ਆਈਲੈਟਸ ਅਤੇ ਇਮੀਗ੍ਰੇਸ਼ਨਾਂ ਸੈਂਟਰਾਂ ’ਤੇ ਪੁਲਸ ਦੀ ਵੱਡੇ ਪੱਧਰ ’ਤੇ ਛਾਪੇਮਾਰੀ, ਪਈਆਂ ਭਾਜੜਾਂ

07/07/2023 6:05:40 PM

ਨਿਹਾਲ ਸਿੰਘ ਵਾਲਾ (ਬਾਵਾ) : ਪੰਜਾਬ ਅੰਦਰ ਜਲੰਧਰ ਦੇ ਇਕ ਇਮੀਗ੍ਰੇਸ਼ਨ ਸੈਂਟਰ ਵੱਲੋਂ ਵਿਦੇਸ਼ ਭੇਜੇ ਸੈਂਕੜੇ ਵਿਦਿਆਰਥੀਆਂ ਨਾਲ ਕੀਤੀ ਧੋਖਾਧੜੀ ਨੂੰ ਸਖਤ ਲਹਿਜ਼ੇ ’ਚ ਲੈਂਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਜਾਂਚ ਪੜਤਾਲ ਦੇ ਦਿੱਤੇ ਸਖ਼ਤ ਹੁਕਮਾਂ ਤਹਿਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਨਿਹਾਲ ਸਿੰਘ ਵਾਲਾ ਦੇ ਐੱਸ. ਡੀ. ਐੱਮ. ਦੀ ਅਗਵਾਈ ਹੇਠ ਬਣਾਈ ਪ੍ਰਸ਼ਾਸਨ ਦੀ ਟੀਮ ਵੱਲੋਂ ਮੰਡੀ ਨਿਹਾਲ ਸਿੰਘ ਅੰਦਰ ਖੁੱਲੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਅਨੇਕਾਂ ਸੈਂਟਰ ਚਾਲਕ ਵਿਦਿਆਰਥੀਆਂ ਨੂੰ ਧੱਕੇ ਨਾਲ ਬਾਹਰ ਕੱਢ ਕੇ ਸੈਂਟਰਾਂ ਨੂੰ ਜਿੰਦਰੇ ਲਗਾ ਕੇ ਫਰਾਰ ਹੋ ਗਏ। ਇਸ ਮੌਕੇ ਤਹਿਸੀਲਦਾਰ ਗੁਰਮੁਖ ਸਿੰਘ, ਡੀ. ਐੱਸ. ਪੀ. ਮਨਜੀਤ ਸਿੰਘ ਢੇਸੀ, ਥਾਣਾ ਮੁੱਖ ਅਰਸ਼ਪ੍ਰੀਤ ਕੌਰ ਗਰੇਵਾਲ, ਕਾਰਜਸਾਧਕ ਅਫਸਰ ਦਵਿੰਦਰ ਸਿੰਘ ਤੂਰ ਅਤੇ ਪਟਵਾਰੀ ਨਿਰਮਲ ਸਿੰਘ ਦੀ ਸੁਮੱਚੀ ਟੀਮ ਵੱਲੋਂ ਨਿਹਾਲ ਸਿੰਘ ਵਾਲਾ-ਬਾਘਾ ਪੁਰਾਣਾ ਰੋਡ ’ਤੇ ਵੱਖ-ਵੱਖ ਸ਼ਹਿਰ ਦੀਆਂ ਗਲੀਆਂ ਅੰਦਰ ਚੱਲ ਰਹੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਛਾਪੇਮਾਰੀ ਕਰਦਿਆਂ ਕਾਗਜ਼-ਪੱਤਰਾਂ ਦੀ ਪੜਤਾਲ ਕੀਤੀ ਗਈ। ਜ਼ਿਕਰਯੋਗ ਹੈ ਕਿ ਜਿਉਂ ਆਈਲੈਟਸ ਅਤੇ ਇਮੀਗਰੇਸ਼ਨ ਸੈਂਟਰਾਂ ਦੇ ਪ੍ਰਬੰਧਕਾਂ ਨੂੰ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੀ ਭਿਣਕ ਮਿਲੀ ਤਾਂ ਕੁਝ ਗਿਣਤੀ ਦੇ ਆਈਲੈਟਸ ਸੈਂਟਰਾਂ ਦੇ ਪ੍ਰਬੰਧਕਾਂ ਨੂੰ ਛੱਡ ਕੇ ਵੱਡੀ ਪੱਧਰ ’ਤੇ ਆਈਲੈਟਸ ਸੈਂਟਰਾਂ ’ਚ ਪੜ੍ਹ ਰਹੇ ਬੱਚਿਆਂ ਨੂੰ ਸੈਂਟਰਾਂ ਵੱਲੋਂ ਚੋਰ-ਮੋਰੀਆਂ ਰਾਹੀਂ ਬਾਹਰ ਕੱਢਿਆ ਜਾ ਰਿਹਾ ਸੀ ਅਤੇ ਸੈਂਟਰਾਂ ਨੂੰ ਤਾਲੇ ਲਗਾ ਕੇ ਆਪ ਫੁਰਰ ਹੋ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਲੋਕਾਂ ਨੂੰ ਤੋਹਫ਼ਾ, ਹੁਣ ਘਰ ਬੈਠੇ ਹੀ ਲੈ ਸਕੋਗੇ ਸੇਵਾ ਕੇਂਦਰਾਂ ਦੀਆਂ ਸਹੂਲਤਾਂ

ਜ਼ਿਕਰਯੋਗ ਹੈ ਕਿ ਕੁਝ ਆਈਲੈਟਸ ਸੈਂਟਰਾਂ ਦੇ ਮੁੱਖ ਕੇਂਦਰ ਕਿਸੇ ਹੋਰ ਸ਼ਹਿਰਾਂ ’ਚ ਸਥਾਪਿਤ ਹਨ ਅਤੇ ਮੰਡੀ ਨਿਹਾਲ ਸਿੰਘ ਵਾਲਾ ਅੰਦਰ ਬ੍ਰਾਚਾਂ ਖੋਲ੍ਹੀਆਂ ਹੋਈਆਂ ਹਨ, ਇਸ ਸਬੰਧੀ ਵੀ ਪ੍ਰਸ਼ਾਸਨ ਵੱਲੋਂ ਆਈਲੈਟਸ ਸੈਂਟਰਾਂ ਦੇ ਪ੍ਰਬੰਧਕਾਂ ਤੋਂ ਪੁੱਛਗਿੱਛ ਕੀਤੀ ਗਈ, ਜਿਸ ਦਾ ਜਵਾਬ ਤਸੱਲੀਬਖਸ਼ ਨਾ ਮਿਲਣ ’ਤੇ ਪ੍ਰਸ਼ਾਸਨ ਵੱਲੋਂ ਸੈਂਟਰ ਅੰਦਰ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਛੁੱਟੀ ਕਰਵਾ ਕੇ ਤੁਰੰਤ ਸੈਂਟਰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ। ਬਹੁਤ ਸਾਰੇ ਆਈਲੈਟਸ ਸੈਂਟਰਾਂ ਦੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਬਣਦੇ ਕਾਗਜ਼-ਪੱਤਰ ਪੂਰੇ ਨਾ ਪਾਏ ਜਾਣ ’ਤੇ ਉਨ੍ਹਾਂ ਨੂੰ ਜਲਦੀ ਪੂਰਾ ਕਰਨ ਦੀ ਅਪੀਲ ਵੀ ਕੀਤੀ ਅਤੇ ਜੇਕਰ ਫਿਰ ਵੀ ਉਕਤ ਸੈਂਟਰ ਸਰਕਾਰ ਦੀਆਂ ਹਦਾਇਤਾਂ ’ਤੇ ਪੂਰੇ ਨਾ ਉਤਰੇ ਤਾਂ ਤੁਰੰਤ ਬਣਦੀ ਕਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਨੂੰ ਲੈ ਕੇ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਨਵਾਂ ਹੁਕਮ

ਨਿਹਾਲ ਸਿੰਘ ਵਾਲਾ ਅੰਦਰ ਧੜੱਲੇ ਨਾਲ ਚੱਲ ਰਹੇ ਹਨ ਗੈਰ ਕਾਨੂੰਨੀ ਸੈਂਟਰ-ਨਿਹਾਲ ਸਿੰਘ ਵਾਲਾ ਸ਼ਹਿਰ ਅਤੇ ਇਸ ਹਲਕੇ ਦੇ ਕਈ ਪਿੰਡਾਂ ਅੰਦਰ ਵੀ ਗੈਰ ਕਾਨੂੰਨੀ ਢੰਗ ਨਾਲ ਧੜੱਲੇ ਨਾਲ ਆਈਲੈਟਸ ਅਤੇ ਇਮੀਗ੍ਰੇਸ਼ਨਾਂ ਸੈਂਟਰਾਂ ਦੀਆਂ ਬ੍ਰਾਂਚਾਂ ਖੋਲ੍ਹ ਕੇ ਕੰਮ ਨਾਲ ਕੀਤਾ ਜਾ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪ੍ਰਸ਼ਾਸਨ ਵੱਲੋਂ ਹਲਕੇ ਦੇ ਕੁਝ ਕੁ ਚੋਣਵੇ ਸੈਂਟਰਾਂ ਨੂੰ ਹੀ ਮਨਜ਼ੂਰੀ ਹਾਸਲ ਹੈ। ਜਦੋਂਕਿ ਸੈਂਕੜੇ ਸੈਂਟਰ ਬਗੈਰ ਮਨਜ਼ੂਰੀ ਦੇ ਗੈਰ ਕਾਨੂੰਨੀ ਢੰਗ ਨਾਲ ਚੱਲਦੇ ਹਨ। ਇੱਥੇ ਹੀ ਨਹੀਂ ਕੁਝ ਮਨਜ਼ੂਰਸ਼ਦਾ ਸੈਂਟਰਾਂ ਵਿਚ ਵੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂ ਰਹੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸੂਬਾ ਸਰਕਾਰ ਦਾ ਪ੍ਰਸ਼ਾਸਨ ਦੋ-ਚਾਰ ਦਿਨ ਦੀ ਛਾਪੇਮਾਰੀ ਕਰ ਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕਰੇਗਾ ਜਾਂ ਫਿਰ ਬੱਚਿਆਂ ਦੇ ਭਵਿੱਖ ਪ੍ਰਤੀ ਸੰਜੀਦਾ ਕਦਮ ਉਠਾਏ ਜਾਣਗੇ। ਇਸ ਸਬੰਧੀ ਵੱਖ-ਵੱਖ ਜਨਤਕ ਜਥੇਬੰਦੀਆਂ ਅਤੇ ਪਤਵੰਤਿਆਂ ਦਾ ਕਹਿਣਾ ਸੀ ਕਿ ਪੁਲਸ ਪ੍ਰਸ਼ਾਸਨ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਵਜਾਏ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਹੀ ਕਰ ਰਿਹਾ ਹੈ, ਕਿਉਂਕਿ ਗੈਰ ਕਾਨੂੰਨੀ ਢੰਗ ਨਾਲ ਚੱਲਦੇ ਕਿਸੇ ਸੈਂਟਰ ਖਿਲਾਫ਼ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਇਕ ਹੋਰ ਵੱਡੀ ਰਾਹਤ, ਇਹ ਮਸ਼ਹੂਰ ਟੋਲ ਪਲਾਜ਼ਾ ਅੱਜ ਤੋਂ ਹੋਇਆ ਬੰਦ

ਕੀ ਕਹਿਣੈ ਅਧਿਕਾਰੀਆਂ ਦਾ

ਇਸ ਮੌਕੇ ਤਹਿਸੀਲਦਾਰ ਗੁਰਮੁਖ ਸਿੰਘ ਅਤੇ ਡੀ. ਐੱਸ. ਪੀ. ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸੂਬੇ ਅੰਦਰ ਬਹੁਤ ਸਾਰੇ ਬੇਨਿਯਮਾਂ ਆਧਾਰਿਤ ਧੜਾ-ਧੜਾ ਖੁੱਲੇ ਹੋਏ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਸਖ਼ਤ ਹੈ। ਇਸ ਲਈ ਸੂਬਾ ਸਰਕਾਰ ਦੀਆਂ ਹਦਾਇਤਾਂ ’ਤੇ ਇਹ ਚੈਕਿੰਗ ਨਿਰੰਤਰ ਜਾਰੀ ਰੱਖੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ਅੰਦਰ ਬੱਚਿਆਂ ਦੇ ਭਵਿੱਖ ਨਾਲ ਖ਼ਿਲਵਾੜ ਨਾ ਹੋ ਸਕੇ। ਉਨ੍ਹਾਂ ਬੱਚਿਆਂ ਦਾ ਸਮੂਹ ਮਾਪਿਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚੇ ਨੂੰ ਕਿਸੇ ਵੀ ਆਈਲੈਟਸ ਸੈਂਟਰ ’ਚ ਪੜ੍ਹਾਉਣ ਤੋਂ ਪਹਿਲਾਂ ਉਸ ਦੀ ਸਹੀ ਰਜਿਸਟ੍ਰੇਸ਼ਨ ਅਤੇ ਕਾਗਜ਼ਾਂ ਦੀ ਜਾਂਚ-ਪੜਤਾਲ ਕਰ ਲੈਣ।

ਇਹ ਵੀ ਪੜ੍ਹੋ : ਪੰਜਾਬ ਦੇ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸਕੂਲਾਂ ਲਈ ਜਾਰੀ ਕੀਤੇ ਇਹ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Gurminder Singh

Content Editor

Related News