ਦਿੱਲੀ ਜਾ ਰਹੇ ਸੈਕੜੇ ਕਿਸਾਨ ਪੁਲਸ ਨੇ ਕੀਤੇ ਗ੍ਰਿਫ਼ਤਾਰ, ਜੰਤਰ-ਮੰਤਰ ’ਤੇ ਕੇਂਦਰ ਨੇ ਲਾਈ ਧਾਰਾ 144

03/06/2024 11:33:45 PM

ਪਟਿਆਲਾ/ਸਨੌਰ (ਮਨਦੀਪ ਜੋਸਨ)– ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਤੇ ਕਿਸਾਨ ਮਜ਼ਦੂਰ ਮੋਰਚੇ ਵਲੋਂ ਦਿੱਲੀ ਕੂਚ ਦੀ ਦਿੱਤੀ ਕਾਲ ਤਹਿਤ ਅੱਜ ਦਿੱਲੀ ’ਚ ਵੱਖ-ਵੱਖ ਸੂਬਿਆਂ ਤੋਂ ਆ ਰਹੇ ਸੈਂਕੜੇ ਕਿਸਾਨਾਂ ਨੂੰ ਦਿੱਲੀ ਅੰਦਰ ਜਾਂ ਵੱਖ-ਵੱਖ ਸੂਬਿਆਂ ਦੇ ਰੇਲਵੇ ਸਟੇਸ਼ਨਾਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ੰਭੂ ਬਾਰਡਰ ’ਤੇ ਲੱਗੇ ਵਿਸ਼ਾਲ ਕਿਸਾਨ ਧਰਨੇ ’ਚ ਦੇਰ ਸ਼ਾਮ ਐੱਸ. ਕੇ. ਐੱਮ. ਐੱਨ. ਪੀ. ਤੇ ਕੇ. ਐੱਮ. ਐੱਮ. ਦੇ ਸੀਨੀਅਰ ਨੇਤਾ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਘੁੰਮਣ, ਅਮਰਜੀਤ ਰਾੜਾ, ਸਤਨਾਮ ਸਿੰਘ ਬਾਗੜੀਆ ਤੇ ਐਡਵੋਕੇਟ ਅਸ਼ੋਕ ਭਲਹਰਾ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀ ਦਿੱਲੀ ਵਿਖੇ ਨੋ ਐਂਟਰੀ ਕਰ ਦਿੱਤੀ ਹੈ। ਜਿਹੜੇ ਵੀ ਕਿਸਾਨ ਹੋਰ ਸੂਬਿਆਂ ਤੋਂ ਦਿੱਲੀ ਵੱਲ ਵੱਧ ਰਹੇ ਹਨ ਜਾਂ ਦਿੱਲੀ ਦੇ ਨੇੜਲੇ ਰੇਲਵੇ ਸਟੇਸ਼ਨਾਂ ’ਤੇ ਉਤਰੇ ਹਨ, ਉਨ੍ਹਾਂ ਨੂੰ ਪੁਲਸ ਨੇ ਉਥੇ ਹੀ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਕਾਰਨ ਦੇਸ਼ ਅੰਦਰ ਮੋਦੀ ਸਰਕਾਰ ਖ਼ਿਲਾਫ਼ ਰੋਸ ਪੈਦਾ ਹੋ ਗਿਆ ਹੈ।

ਕਿਸਾਨ ਨੇਤਾਵਾਂ ਨੇ ਕਿਹਾ ਕਿ ਯੂ. ਪੀ. ਦੇ ਫਿਰੋਜ਼ਾਬਾਦ ਤੋਂ ਚੱਲ ਕੇ ਰੇਲ ਰਾਹੀਂ ਮੰਡਲ ਆਰਮੀ ਦਾ ਇਕ ਜਥਾ 3:30 ਵਜੇ ਜੰਤਰ-ਮੰਤਰ ਪੁੱਜ ਚੁੱਕਾ ਹੈ। ਸਾਨੂੰ ਡਰ ਹੈ ਕਿ ਇਨ੍ਹਾਂ ਸਾਥੀਆਂ ਨੂੰ ਵੀ ਦਿੱਲੀ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਬਹਰਾ ਜ਼ਿਲੇ ਤੋਂ ਧਰਮਾਂ ਧਾਕੜ ਤੇ ਉਨ੍ਹਾਂ ਦੇ 50 ਸਾਥੀਆਂ ਨੂੰ ਰਾਜਸਥਾਨ ’ਚ ਭਾਜਪਾ ਦੀ ਰਾਜਸਥਾਨ ਪੁਲਸ ਨੇ ਕੱਲ ਰਾਤ ਹੀ ਡਿਟੇਨ ਕਰ ਲਿਆ ਸੀ। ਹਾਲੇ ਤੱਕ ਵੀ ਉਹ ਪੁਲਸ ਕਸਟਡੀ ’ਚ ਹਨ। ਰਾਜਸਥਾਨ ਦੇ ਹੀ ਬੂੰਦੀ ਜ਼ਿਲੇ ’ਚੋਂ ਕਿਸਾਨਾਂ ਦਾ ਜਥਾ, ਜੋ ਕਿ ਰੇਲ ਰਾਹੀਂ ਦਿੱਲੀ ਜਾ ਰਿਹਾ ਸੀ, ਨੂੰ ਸਵਾਈ ਮਾਧੋਪੁਰ ’ਚ ਭਾਜਪਾ ਦੀ ਰਾਜਸਥਾਨ ਪੁਲਸ ਨੇ ਉਤਾਰ ਕੇ ਡਿਟੇਨ ਕਰ ਲਿਆ। ਰਾਜਸਥਾਨ ਦੇ ਹੀ ਦੌਸਾ ਜ਼ਿਲੇ ’ਚੋਂ 3:30 ਵਜੇ ਕਿਸਾਨਾਂ ਦਾ ਇਕ ਜਥਾ ਦਿੱਲੀ ਲਈ ਰਵਾਨਾ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ 'ਚ ਹੋਈ ਵੱਡੀ ਵਾਰਦਾਤ, ਭੈਣ ਨੂੰ ਛੇੜਨ ਤੋਂ ਰੋਕਣ 'ਤੇ ਭਰਾ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ (ਵੀਡੀਓ)

ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲੇ ਤੇ ਦੱਖਣ ਭਾਰਤ ਤੋਂ ਆ ਰਹੀਆਂ ਕਿਸਾਨ ਜਥੇਬੰਦੀਆਂ ਤੇ ਲੀਡਰਸ਼ਿਪ ਸਾਹਿਬਾਨ ਨਾਲ ਹਾਲ ਦੀ ਘੜੀ ਕੋਈ ਸੰਪਰਕ ਨਹੀਂ ਬਣਾਇਆ ਜਾ ਸਕਿਆ ਕਿਉਂਕਿ ਪੁਲਸ ਕਿਸਾਨਾਂ ਦੇ ਘਰਾਂ ’ਚ ਵੀ ਛਾਪੇ ਮਾਰ ਰਹੀ ਹੈ। ਸਰਵਣ ਸਿੰਘ ਪੰਧੇਰ ਨੇ ਭਾਜਪਾ ਸਰਕਾਰ ਨੂੰ ਸਵਾਲ ਪੁੱਛਿਆ ਕਿ ਜੋ ਸਾਥੀ ਰੇਲ ਰਾਹੀਂ ਦਿੱਲੀ ਆਉਣਾ ਚਾਹ ਰਹੇ ਹਨ, ਉਨ੍ਹਾਂ ਨੂੰ ਭਾਜਪਾ ਸਰਕਾਰ ਨੇ ਦਿੱਲੀ ਪਹੁੰਚਣ ਕਿਉਂ ਨਹੀਂ ਦਿੱਤਾ? ਇਸ ਤੋਂ 2 ਚੀਜ਼ਾਂ ਸਾਫ਼ ਹੁੰਦੀਆਂ ਹਨ। ਇਕ ਤਾਂ ਸਰਕਾਰ ਕਿਸਾਨਾਂ ਨੂੰ ਦਿੱਲੀ ’ਚ ਆਉਣ ਨਹੀਂ ਦੇਣਾ ਚਾਹੁੰਦੀ, ਦੂਜੀ ਇਹ ਕਿ ਕਿਸਾਨ ਅੰਦੋਲਨ ਪੂਰੇ ਭਾਰਤ ’ਚ ਫੈਲਿਆ ਹੋਇਆ ਹੈ, ਨਾ ਕਿ ਸਿਰਫ਼ ਪੰਜਾਬ ’ਚ।

ਮੋਰਚੇ ਨੇ ਕਿਹਾ ਕਿ ਜਦੋਂ ਅਸੀਂ ਐਲਾਨ ਹੀ ਕਰ ਦਿੱਤਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਉਦੋਂ ਤੱਕ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਬੈਠੇ ਰਹਿਣਗੇ, ਜਦੋਂ ਤੱਕ ਸਰਕਾਰ ਰਾਹ ਨਹੀਂ ਖੋਲ੍ਹਦੀ ਤੇ ਉਨ੍ਹਾਂ ਨੂੰ ਦਿੱਲੀ ਨਹੀਂ ਜਾਣ ਦਿੰਦੀ ਤਾਂ ਫਿਰ ਜਿਹੜੇ ਸਾਥੀ ਦਿੱਲੀ ਪਹੁੰਚਣਾ ਚਾਹੁੰਦੇ ਸੀ, ਉਨ੍ਹਾਂ ਨੂੰ ਰੋਕਣਾ ਸਰਕਾਰ ਦੀ ਮਨਸ਼ਾ ਨੂੰ ਦਰਸਾਉਂਦਾ ਹੈ ਤੇ ਕਿਉਂ ਦਿੱਲੀ ਤੇ ਹਰਿਆਣੇ ਦੇ ਵਪਾਰੀ ਭਾਈਚਾਰੇ ਨੂੰ ਹਰਿਆਣੇ ਤੋਂ ਦਿੱਲੀ ਹਾਈਵੇ ਨੂੰ ਰੋਕ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਕਰਕੇ ਵਪਾਰੀਆਂ ਨੂੰ ਭਾਰਾ ਮਾਲੀ ਨੁਕਸਾਨ ਹੋ ਰਿਹਾ ਹੈ ਤੇ ਆਮ ਜਨਤਾ ਪ੍ਰੇਸ਼ਾਨ ਹੋ ਰਹੀ ਹੈ।

10 ਮਾਰਚ ਨੂੰ ਦੇਸ਼ ਭਰ ’ਚ ਰੋਕੀਆਂ ਜਾਣਗੀਆਂ ਟ੍ਰੇਨਾਂ, ਦੇਵੀਦਾਸ ਵਿਖੇ ਸਰਵਣ ਸਿੰਘ ਪੰਧੇਰ ਖ਼ੁਦ ਰੇਲ ਰੋਕਣਗੇ
ਕਿਸਾਨ ਨੇਤਾਵਾਂ ਨੇ ਆਖਿਆ ਕਿ 10 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਤੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਸਮੇਤ ਪੂਰੇ ਦੇਸ਼ ਭਰ ’ਚ ਟ੍ਰੇਨਾਂ ਰੋਕੇਗਾ। ਪੰਜਾਬ ’ਚ 22 ਜ਼ਿਲਿਆਂ ’ਚ ਟ੍ਰੇਨਾਂ ਰੋਕੀਆਂ ਜਾਣਗੀਆਂ। ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ 60 ਤੋਂ ਵੱਧ ਥਾਵਾਂ ’ਤੇ ਟ੍ਰੇਨਾਂ ਰੋਕੀਆਂ ਜਾਣਗੀਆਂ।

ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਹਰਿਆਣਾ ਦੇ ਰੋਹਤਕ ’ਚ ਅੱਜ ਇਕ ਸਰਬ ਖ਼ਾਪ ਪੰਚਾਇਤ ਹੋਈ, ਜਿਸ ਦੀ ਜਾਣਕਾਰੀ ਦਿੰਦਿਆਂ ਐਡਵੋਕੇਟ ਅਸ਼ੋਕ ਬੁਲਾਰਾ ਨੇ ਦੱਸਿਆ ਕਿ ਸਰਬ ਖ਼ਾਪ ਪੰਚਾਇਤ ਨੇ ਕਿਸਾਨ ਅੰਦੋਲਨ 2 ਦਾ ਸੰਪੂਰਨ ਸਮਰਥਨ ਕਰਨ ਦਾ ਫ਼ੈਸਲਾ ਲਿਆ ਹੈ। ਪੰਚਾਇਤ ਨੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ 10 ਦਿਨਾਂ ਅੰਦਰ ਸਰਕਾਰ ਕਿਸਾਨ ਸੰਘਰਸ਼ ਦਾ ਹੱਲ ਨਹੀਂ ਕਰਦੀ ਤਾਂ ਇਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਕੌਮਾਂਤਰੀ ਮਹਿਲਾ ਦਿਵਸ ’ਤੇ ਖਨੌਰੀ ਤੇ ਸ਼ੰਭੂ ਵਿਖੇ ਪੁੱਜਣਗੀਆਂ ਹਜ਼ਾਰਾਂ ਔਰਤਾਂ
ਕਿਸਾਨ ਨੇਤਾਵਾਂ ਨੇ ਆਖਿਆ ਕਿ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ’ਤੇ ਹਜ਼ਾਰਾਂ ਔਰਤਾਂ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਪੁੱਜਣਗੀਆਂ ਤੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਨਗੀਆਂ। ਉਨ੍ਹਾਂ ਆਖਿਆ ਕਿ ਹੁਣ ਕਿਸਾਨਾਂ ਦੇ ਸੰਘਰਸ਼ ’ਚ ਔਰਤਾਂ ਵੀ ਕੁੱਦ ਰਹੀਆਂ ਹਨ, ਜੋ ਸਰਕਾਰ ਦੇ ਨੱਕ ’ਚ ਦਮ ਕਰ ਦੇਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News