ਮਨੁੱਖੀ ਜਾਨ ਦਾ ਖੌਅ ਬਣੇ ਖੂੰਖਾਰ ਕੁੱਤੇ ਤੇ ਬੇਸਹਾਰਾ ਪਸ਼ੂ
Wednesday, Jan 03, 2018 - 07:34 AM (IST)
ਵਲਟੋਹਾ, (ਬਲਜੀਤ)- ਦਿਨ-ਬ-ਦਿਨ ਵਧ ਰਹੇ ਆਵਾਰਾ ਕੁੱਤਿਆਂ ਵੱਲੋਂ ਆਏ ਦਿਨ ਖੌਫਨਾਕ ਘਟਨਾਵਾਂ ਨੂੰ ਅੰਜਾਮ ਦੇਣ ਕਾਰਨ ਲੋਕਾਂ ਵਿਚ ਡਰ ਹੈ। ਇਨ੍ਹਾਂ ਖੂੰਖਾਰ ਕੁੱਤਿਆਂ ਪ੍ਰਤੀ ਪ੍ਰਸ਼ਾਸਨ ਅਤੇ ਸਰਕਾਰ ਕੁਝ ਨਹੀਂ ਕਰ ਰਹੀ। ਬੇਸ਼ੱਕ ਇੱਥੋਂ ਨੇੜਲੇ ਪਿੰਡ ਅਕਬਰਪੁਰਾ 'ਚ ਲਗਾਤਾਰ ਦੋ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਪ੍ਰਸ਼ਾਸਨ ਇਸ ਗੱਲ ਤੋਂ ਬੇਖੌਫ ਹੈ।
ਇਸ ਸਬੰਧੀ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਦਲਬੀਰ ਸਿੰਘ ਪੱਟੀ ਨੇ ਦੱਸਿਆ ਕਿ ਪਿੰਡਾਂ ਵਿਚ ਜੇਕਰ ਧਿਆਨ ਮਾਰਿਆ ਜਾਵੇ ਤਾਂ ਲੱਗਭਗ ਸਾਰੇ ਪਿੰਡਾਂ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਇੰਨੀ ਜ਼ਿਆਦਾ ਵਧ ਗਈ ਹੈ ਕਿ ਇਹ ਮਨੁੱਖੀ ਜੀਵਨ ਲਈ ਵੱਡਾ ਖਤਰਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਨਾਲ ਜੂਝ ਰਹੇ ਕਿਸਾਨਾਂ ਨੂੰ ਆਵਾਰਾ ਪਸ਼ੂਆਂ ਤੋਂ ਆਪਣੀ ਫਸਲ ਨੂੰ ਬਚਾਉਣ ਲਈ ਬੜੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਪਿੰਡ ਵਾਸੀਆਂ ਵੱਲੋਂ ਆਪਣੇ ਤੌਰ 'ਤੇ ਅਤੇ ਸਰਕਾਰ ਵੱਲੋਂ ਬਣਾਈਆਂ ਹੋਈਆਂ ਗਊਸ਼ਾਲਾਵਾਂ ਵੀ ਸਿਰਫ ਖਾਨਾਪੂਰਤੀ ਸਿੱਧ ਹੋ ਰਹੀਆਂ ਹਨ। ਸਮਾਜ ਸੇਵੀਆਂ ਨੇ ਨਵੇਂ ਸਾਲ ਵਿਚ ਸਰਕਾਰ ਤੋਂ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ।
