ਗੁਜਰਾਤ ’ਚ ਭਗਵੰਤ ਮਾਨ ਦੀ ਚੋਣ ਪ੍ਰਚਾਰ ’ਚ ਕਿੰਨੀ ਹੈ ਅਹਿਮੀਅਤ!

Wednesday, Nov 16, 2022 - 11:16 AM (IST)

ਗੁਜਰਾਤ ’ਚ ਭਗਵੰਤ ਮਾਨ ਦੀ ਚੋਣ ਪ੍ਰਚਾਰ ’ਚ ਕਿੰਨੀ ਹੈ ਅਹਿਮੀਅਤ!

ਜਲੰਧਰ (ਨੈਸ਼ਨਲ ਡੈਸਕ-ਭਾਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬਾ ਕਾਂਗਰਸ ਵੱਲੋਂ ਕਾਨੂੰਨ-ਵਿਵਸਥਾ ਨੂੰ ਲੈ ਕੇ ਵਾਰ-ਵਾਰ ਘੇਰਿਆ ਜਾ ਰਿਹਾ ਹੈ। ਕਾਂਗਰਸੀ ਆਗੂ ਦੋਸ਼ ਲਗਾ ਰਹੇ ਹਨ ਕਿ ਉਹ ਗੁਜਰਾਤ ਚੋਣ ਰੈਲੀਆਂ 'ਚ ਰੁੱਝੇ ਹੋਏ ਹਨ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਆਮ ਆਦਮੀ ਪਾਰਟੀ ਦੇ ਉਨ੍ਹਾਂ ਕੌਮੀ ਚਿਹਰਿਆਂ ’ਚੋਂ ਇਕ ਹਨ, ਜਿਨ੍ਹਾਂ ਨੂੰ ਭਾਰਤ ਦੇ ਲੋਕ ਪਛਾਣਦੇ ਹਨ। ਇਹੀ ਕਾਰਨ ਹੈ ਕਿ ਮਾਨ 'ਤੇ ਆਮ ਆਦਮੀ ਪਾਰਟੀ ਭਰੋਸਾ ਕਰ ਰਹੀ ਹੈ। ਮਾਨ ਪੰਜਾਬ ਚੋਣਾਂ ’ਚ ਪਾਰਟੀ ਲਈ ਇਕ ਅਣਥੱਕ ਪ੍ਰਚਾਰਕ ਸਨ, ਜੋ ਵੋਟਰਾਂ ਨੂੰ ਲੁਭਾਉਂਦੇ ਸਨ ਅਤੇ ਇਕ ਦਿਨ ’ਚ 10 ਰੈਲੀਆਂ ਕਰਦੇ ਸਨ।

ਗੁਜਰਾਤ ’ਚ ਲਗਭਗ 50,000 ਸਿੱਖ ਆਬਾਦੀ

ਪੰਜਾਬ ’ਚ ‘ਆਪ’ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਮਾਨ ਗੁਜਰਾਤ ’ਚ ਸਿਰਫ਼ ਰੋਡ ਸ਼ੋਅ ਕੱਢ ਰਹੇ ਰਹੇ ਹਨ ਅਤੇ ਹਫ਼ਤੇ ਦੇ ਅੰਤ ’ਚ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਹਨ ਪਰ 20 ਨਵੰਬਰ ਤੋਂ ਬਾਅਦ ਪਾਰਟੀ ਗੁਜਰਾਤ ’ਚ ਆਪਣੀ ਮੁਹਿੰਮ ਤੇਜ਼ ਕਰੇਗੀ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਭਾਸ਼ਾ ਦੀ ਰੁਕਾਵਟ ਦੇ ਕਾਰਨ ‘ਆਪ’ ਦੀ ਇਹ ਰਣਨੀਤੀ ਕਿੰਨੀ ਸਫ਼ਲ ਹੋਵੇਗੀ ਇਹ ਅਜੇ ਕਹਿਣਾ ਜਲਦਬਾਜ਼ੀ ਹੋਵੇਗਾ, ਕਿਉਂਕਿ ਗੁਜਰਾਤ ’ਚ ਲਗਭਗ 50,000 ਦੀ ਹੀ ਸਿੱਖ ਆਬਾਦੀ ਹੈ, ਜੋ ਕੱਛ, ਵਡੋਦਰਾ ਅਤੇ ਸੂਰਤ ਦੇ ਗਾਂਧੀਧਾਮ, ਲਖਪਤ ਖੇਤਰਾਂ ’ਚ ਕੇਂਦਰਿਤ ਹੈ। ਜਿਨ੍ਹਾਂ ’ਚੋਂ ਕੁਝ ਨੂੰ ਮਾਨ ਨੇ ਆਪਣੀ ਮੁਹਿੰਮ ’ਚ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਉਹ ਭਾਵਨਗਰ, ਅਹਿਮਦਾਬਾਦ, ਜਾਮਨਗਰ, ਵਲਸਾਡ, ਨਵਸਾਰੀ ਅਤੇ ਵਾਪੀ ’ਚ ਵੀ ਸਿੱਖ ਫੈਲੇ ਹੋਏ ਹਨ।

ਇਹ ਵੀ ਪੜ੍ਹੋ : ਰੂਪਨਗਰ ਵਿਖੇ ਵਾਪਰੀ ਵੱਡੀ ਘਟਨਾ, ਚਾਈਨਾ ਡੋਰ ਨਾਲ ਗਲਾ ਵੱਢਣ ਕਾਰਨ 13 ਸਾਲਾ ਮੁੰਡੇ ਦੀ ਮੌਤ

ਕੇਜਰੀਵਾਲ ਤੋਂ ਬਾਅਦ ਮਾਨ ਸਟਾਰ ਪ੍ਰਚਾਰਕ

ਅਹਿਮਦਾਬਾਦ ’ਚ ਗੁਰਦੁਆਰਾ ਗੋਬਿੰਦ ਧਾਮ ਦੇ ਸਾਬਕਾ ਪ੍ਰਧਾਨ ਜਸਬੀਰ ਮਖੀਜਾ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਗੁਜਰਾਤ ’ਚ ਸਿੱਖ ਆਬਾਦੀ ‘ਆਪ’ ਨੂੰ ਨਹੀਂ ਬਲਕਿ ਭਾਜਪਾ ਦਾ ਸਮਰਥਨ ਕਰ ਰਹੀ ਹੈ। ‘ਆਪ’ ਆਗੂਆਂ ਦੀਆਂ ਜਨਤਕ ਮੀਟਿੰਗਾਂ ’ਚ ਮਾਨ ਦੇ ਭਾਰੀ ਪੰਜਾਬੀ ਲਹਿਜ਼ੇ ਕਾਰਨ ਵੋਟਰਾਂ ਨੂੰ ਉਨ੍ਹਾਂ ਦੀ ਹਿੰਦੀ ਸਮਝਣ ’ਚ ਦਿੱਕਤ ਆਉਂਦੀ ਹੈ। ‘ਆਪ’ ਦੇ ਇਕ ਆਗੂ ਦਾ ਕਹਿਣਾ ਹੈ ਕਿ ਪਾਰਟੀ ਲਈ ਮਾਨ ਦੀ ਅਹਿਮੀਅਤ ਬਹੁਤ ਡੂੰਘੇ ਪੱਧਰ ’ਤੇ ਹੈ। ਕੇਜਰੀਵਾਲ ਤੋਂ ਬਾਅਦ ਮਾਨ ਪਾਰਟੀ ਲਈ ਇਕ ਬਰਾਂਡ ਅੰਬੈਸਡਰ ਦੇ ਵਾਂਗ ਹਨ, ਜਿਨ੍ਹਾਂ ਨੇ ਸੱਤਾ ’ਚ ਆਉਣ ਦੇ 6 ਮਹੀਨਿਆਂ ’ਚ ਹੀ ਪੰਜਾਬ ’ਚ ਕੰਮ ਕੀਤਾ ਹੈ। ਜਦੋਂ ਮਾਨ ਜਾ ਕੇ ਵੋਟਰਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਨੌਕਰੀਆਂ ਦਿੱਤੀਆਂ ਹਨ, ਪੁਰਾਣੀ ਪੈਨਸ਼ਨ ਸਕੀਮ (ਓ. ਪੀ. ਐੱਸ.) ਦੀ ਬਹਾਲੀ ਦਾ ਐਲਾਨ ਕੀਤਾ ਹੈ ਅਤੇ 300 ਯੂਨਿਟ ਮੁਫਤ ਬਿਜਲੀ ਦਿੱਤੀ ਹੈ, ਤਾਂ ਇਹ ਮਾਇਨੇ ਰੱਖਦਾ ਹੈ। ‘ਆਪ’ ਆਗੂ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਨੂੰ ਵੀ ਨਿਸ਼ਾਨੇ ’ਤੇ ਲੈ ਰਹੇ ਹਨ ਅਤੇ ਗੁਜਰਾਤ ’ਚ ਉਸ ਦੀ ਲੋੜ ਹੈ।

ਜਦੋਂ ਮਾਨ ਬੋਲੇ-ਸਿਆਸਤਦਾਨ ਨਹੀਂ ਬਣਨਾ ਚਾਹੁੰਦੇ ਸਨ

ਆਗੂ ਕਹਿੰਦੇ ਹਨ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਾਸ਼ਾ ਦੀ ਰੁਕਾਵਟ ਦੇ ਬਾਵਜੂਦ ਮਾਨ ਕੋਲ ਲੋਕਾਂ ਨਾਲ ਜੁੜਨ ਦਾ ਹੁਨਰ ਹੈ। ਹਾਲ ਹੀ ’ਚ ਉਨ੍ਹਾਂ ਨੇ ਰਵਾਇਤੀ ਪਾਰਟੀਆਂ ਦੇ ਨੇਤਾਵਾਂ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਕਿ ਉਹ ਇਕ ਟੀ. ਵੀ. ਸ਼ਖਸੀਅਤ ਬਣ ਕੇ ਸੰਤੁਸ਼ਟ ਹਨ ਅਤੇ ਸਿਆਸਤਦਾਨ ਨਹੀਂ ਬਣਨਾ ਚਾਹੁੰਦੇ ਪਰ ਸਿਸਟਮ ਨੂੰ ਬਦਲਣ ਲਈ ਅਜਿਹਾ ਕਰਨਾ ਪਿਆ। ਉਨ੍ਹਾਂ ਦੇ ਭਾਸ਼ਣ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ‘ਆਪ’ ਇਸ ਗੱਲ ਨੂੰ ਵੀ ਉਜਾਗਰ ਕਰਦੀ ਰਹੀ ਹੈ ਕਿ ਉਸ ਨੇ ਮਾਨ ਨੂੰ ਇਕ ਜਨਤਕ ਵੋਟ ਰਾਹੀਂ ਚੁਣਿਆ, ਜਿਵੇਂ ਉਨ੍ਹਾਂ ਨੇ ਗੁਜਰਾਤ ’ਚ ਕੀਤਾ ਸੀ। ਆਪਣੇ ਭਾਸ਼ਣਾਂ ’ਚ ਮਾਨ ਨੇ ਕ੍ਰਾਂਤੀਕਾਰੀ ਨੇਤਾ ਅਤੇ ਆਦਰਸ਼ ਭਗਤ ਸਿੰਘ ਨੂੰ ਸੱਦਾ ਦਿੱਤਾ ਅਤੇ ਨੌਜਵਾਨਾਂ ਨੂੰ ਆਜ਼ਾਦੀ ਘੁਲਾਟੀਆਂ ਦੀ ਨਕਲ ਕਰਨ ਦੀ ਅਪੀਲ ਕੀਤੀ। ਨਵਰਾਤਰੀ ਤਿਉਹਾਰ ਦੌਰਾਨ ਉਨ੍ਹਾਂ ਨੇ ਕੇਜਰੀਵਾਲ ਨਾਲ ਰਾਜਕੋਟ ’ਚ ਇਕ ਗਰਬਾ ’ਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਪੰਜਾਬ ਮੁਹਿੰਮ ਵਾਂਗ ਕੰਮ ਕੀਤਾ। ਮਾਨ ਨੇ ਗੁਜਰਾਤ ਦੇ ਕੱਛ, ਜੂਨਾਗੜ੍ਹ, ਸੁਰੇਂਦਰਨਗਰ, ਸਾਬਰਕਾਂਠਾ, ਦਾਹੋਦ, ਵਡੋਦਰਾ, ਵਲਸਾਡ, ਸੂਰਤ, ਪੰਚਮਹਲ, ਬਨਾਸਕਾਂਠਾ, ਨਵਸਾਰੀ ਅਤੇ ਭਰੂਚ ਜ਼ਿਲਿਆਂ ’ਚ ਪ੍ਰਚਾਰ ਕੀਤਾ। ਚੋਣਾਂ ਦੀਆਂ ਤਾਰੀਖ਼ਾਂ ਦੇ ਐਲਾਨ ਤੋਂ ਬਾਅਦ ਮੁਸਲਿਮ ਬਹੁਗਿਣਤੀ ਵੋਟਰ ਖੇਤਰਾਂ ’ਚ ਆਪਣਾ ਪਹਿਲਾ ਰੋਡ ਸ਼ੋਅ ਕੀਤਾ, ਜਿੱਥੇ ਦੰਗਾ ਪੀੜਤ ਲੋਕ ਸਨ।

ਇਹ ਵੀ ਪੜ੍ਹੋ : ਪੰਜਾਬ ’ਚ ਦੰਗਿਆਂ ਦੀ ਸਾਜ਼ਿਸ਼ ਰਚ ਰਹੀ ਹੈ ਪਾਕਿਸਤਾਨੀ ISI, ਕਈ ਹਿੰਦੂ ਨੇਤਾ ਅੱਤਵਾਦੀਆਂ ਦੇ ਨਿਸ਼ਾਨੇ ’ਤੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

shivani attri

Content Editor

Related News