਾਂ ਵਾਲਾ ਹੀ ਹੋਵੇਗਾ। 

PunjabKesari

ਇਹ ਵੀ ਪੜ੍ਹੋ : ਜਲੰਧਰ ਦੇ ਡਿਪਟੀ ਕਤਲ ਕਾਂਡ ’ਚ ਨਵਾਂ ਮੋੜ, ਦਵਿੰਦਰ ਬੰਬੀਹਾ ਗਰੁੱਪ ਨੇ ਲਈ ਜ਼ਿੰਮੇਵਾਰੀ

ਦਾਦੂਵਾਲ ਨੇ ਕਿਹਾ ਕਿ ਬਰਗਾੜੀ ਬੇਅਦਬੀ ਘਟਨਾ ਦੀ ਸਾਜਿਸ਼ ਦਾ ਪਰਦਾਫਾਸ਼ ਕਰਕੇ ਦੋਸ਼ੀਆਂ ਨੂੰ ਸਜਾ ਦੇਣੀ ਬਣਦੀ ਸੀ ਪਰ ਪਹਿਲਾਂ ਬਾਦਲਾਂ ਨੇ ਤੇ ਹੁਣ ਅਪਣੇ ਸਾਢੇ ਚਾਰ ਦੇ ਰਾਜ ਵਿੱਚ ਕੈਪਟਨ ਸਰਕਾਰ ਵੱਲੋਂ ਇਕ ਡੇਰੇ ਦੇ ਆਗੂਆਂ ਦੇ ਕਥਿਤ ਤੌਰ ’ਤੇ ਨਾਮ ਉਜਾਗਰ ਹੋਣ 'ਤੇ ਉਸ ਘਟਨਾ ਦੀ ਵਾਰ-ਵਾਰ ਜਾਂਚ ਕਰਵਾਉਣ ਦੀ ਆੜ 'ਚ ਬਰਗਾੜੀ ਮਾਮਲੇ ਨੂੰ ਠੰਡੇ ਬਸਤੇ 'ਚ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪੰਥਕ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜੌਲੀਆਂ ਬੇਅਦਬੀ ਕਾਂਡ ਪ੍ਰਤੀ ਅਫਸੋਸ ਜਾਹਿਰ ਨਾ ਕਰਨਾ ਜਾਂ ਕੋਈ ਹੋਰ ਪ੍ਰਤੀਕਰਮ ਨਾ ਦੇਣਾ ਅਤਿ ਸ਼ਰਮਨਾਕ ਹੈ ਉੱਥੇ ਹੀ ਇਸ ਬੇਅਦਬੀ ਦੀ ਵਾਪਰੀ ਵੱਡੀ ਮੰਦਭਾਗੀ ਘਟਨਾ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾ ਪਹੁੰਚਣਾ ਵੀ ਇਕ ਸ਼ਰਮਨਾਕ ਗੱਲ ਹੈ। ਜਥੇਦਾਰ ਦਾਦੂਵਾਲ ਨੇ ਸਵਾਲ ਖੜਾ ਕਰਦਿਆਂ ਕਿਹਾ ਕਿ ਭਾਵੇਂ ਦੇਰ ਨਾਲ ਹੀ ਸਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੌਲੀਆਂ ਗੁਰੂ ਘਰ ਵਿੱਖੇ ਪਹੁੰਚੇ ਪਰ ਕੀ ਇਸ ਤਰ੍ਹਾਂ ਉਨ੍ਹਾਂ ਨੂੰ ਬਰਗਾੜੀ ਨਹੀਂ ਸੀ ਜਾਣਾ ਚਾਹੀਦਾ। ਇਸ ਮੌਕੇ ਦਾਦੂਵਾਲ ਨੇ ਸੰਗਤਾਂ ਨੂੰ ਕਿਸੇ ਭੜਕਾਹਟ ਵਿੱਚ ਨਾ ਆ ਕੇ ਪਿੰਡ ਪੱਧਰ 'ਤੇ ਜਿੰਮੇਵਾਰ ਆਗੂਆਂ ਦੀ ਕਮੇਟੀ ਗਠਿਤ ਕਰਕੇ ਗੁਰੂ ਘਰਾਂ ਦੀ ਰਾਖੀ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਲੰਗਰਾਂ ਲਈ ਗੁਰੂ ਘਰ ਨੂੰ 11 ਹਜ਼ਾਰ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ।

PunjabKesari

ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ ’ਚ ਅਕਾਲੀ ਆਗੂ ’ਤੇ ਜ਼ਬਰਦਸਤ ਹਮਲਾ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ
ਇਸ ਮੌਕੇ ਉਨ੍ਹਾਂ ਨਾਲ ਬਾਬਾ ਪਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ ਦਾਦੂਵਾਲ, ਬਾਬਾ ਭਗਵੰਤ ਸਿੰਘ ਰਾਜਪੁਰਾ, ਬਾਬਾ ਨਾਇਬ ਸਿੰਘ ਬਹਾਦਰਗੜ, ਬਾਬਾ ਦਰਸ਼ਨ ਸਿੰਘ ਟੌਹੜਾ, ਬਾਬਾ ਜੀਵਨ ਸਿੰਘ ਚੁਨਾਗਰਾ, ਬਾਬਾ ਲਾਲ ਸਿੰਘ ਭੀਖ਼ੀ, ਬਾਬਾ ਜਗਰੂਪ ਸਿੰਘ, ਭਾਈ ਸਰਬਜੀਤ ਸਿੰਘ ਸਕੱਤਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਖੜਕ ਸਿੰਘ ਕੁਲਰੀਆਂ, ਭਾਈ ਮੱਖਣ ਸਿੰਘ ਮੱਲਵਾਲਾ, ਭਾਈ ਗੁਰਸੇਵਕ ਸਿੰਘ ਰੰਗੀਲਾ, ਭਾਈ ਸੁਖਪਾਲ ਸਿੰਘ ਵੀ ਹਾਜ਼ਰ ਸਨ।


author

Bharat Thapa

Content Editor

Related News