ਮੈਂ ਤੁਹਾਨੂੰ ਦੇਸ਼ ਨੂੰ ਬਚਾਉਣ ਦੀ ਅਪੀਲ ਕਰਨ ਆਇਆ ਹਾਂ : ਕੇਜਰੀਵਾਲ

Monday, May 27, 2024 - 05:03 PM (IST)

ਚੰਡੀਗੜ੍ਹ (ਅੰਕੁਰ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫ਼ਿਰੋਜ਼ਪੁਰ ’ਚ ਵਪਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਆੜ੍ਹਤੀਆਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਨੂੰ ਵਿਚੋਲਾ ਕਹਿੰਦੇ ਹਨ ਪਰ ਅਸੀਂ ਤੁਹਾਨੂੰ ਆਪਣੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨਦੇ ਹਾਂ। ਸਾਡੇ ਮਨ ’ਚ ਤੁਹਾਡੇ ਲਈ ਬਹੁਤ ਮਾਣ-ਸਨਮਾਨ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਵਿਕਾਸ ਲਈ ਕਿਸਾਨ ਤੇ ਮਜ਼ਦੂਰ ਅਹਿਮ ਹਨ, ਉਸੇ ਤਰ੍ਹਾਂ ਵਪਾਰੀ, ਕਾਰੋਬਾਰੀ ਅਤੇ ਉਦਯੋਗਪਤੀ ਵੀ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ’ਚ ਇੰਡਸਟਰੀ ਦੀ ਹਾਲਤ ਬਹੁਤ ਖ਼ਰਾਬ ਸੀ। ਪੰਜਾਬ ਦੀ ਇੰਡਸਟਰੀ 75 ਸਾਲਾਂ ਤੋਂ ਭਾਈ-ਭਤੀਜਾਵਾਦ ਦਾ ਸ਼ਿਕਾਰ ਰਹੀ ਹੈ। ਵਪਾਰੀ ਰਾਜ ਛੱਡ ਕੇ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਆਦਿ ਰਾਜਾਂ ’ਚ ਜਾ ਰਹੇ ਸਨ ਪਰ ਪਿਛਲੇ ਦੋ ਸਾਲਾਂ ਤੋਂ ਉਦਯੋਗਾਂ ਦਾ ਰਾਜ ਛੱਡਣ ਦਾ ਰੁਝਾਨ ਘੱਟ ਹੋ ਗਿਆ ਹੈ ਅਤੇ ਉਹ ਵਾਪਸ ਪੰਜਾਬ ਆ ਰਹੇ ਹਨ। ਪੰਜਾਬ ’ਚ ਦੋ ਸਾਲਾਂ ’ਚ 56,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਟਾਟਾ ਸਟੀਲ ਵਰਗੀ ਨਾਮਵਰ ਕੰਪਨੀ ਨੇ ਜਮਸ਼ੇਦਪੁਰ ਤੋਂ ਬਾਅਦ ਇੱਥੇ ਆਪਣਾ ਦੂਜਾ ਪਲਾਂਟ ਲਾਇਆ ਹੈ। ਜਰਮਨੀ ਤੇ ਨੀਦਰਲੈਂਡ ਵਰਗੇ ਦੇਸ਼ਾਂ ਦੀਆਂ ਕੰਪਨੀਆਂ ਵੀ ਪੰਜਾਬ ਆ ਰਹੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਿਛਲੇ ਦੋ ਸਾਲਾਂ ’ਚ ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ’ਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਇੱਥੇ ਵੱਡੀ ਗਿਣਤੀ ’ਚ ਉਦਯੋਗਾਂ ਦਾ ਸਥਾਪਤ ਹੋਣਾ ਇਸ ਗੱਲ ਨੂੰ ਸੱਚ ਸਾਬਤ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਅਹਿਮ ਖ਼ਬਰ, ਘਰ ਬੈਠੇ ਮਿਲੇਗੀ ਪੋਲਿੰਗ ਬੂਥ ’ਤੇ ਲੱਗੀਆਂ ਕਤਾਰਾਂ ਦੀ ਜਾਣਕਾਰੀ 

ਇਸ ਤੋਂ ਇਲਾਵਾ ਅਸੀਂ ਉਦਯੋਗਾਂ ਲਈ ਸਰਕਾਰੀ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਤੇ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਦੀਆਂ ਪ੍ਰੇਸ਼ਾਨੀਆਂ ਤੋਂ ਮੁਕਤ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ’ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਕਾਰਨ ਹੁਣ ਬਹੁਤ ਸਾਰਾ ਸਰਕਾਰੀ ਪੈਸਾ ਬਚ ਰਿਹਾ ਹੈ। ਉਸ ਪੈਸੇ ਨਾਲ ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾ ਰਹੇ ਹਾਂ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ’ਚ ਪੰਜਾਬ ਦੇ ਲੋਕਾਂ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ। ਇਸੇ ਲਈ ਅੱਜ ਮੈਂ ਦੇਸ਼ ਨੂੰ ਬਚਾਉਣ ਦੀ ਅਪੀਲ ਕਰਨ ਤੁਹਾਡੇ ਵਿਚਕਾਰ ਆਇਆ ਹਾਂ। ਅੱਜ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖ਼ਤਰੇ ’ਚ ਹੈ। ਇਸ ਨੂੰ ਬਚਾਉਣ ਲਈ ਤੁਹਾਨੂੰ ਦੁਬਾਰਾ ਅੱਗੇ ਆਉਣਾ ਪਵੇਗਾ। ਇਸ ਮੌਕੇ ‘ਆਪ’ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਫ਼ਿਰੋਜ਼ਪੁਰ ਤੋਂ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਵੀ ਹਾਜ਼ਰ ਸਨ।

ਇਹ ਖ਼ਬਰ ਵੀ ਪੜ੍ਹੋ : ਜਦੋਂ ਵੀ ਗੁਰਦਾਸਪੁਰ ’ਚ ਲੋਕ ਹੈਂਡਪੰਪ ਦੀ ਵਰਤੋਂ ਕਰਦੇ ਤਾਂ ਸੰਨੀ ਦਿਓਲ ਨੂੰ ਕੋਸਦੇ : ਭਗਵੰਤ ਮਾਨ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News