ਪ੍ਰਿੰਸੀਪਲ, ਅਧਿਆਪਕਾਂ ਸਣੇ ਸਕੂਲ ਆਫ਼ ਐਮੀਨੈਂਸ ਦੀਆਂ ਸੈਂਕੜੇ ਅਸਾਮੀਆਂ ਖ਼ਾਲੀ

Monday, Apr 10, 2023 - 11:24 AM (IST)

ਪ੍ਰਿੰਸੀਪਲ, ਅਧਿਆਪਕਾਂ ਸਣੇ ਸਕੂਲ ਆਫ਼ ਐਮੀਨੈਂਸ ਦੀਆਂ ਸੈਂਕੜੇ ਅਸਾਮੀਆਂ ਖ਼ਾਲੀ

ਅੰਮ੍ਰਿਤਸਰ (ਦਲਜੀਤ)- ਪੰਜਾਬ ਸਰਕਾਰ ਦਾ ਡ੍ਰੀਮ ਪ੍ਰਾਜੈਕਟ ਸਕੂਲ ਆਫ਼ ਐਮੀਨੈਂਸ ਵਿਦਿਆਰਥੀਆਂ ਦੇ ਸੁਆਗਤ ਲਈ ਤਿਆਰ ਹੈ। ਇਸ ਸਮੇਂ ਇਨ੍ਹਾਂ ਸਕੂਲਾਂ ਵਿਚ ਅਧਿਆਪਕਾਂ, ਕਲੈਰੀਕਲ ਸਟਾਫ਼ ਤੇ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਹਨ।ਅਸਾਮੀਆਂ ਖਾਲੀ ਹੋਣ ਕਾਰਨ ਸਕੂਲ ਆਫ਼ ਐਮੀਨੈਂਸ ਦੇ ਉੱਤਮ ਹੋਣ ਦੇ ਦਾਅਵੇ ਨੂੰ ਗ੍ਰਹਿਣ ਲੱਗ ਰਿਹਾ ਹੈ। ਜ਼ਿਲ੍ਹਾ ਅੰਮ੍ਰਿਤਸਰ ਵਿਚ 11 ਕਰੋੜ ਦੀ ਲਾਗਤ ਵਾਲੇ ਚਾਰ ਸਕੂਲਾਂ ਦੀਆਂ ਇਮਾਰਤਾਂ ਬੇਸ਼ੱਕ ਆਪਣੀ ਪਛਾਣ ਜ਼ਰੂਰ ਬਣਾ ਰਹੀਆਂ ਹਨ ਪਰ ਇਨ੍ਹਾਂ ਸਕੂਲਾਂ ਵਿਚ ਖਾਲੀ ਪਈਆਂ ਟੀਚਿੰਗ ਅਤੇ ਨਾਨ-ਟੀਚਿੰਗ ਅਸਾਮੀਆਂ ਸ਼ੱਕ ਨੂੰ ਜਨਮ ਦੇ ਰਹੀਆਂ ਹਨ। ਇਸ ਸਮੇਂ ਚਾਰ ਹੋਰ ਸਕੂਲ ਆਫ਼ ਐਮੀਨੈਂਸ ਤਿਆਰ ਕੀਤੇ ਜਾ ਰਹੇ ਹਨ। ਦੂਜੇ ਪਾਸੇ ਨੌਵੀਂ ਜਮਾਤ ਦੀ ਰਜਿਸਟ੍ਰੇਸ਼ਨ ਅਤੇ ਦਾਖਲਾ ਪ੍ਰੀਖਿਆ ਖ਼ਤਮ ਹੋ ਚੁੱਕੀ ਹੈ। 11ਵੀਂ ਜਮਾਤ ਲਈ ਰਜਿਸਟ੍ਰੇਸ਼ਨ ਹੋਰ ਕੁਝ ਸਮੇਂ ਤੱਕ ਕੀਤੀ ਜਾਵੇਗੀ। ਨੌਵੀਂ ਜਮਾਤ ਲਈ ਕੁੱਲ 1755 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ 1309 ਵਿਦਿਆਰਥੀਆਂ ਨੇ ਦਾਖ਼ਲਾ ਪ੍ਰੀਖਿਆ ਦਿੱਤੀ ਸੀ। ਇਸੇ ਤਰ੍ਹਾਂ 11ਵੀਂ ਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ।

ਇਹ ਵੀ ਪੜ੍ਹੋ- ਤਰਨਤਾਰਨ ਤਾਇਨਾਤ ਥਾਣੇਦਾਰ ਨੇ ਖ਼ੁਦ ਨੂੰ ਗੋਲ਼ੀ ਮਾਰ ਰਚਿਆ ਡਰਾਮਾ, ਸੱਚਾਈ ਜਾਣ ਸਭ ਦੇ ਉੱਡੇ ਹੋਸ਼

ਜਾਣਕਾਰੀ ਅਨੁਸਾਰ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਦੇ 117 ਸੀਨੀਅਰ ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਵਿਚ ਤਬਦੀਲ ਕਰ ਦਿੱਤਾ ਹੈ। ਸਕੂਲ ਆਫ਼ ਐਮੀਨੈਂਸ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ 8 ਸਕੂਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਕੂਲਾਂ ਵਿਚ ਨਵਾਂ ਸੈਸ਼ਨ ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਸਕੂਲ ਆਫ਼ ਐਮੀਨੈਂਸ ਦਾ ਉਦੇਸ਼ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨਾ ਤੇ ਉਨ੍ਹਾਂ ਨੂੰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਨਾ ਹੈ। ਇਹ ਸਕੂਲ ਪੰਜ ਥੰਮ੍ਹਾਂ ’ਤੇ ਆਧਾਰਿਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਵਿਚ ਮਨੁੱਖੀ ਵਸੀਲੇ, ਪ੍ਰਬੰਧਨ, ਅਧਿਆਪਨ ਅਤੇ ਗੈਰ-ਅਧਿਆਪਨ ਅਮਲਾ ਸ਼ਾਮਲ ਹੈ। ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਸਕੂਲਾਂ ਦਾ ਚਾਰਜ ਸੰਭਾਲਣ ਲਈ ਸਕੂਲ ਆਫ਼ ਐਮੀਨੈਂਸ ਵਿਚ ਯੋਗ, ਕਾਬਲ, ਦੂਰਅੰਦੇਸ਼ੀ ਅਧਿਆਪਕ ਨਿਯੁਕਤ ਕੀਤੇ ਗਏ ਹਨ। ਸਕੂਲ ਆਫ਼ ਐਮੀਨੈਂਸ ਵਿਚ ਅਧਿਆਪਕਾਂ ਦੀਆਂ 18 ਫ਼ੀਸਦੀ ਅਸਾਮੀਆਂ ਖ਼ਾਲੀ ਹਨ। ਨਾਨ-ਟੀਚਿੰਗ ਸਟਾਫ਼ ਦੀਆਂ 46 ਫ਼ੀਸਦੀ ਅਸਾਮੀਆਂ ਖਾਲੀ ਹਨ। ਅੰਕੜਿਆਂ ਅਨੁਸਾਰ ਇਨ੍ਹਾਂ ਸਕੂਲਾਂ ਵਿਚ ਟੀਚਿੰਗ ਸਟਾਫ਼ ਦੀਆਂ 5303 ਅਸਾਮੀਆਂ ਹਨ, ਜਿਨ੍ਹਾਂ ਵਿਚੋਂ 987 ਖਾਲੀ ਹਨ।

ਪ੍ਰਿੰਸੀਪਲ ਦੇ 24 ਅਸਾਮੀਆਂ ਖ਼ਾਲੀ
ਲੈਕਚਰਾਰ ਦੀਆਂ 259 ਅਸਾਮੀਆਂ ਖ਼ਾਲੀ
ਮਾਸਟਰ ਕਾਡਰ ਦੀਆਂ 250 ਅਸਾਮੀਆਂ ਖ਼ਾਲੀ
ਕੰਪਿਊਟਰ ਫੈਕਲਟੀ ਦੀਆਂ 31ਅਸਾਮੀਆਂ ਖ਼ਾਲੀ
ਪੱਛੜੇ ਵਰਗਾਂ ਦੇ ਅਧਿਆਪਕ ਦੀਆਂ 71ਅਸਾਮੀਆਂ ਖ਼ਾਲੀ
ਵੋਕੇਸ਼ਨਲ ਮਾਸਟਰਜ਼ ਦੀਆਂ271ਅਸਾਮੀਆਂ ਖ਼ਾਲੀ
ਪ੍ਰਾਇਮਰੀ ਸਿੱਖਿਆ ਨਾਲ ਸਬੰਧਤ ਅਧਿਆਪਕਾਂ ਦੀਆਂ 45 ਅਸਾਮੀਆਂ ਖ਼ਾਲੀ
ਅੰਗਰੇਜ਼ੀ ਦੀਆਂ 50 ਅਸਾਮੀਆਂ ਖ਼ਾਲੀ
ਪੰਜਾਬੀ ਵਿਸ਼ੇ ਦੀਆਂ 47 ਅਸਾਮੀਆਂ ਖ਼ਾਲੀ
ਅਰਥ ਸ਼ਾਸਤਰ ਦੀਆਂ 12 ਅਸਾਮੀਆਂ ਖ਼ਾਲੀ
ਕਾਮਰਸ ਦੀਆਂ 28 ਅਸਾਮੀਆਂ ਖ਼ਾਲੀ
ਭੌਤਿਕ ਵਿਗਿਆਨ ਦੀਆਂ 25 ਅਸਾਮੀਆਂ ਖ਼ਾਲੀ
ਰਾਜਨੀਤੀ ਸ਼ਾਸਤਰ ਦੀਆਂ 26 ਅਸਾਮੀਆਂ ਖ਼ਾਲੀ
ਜੀਵ ਵਿਗਿਆਨ ਦੀਆਂ 22 ਅਸਾਮੀਆਂ ਖ਼ਾਲੀ
ਸਰੀਰਕ ਸਿੱਖਿਆ ਦੀਆਂ 26 ਅਸਾਮੀਆਂ ਖ਼ਾਲੀ
ਇਤਿਹਾਸ ਦੀਆਂ 21ਅਸਾਮੀਆਂ ਖ਼ਾਲੀ
ਗਣਿਤ ਦੀਆਂ 11 ਅਸਾਮੀਆਂ ਖਾਲੀ ਹਨ।

ਇਹ ਵੀ ਪੜ੍ਹੋ- ਗੁਰਦਾਸਪੁਰ: ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਮਸ਼ਹੂਰ ਜਹਾਜ਼ ਚੌਂਕ, ਕਿਸੇ ਸਮੇਂ ਹੁੰਦਾ ਸੀ ਸੈਲਫ਼ੀ ਪੁਆਇੰਟ

ਦੂਜੇ ਪਾਸੇ ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਸਕੂਲਾਂ ਵਿਚ ਚਾਲੀ ਕਿਲੋਮੀਟਰ ਦੇ ਦਾਇਰੇ ਵਿਚ ਪੈਂਦੇ ਸਕੂਲਾਂ ਵਿਚੋਂ ਅੱਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀ ਹੀ ਦਾਖ਼ਲਾ ਲੈਣ ਦੇ ਯੋਗ ਹਨ। 75% ਸੀਟਾਂ ਸਰਕਾਰੀ ਅਤੇ 25% ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਲਈ ਰਾਖਵੀਆਂ ਹਨ। ਗੁਰੂ ਕੀ ਨਗਰੀ ਦੇ ਸਿਰਫ਼ ਚਾਰ ਨਾਮਵਰ ਸਕੂਲਾਂ ਨੂੰ 11 ਕਰੋੜ ਰੁਪਏ ਖ਼ਰਚ ਕੇ ਸਕੂਲ ਆਫ਼ ਐਮੀਨੈਂਸ ਵਿਚ ਤਬਦੀਲ ਕੀਤਾ ਗਿਆ ਹੈ।

ਵਿਭਾਗ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਸਟਾਫ਼ ਪੂਰਾ ਕਰ ਦੇਵੇਗਾ : ਡੀ. ਈ. ਓ.

ਡੀ. ਈ. ਓ. ਸੈਕੰਡਰੀ ਜੁਗਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਲਈ ਪਹਿਲਾਂ ਹੀ ਤਿਆਰ ਹੈ। ਸੈਸ਼ਨ ਅਜੇ ਸ਼ੁਰੂ ਨਹੀਂ ਹੋਇਆ ਹੈ। ਇਸ ਸਮੇਂ 11ਵੀਂ ਜਮਾਤ ਲਈ ਰਜਿਸਟ੍ਰੇਸ਼ਨ ਚੱਲ ਰਹੀ ਹੈ। ਇਸ ਤੋਂ ਬਾਅਦ ਦਾਖਲਾ ਪ੍ਰੀਖਿਆ ਹੋਵੇਗੀ। ਇਨ੍ਹਾਂ ਸਕੂਲਾਂ ਵਿਚ ਸਟਾਫ਼ ਸਿੱਖਿਆ ਵਿਭਾਗ ਵੱਲੋਂ ਜਮਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News