ਭਾਜਪਾ ਦਾ ਪੱਲਾ ਫੜ ਸਕਦੇ ਹਨ ਐੱਚ. ਐੱਸ. ਫੂਲਕਾ

01/08/2019 11:09:52 AM

ਜਲੰਧਰ (ਰਵਿੰਦਰ)— ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਪੰਜਾਬ ਦੀ ਸਿਆਸਤ ਰੰਗ ਬਦਲਣ ਲੱਗੀ ਹੈ। ਕਦੇ ਆਮ ਆਦਮੀ ਪਾਰਟੀ ਦਾ ਮਜ਼ਬੂਤ ਚਿਹਰਾ ਰਹੇ ਐੈੱਚ. ਐੈੱਸ. ਫੂਲਕਾ ਜਲਦੀ ਹੀ ਭਾਜਪਾ ਦਾ ਪੱਲਾ ਫੜ ਸਕਦੇ ਹਨ। 1984 ਦੰਗਿਆਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਨੇ ਫੂਲਕਾ ਅਤੇ ਭਾਜਪਾ ਦੀਆਂ ਨਜ਼ਦੀਕੀਆਂ ਵਧਾ ਦਿੱਤੀਆਂ ਹਨ। ਆਮ ਆਦਮੀ ਪਾਰਟੀ ਤੋਂ ਫੂਲਕਾ ਦਾ ਅਸਤੀਫਾ ਵੀ ਇਸ ਕੜੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਆਉਣ ਵਾਲੇ ਸਮੇਂ 'ਚ ਜੇਕਰ ਅਜਿਹਾ ਹੁੰਦਾ ਹੈ ਤਾਂ ਭਾਜਪਾ ਨੂੰ ਫੂਲਕਾ ਦੇ ਰੂਪ 'ਚ ਮਜ਼ਬੂਤ ਸਿੱਖ ਚਿਹਰਾ ਪੰਜਾਬ 'ਚ ਮਿਲ ਸਕਦਾ ਹੈ।

ਜ਼ਿਕਰਯੋਗ ਹੈ ਕਿ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਫੂਲਕਾ ਦਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ 'ਚ ਅਹਿਮ ਰੋਲ ਰਿਹਾ ਹੈ। ਸਿੱਖ ਸਮਾਜ ਦੇ ਇਕ ਖਾਸ ਤਬਕੇ 'ਚ ਫੂਲਕਾ ਦੀ ਚੰਗੀ ਪਛਾਣ ਹੈ। 2014 'ਚ ਉਹ ਆਮ ਆਦਮੀ ਪਾਰਟੀ ਦੀ ਸੀਟ ਤੋਂ ਲੋਕ ਸਭਾ ਦੀ ਚੋਣ ਲੜੇ ਸਨ ਪਰ ਹਾਰ ਗਏ ਸਨ। ਇਸ ਤੋਂ ਬਾਅਦ 2017 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਉਹ ਜਿੱਤ ਕੇ ਆਮ ਆਦਮੀ ਪਾਰਟੀ ਦੀ ਸੀਟ ਤੋਂ ਵਿਧਾਇਕ ਬਣੇ ਸਨ। ਕੁਝ ਦਿਨ ਪਹਿਲਾਂ ਹੀ ਫੂਲਕਾ ਨੇ ਨਾ ਸਿਰਫ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਵਿਧਾਨ ਸਭਾ ਸਪੀਕਰ ਨੂੰ ਭੇਜਿਆ ਸੀ, ਸਗੋਂ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਵੀ ਅਲਵਿਦਾ ਕਹਿ ਦਿੱਤਾ ਸੀ।

ਦੱਸਿਆ ਜਾਂਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਫੂਲਕਾ ਭਾਜਪਾ ਹਾਈਕਮਾਨ ਨਾਲ ਸਿੱਧੇ ਸੰਪਰਕ 'ਚ ਹਨ ਅਤੇ ਆਮ ਆਦਮੀ ਪਾਰਟੀ ਤੋਂ ਅਸਤੀਫੇ ਨੂੰ ਵੀ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸ਼ਨੀਵਾਰ ਨੂੰ ਵੀ ਫੂਲਕਾ ਦੀ ਭਾਜਪਾ ਦੇ ਕੁਝ ਆਗੂਆਂ ਅਤੇ ਰੇਲਵੇ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਹੋਈ ਹੈ। ਸੰਭਾਵਨਾ ਹੈ ਕਿ 2019 ਲੋਕ ਸਭਾ ਚੋਣਾਂ ਫੂਲਕਾ ਭਾਜਪਾ ਦੀ ਸੀਟ ਤੋਂ ਲੜ ਸਕਦੇ ਹਨ। ਅਸਲ 'ਚ ਜਦੋਂ ਤੋਂ ਭਾਜਪਾ ਨੇ 1984 ਦੰਗਿਆਂ ਨੂੰ ਲੈ ਕੇ ਦੋਬਾਰਾ ਐੱਸ. ਆਈ. ਟੀ. ਦਾ ਗਠਨ ਕੀਤਾ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਗੰਭੀਰਤਾ ਦਿਖਾਈ ਹੈ ਉਦੋਂ ਤੋਂ ਫੂਲਕਾ ਦੀਆਂ ਨਜ਼ਦੀਕੀਆਂ ਭਾਜਪਾ ਨਾਲ ਵਧਣ ਲੱਗੀਆਂ ਸਨ। ਭਾਜਪਾ ਵੀ ਪੰਜਾਬ 'ਚ 2022 ਚੋਣਾਂ ਤੋਂ ਪਹਿਲਾਂ ਸਿੱਖ ਚਿਹਰੇ ਦੇ ਰੂਪ 'ਚ ਇਕ ਮਜ਼ਬੂਤ ਲਾਬੀ ਚਾਹੁੰਦੀ ਹੈ। ਨਵਜੋਤ ਸਿੰਘ ਸਿੱਧੂ ਦੇ ਜਾਣ ਤੋਂ ਬਾਅਦ ਭਾਜਪਾ ਕੋਲ ਮਜ਼ਬੂਤ ਸਿੱਖ ਚਿਹਰੇ ਦੀ ਘਾਟ ਹੈ।

ਅਕਾਲੀਆਂ ਦੇ ਗਠਜੋੜ 'ਚ ਰਹਿੰਦਿਆਂ ਫੂਲਕਾ ਦਾ ਰਾਹ ਨਹੀਂ ਸੌਖਾ
ਐੱਚ. ਐੈੱਸ. ਫੂਲਕਾ ਸ਼ੁਰੂ ਤੋਂ ਹੀ ਅਕਾਲੀ ਦਲ ਦੀ ਰਾਜਨੀਤੀ ਤੋਂ ਨਾ-ਖੁਸ਼ ਰਹੇ ਹਨ ਅਤੇ ਖਾਸ ਤੌਰ 'ਤੇ ਬਾਦਲਾਂ ਤੋਂ। ਬਰਗਾੜੀ ਕਾਂਡ ਤੋਂ ਬਾਅਦ ਵੀ ਜਿਸ ਤਰ੍ਹਾਂ ਬਾਦਲ ਪਰਿਵਾਰ ਪੂਰੇ ਮੋਰਚੇ 'ਤੇ ਘਿਰਦਾ ਨਜ਼ਰ ਆ ਰਿਹਾ ਹੈ, ਉਸ ਨਾਲ ਐੱਚ. ਐੱਸ. ਫੂਲਕਾ ਗੱਠਜੋੜ ਦੇ ਹੁੰਦਿਆਂ ਭਾਜਪਾ ਵਿਚ ਆਉਣਾ ਸਹੀ ਨਹੀਂ ਸਮਝਣਗੇ। ਹੁਣ ਦੇਖਣਾ ਹੋਵੇਗਾ ਕਿ ਬਾਦਲਾਂ ਨਾਲ ਗਠਜੋੜ ਦੌਰਾਨ ਭਾਜਪਾ ਕਿਸ ਤਰ੍ਹਾਂ ਫੂਲਕਾ ਨਾਲ ਤਾਲਮੇਲ ਬਿਠਾ ਸਕੇਗੀ ਅਤੇ ਬਾਦਲਾਂ ਨਾਲ ਫੂਲਕਾ ਦਾ ਕੀ ਰੁਖ ਹੋਵੇਗਾ।


shivani attri

Content Editor

Related News