ਪਤੀ ਤੇ ਸਹੁਰੇ ਨੇ 3 ਦਿਨ ਬੰਧਕ ਬਣਾ ਕੇ ਕੀਤੀ ਕੁੱਟ-ਮਾਰ

02/19/2018 7:15:06 AM

ਸ਼ਾਹਕੋਟ, (ਤ੍ਰੇਹਨ, ਮਰਵਾਹਾ)– ਸਥਾਨਕ ਮਾਡਨ ਟਾਊਨ ਕਾਲੋਨੀ ਦੇ ਇਕ ਘਰ 'ਚ ਆਪਣੀ ਪਤਨੀ ਨੂੰ ਬੰਧਕ ਬਣਾ ਕੇ ਕੁੱਟ-ਮਾਰ ਕਰਨ ਦੇ ਦੋਸ਼ 'ਚ ਪੀੜਤਾ ਦੇ ਪਤੀ ਅਤੇ ਸਹੁਰੇ 'ਤੇ ਕੇਸ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਸਥਾਨਕ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਮੁਸਕਾਨ ਸ਼ਰਮਾ ਪਤਨੀ ਲਵਪ੍ਰੀਤ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਉਸ ਦਾ ਵਿਆਹ 29 ਜਨਵਰੀ 2017 ਨੂੰ ਲਵਪ੍ਰੀਤ ਸਿੰਘ ਨਾਲ ਹੋਇਆ ਸੀ। ਮੁਸਕਾਨ ਨੇ ਦੱਸਿਆ ਕਿ ਵਿਆਹ ਤੋਂ ਤੁਰੰਤ ਬਾਅਦ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਜ਼ਬਰਦਸਤੀ ਉਸ ਦਾ ਗਰਭਪਾਤ ਵੀ ਕਰਵਾ ਦਿੱਤਾ ਸੀ। ਉਸਨੇ ਦੋਸ਼ ਲਾਇਆ ਕਿ ਉਸ ਦੇ ਸਹੁਰਾ ਜੈ ਦੇਵ ਸਿੰਘ ਅਤੇ ਉਸ ਦੇ ਪਤੀ ਨੇ ਉਸ ਦਾ ਜਬਰ-ਜ਼ਨਾਹ ਵੀ ਕੀਤਾ ਸੀ, ਜਿਸ ਕਾਰਨ 2017 'ਚ ਮੇਰੇ ਸਹੁਰੇ ਤੇ ਪਤੀ ਦੇ ਖਿਲਾਫ ਪੁਲਸ ਥਾਣਾ ਸ਼ਾਹਕੋਟ 'ਚ ਕੇਸ ਵੀ ਦਰਜ ਹੋਇਆ ਸੀ। ਮੁਸਕਾਨ ਨੇ ਦੱਸਿਆ ਕਿ ਉਸ ਦਾ ਨਾ ਹੀ ਕੋਈ ਮਾਂ-ਬਾਪ ਹੈ ਤੇ ਨਾ ਹੀ ਕੋਈ ਭੈਣ-ਭਰਾ ਹੈ। ਉਹ 15 ਫਰਵਰੀ ਨੂੰ ਦਿੱਲੀ ਤੋਂ ਸ਼ਾਹਕੋਟ ਆਈ ਸੀ ਤੇ ਦੇਰ ਰਾਤ ਬੱਸ ਤੋਂ ਉੱਤਰਕੇ ਮਾਡਲ ਟਾਊਨ 'ਚ ਆਪਣੇ ਜਾਣਕਾਰ ਦੇ ਘਰ ਜਾ ਰਹੀ ਸੀ ਕਿ ਉਸ ਦੇ ਪਤੀ ਲਵਪ੍ਰੀਤ ਨੇ ਪਿੱਛਿਓਂ ਉਸ ਦੇ ਸਿਰ 'ਤੇ ਵਾਰ ਕੀਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ ਤੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਆਪਣੇ ਸਹੁਰਾ ਪਰਿਵਾਰ ਦੇ ਘਰ 'ਚ ਇਕ ਕਮਰੇ 'ਚ ਕੈਦ ਸੀ, ਉਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਮੂੰਹ 'ਚ ਕੱਪੜਾ ਤੁੰਨਿਆ ਹੋਇਆ ਸੀ।
ਉਸਨੇ ਦੋਸ਼ ਲਾਇਆ ਕਿ ਤਿੰਨ ਦਿਨ ਲਗਾਤਾਰ ਉਸਦਾ ਸਹੁਰਾ ਤੇ ਪਤੀ ਉਸ ਦੀ ਕੁੱਟ-ਮਾਰ ਕਰਦੇ ਰਹੇ। ਮੁਸਕਾਨ ਨੇ ਦੱਸਿਆ ਕਿ ਅੱਜ ਸਵੇਰੇ ਉਸ ਦੀ ਸੱਸ, ਸਹੁਰਾ ਤੇ ਉਸ ਦੇ ਪਤੀ ਕੋਠੇ 'ਤੇ ਉਸ ਦੇ ਕਮਰੇ 'ਚ ਆਏ ਤੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਾਂਦੇ ਹੋਏ ਗਲਤੀ ਨਾਲ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਛੱਡ ਗਏ। ਉਨ੍ਹਾਂ ਦੇ ਜਾਣ ਪਿਛੋਂ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਮੁਸਕਾਨ ਹੌਲੀ ਹੌਲੀ ਰਿੜ੍ਹ ਕੇ ਗੁਆਂਢੀ ਦੇਵੀ ਦਿਆਲ ਪੁੱਤਰ ਮੁੰਨੀ ਲਾਲ ਦੀ ਛੱਤ 'ਤੇ ਚਲੀ ਗਈ। ਗੁਆਂਢੀਆਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਸਥਾਨਕ ਪੁਲਸ ਥਾਣੇ ਦੇ ਮੁਖੀ ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਤੁਰੰਤ ਘਟਨਾ ਵਾਲੀ ਥਾਂ 'ਤੇ ਪੁੱਜੀ ਤੇ ਪੀੜਤਾ ਮੁਸਕਾਨ ਸ਼ਰਮਾ ਨੂੰ ਸਥਾਨਕ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਸਿੰਘ ਤੇ ਉਸ ਦੇ ਪਿਤਾ ਜੈ ਦੇਵ ਸਿੰਘ ਖਿਲਾਫ ਆਈ.ਪੀ.ਸੀ. ਦੀਆਂ ਧਾਰਾਵਾਂ 323, 324, 341, 342 ਅਤੇ 34 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸਿਵਲ ਹਸਪਤਾਲ 'ਚ ਡਾ. ਨਿਤਿਨ ਕੌਲ ਨੇ ਦੱਸਿਆ ਕਿ ਮੁਸਕਾਨ ਸ਼ਰਮਾ ਦੇ ਸਿਰ, ਪੇਟ, ਲੱਤਾਂ ਆਦਿ 'ਤੇ ਕਾਫੀ ਸੱਟਾਂ ਲੱਗੀਆਂ ਹਨ। ਫਿਲਹਾਲ ਪੀੜਤਾ ਦੀ ਹਾਲਤ ਖਤਰੇ 'ਚੋਂ ਬਾਹਰ ਹੈ।


Related News