ਹੋਟਲਾਂ ਤੇ ਸਾਈਬਰ ਕੈਫਿਆਂ ਲਈ ਜ਼ਿਲਾ ਮੈਜਿਸਟ੍ਰੇਟ ਵੱਲੋਂ ਕੀਤੇ ਗਏ ਵੱਖ-ਵੱਖ ਹੁਕਮ ਜਾਰੀ

Monday, Sep 25, 2017 - 12:25 PM (IST)

ਹੋਟਲਾਂ ਤੇ ਸਾਈਬਰ ਕੈਫਿਆਂ ਲਈ ਜ਼ਿਲਾ ਮੈਜਿਸਟ੍ਰੇਟ ਵੱਲੋਂ ਕੀਤੇ ਗਏ ਵੱਖ-ਵੱਖ ਹੁਕਮ ਜਾਰੀ

ਕਪੂਰਥਲਾ(ਮਲਹੋਤਰਾ)— ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ਼੍ਰੀ ਮੁਹੰਮਦ ਤਈਅਬ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ 'ਚ ਪੈਂਦੇ ਸਮੂਹ ਸਾਈਬਰ ਕੈਫੇ/ਐੱਸ. ਟੀ. ਡੀ., ਪੀ. ਸੀ. ਓ./ਹੋਟਲ ਮਾਲਕਾਂ ਲਈ ਵੱਖ-ਵੱਖ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਅਦਾਰਿਆਂ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣਗੇ, ਜਿਨ੍ਹਾਂ 'ਚ ਪਿਛਲੇ 7 ਦਿਨਾਂ ਦੀ ਰਿਕਾਰਡਿੰਗ ਦੀ ਸਹੂਲਤ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਵਿਅਕਤੀ, ਜਿਸ ਦੀ ਪਛਾਣ ਉਕਤ ਅਦਾਰੇ ਦੇ ਮਾਲਕ/ਮੈਨੇਜਰ ਵੱਲੋਂ ਨਾ ਕੀਤੀ ਗਈ ਹੋਵੇ, ਉਹ ਅਦਾਰੇ ਦੀ ਵਰਤੋਂ ਨਹੀਂ ਕਰੇਗਾ। ਇਸ ਤੋਂ ਇਲਾਵਾ ਸਾਈਬਰ ਕੈਫੇ/ਹੋਟਲ ਆਦਿ ਦੇ ਮਾਲਕ ਆਉਣ ਵਾਲੇ ਵਿਅਕਤੀ ਦੇ ਅੰਦਰਾਜ ਸਬੰਧੀ ਰਜਿਸਟਰ ਲਗਾਉਣਗੇ। 
ਕੈਫੇ ਦੀ ਵਰਤੋਂ ਕਰਨ ਵਾਲੇ ਰਜਿਸਟਰ 'ਚ ਆਪਣੀ ਹੱਥ ਲਿਖਤ ਨਾਲ ਆਪਣਾ ਨਾਮ, ਪੱਕਾ ਪਤਾ, ਟੈਲੀਫੋਨ ਨੰਬਰ ਅਤੇ ਸ਼ਨਾਖਤ ਲਿਖਣਗੇ ਅਤੇ ਰਜਿਸਟਰ 'ਤੇ ਆਪਣੇ ਦਸਤਖਤ ਵੀ ਕਰਨਗੇ। ਕੈਫੇ ਜਾਂ ਹੋਟਲ 'ਚ ਆਉਣ ਵਾਲੇ ਦੀ ਸ਼ਨਾਖਤ ਆਧਾਰ ਕਾਰਡ, ਸ਼ਨਾਖਤੀ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਫੋਟੋ ਵਾਲੇ ਕ੍ਰੈਡਿਟ ਕਾਰਡ ਰਾਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਰਵਰ 'ਤੇ ਕੀਤੀ ਗਈ ਕਾਰਵਾਈ ਇਕ ਮੇਨ ਸਰਵਰ 'ਤੇ ਰੱਖੀ ਜਾਵੇਗੀ, ਜਿਸ ਦਾ ਰਿਕਾਰਡ ਘੱਟੋ-ਘੱਟ 6 ਮਹੀਨੇ ਲਈ ਰੱਖਿਆ ਜਾਵੇਗਾ। ਜੇਕਰ ਕਿਸੇ ਵਿਅਕਤੀ ਦੀ ਕਾਰਵਾਈ ਸ਼ੱਕੀ ਜਾਪੇ ਤਾਂ ਸਬੰਧਤ ਮਾਲਕ ਇਸ ਦੀ ਸੂਚਨਾ ਤੁਰੰਤ ਸਬੰਧਤ ਪੁਲਸ ਥਾਣੇ ਨੂੰ ਦੇਵੇਗਾ। ਇਸ ਤੋਂ ਇਲਾਵਾ ਉਸ ਵਿਅਕਤੀ ਵੱਲੋਂ ਵਰਤੋਂ 'ਚ ਲਿਆਂਦੇ ਗਏ ਕੰਪਿਊਟਰ ਦਾ ਰਿਕਾਰਡ ਮੇਨਟੇਨ ਕਰਨ ਲਈ ਵੀ ਕਿਹਾ ਗਿਆ ਹੈ। ਇਹ ਹੁਕਮ 20 ਨਵੰਬਰ 2017 ਤੱਕ ਲਾਗੂ ਰਹਿਣਗੇ।


Related News