ਹਸਪਤਾਲ ਰੋਡ ''ਤੇ ਟ੍ਰੈਫਿਕ ਸਮੱਸਿਆ ਗੰਭੀਰ

Sunday, Apr 08, 2018 - 02:55 PM (IST)

ਹਸਪਤਾਲ ਰੋਡ ''ਤੇ ਟ੍ਰੈਫਿਕ ਸਮੱਸਿਆ ਗੰਭੀਰ

ਰੂਪਨਗਰ (ਕੈਲਾਸ਼)— ਹਸਪਤਾਲ ਰੋਡ 'ਤੇ ਰੋਜ਼ਾਨਾ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਸ਼ਹਿਰ ਵਾਸੀ ਕਾਫੀ ਪਰੇਸ਼ਾਨ ਹਨ ਅਤੇ ਬੀਤੇ ਲੰਬੇ ਸਮੇਂ ਤੋਂ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਇਸ ਦਾ ਖਮਿਆਜ਼ਾ ਰਾਹਗੀਰਾਂ ਨੂੰ ਹਾਦਸਿਆਂ ਦਾ ਸ਼ਿਕਾਰ ਹੋ ਕੇ ਭੁਗਤਣਾ ਪੈ ਰਿਹਾ ਹੈ। 
ਇਸ ਤੋਂ ਇਲਾਵਾ ਹਸਪਤਾਲ ਪਹੁੰਚਣ ਅਤੇ ਹੋਰ ਸਥਾਨਾਂ 'ਤੇ ਜਾਣ ਵਾਲੀ ਐਂਬੂਲੈਂਸ ਵੀ ਟ੍ਰੈਫਿਕ ਜਾਮ ਦੌਰਾਨ ਫਸੀ ਦੇਖੀ ਗਈ ਅਤੇ ਅਜਿਹੇ ਹਾਲਾਤ ਰੋਗੀ ਦੀ ਜਾਨ ਨੂੰ ਜੋਖਮ 'ਚ ਪਾਉਣ ਦਾ ਕੰਮ ਕਰਦੇ ਹਨ। ਜਾਣਕਾਰੀ ਅਨੁਸਾਰ ਉਂਝ ਤਾਂ ਟ੍ਰੈਫਿਕ ਸਮੱਸਿਆ ਪੂਰੇ ਸ਼ਹਿਰ 'ਚ ਆਪਣਾ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਪਰ ਹਸਪਤਾਲ ਰੋਡ 'ਤੇ ਲੱਗਣ ਵਾਲੇ ਟ੍ਰੈਫਿਕ ਜਾਮ ਮਰੀਜ਼ਾਂ ਤੇ ਆਸ-ਪਾਸ ਦੇ ਦੁਕਾਨਦਾਰਾਂ ਦੀ ਸਮੱਸਿਆ ਵਧਾਉਣ ਦਾ ਕੰਮ ਕਰਦੇ ਹਨ ਕਿਉਂਕਿ ਜਾਮ ਦੌਰਾਨ ਟ੍ਰੈਫਿਕ ਦੇ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਵਾਈ ਦੀਆਂ ਦੁਕਾਨਾਂ ਤੱਕ ਪਹੁੰਚਣ 'ਚ ਪਰੇਸ਼ਾਨੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਦੁਕਾਨਦਾਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਹਿਰ ਦੀ ਤੰਗ ਹਸਪਤਾਲ ਰੋਡ 'ਤੇ ਵਾਹਨ ਪਾਰਕਿੰਗ ਦੀ ਪਾਬੰਦੀ ਲਾਈ ਗਈ ਹੈ ਪਰ ਕਾਰਵਾਈ ਨਾ ਹੋਣ ਕਾਰਨ ਸਮੱਸਿਆ ਬਣੀ ਹੋਈ ਹੈ। 

PunjabKesari
ਕੀ ਕਹਿੰਦੇ ਨੇ ਟ੍ਰੈਫਿਕ ਪੁਲਸ ਅਧਿਕਾਰੀ
ਟ੍ਰੈਫਿਕ ਸਿਟੀ ਪੁਲਸ ਇੰਚਾਰਜ ਬਲਵੀਰ ਸਿੰਘ ਨੇ ਪੈਟਰੋਲਿੰਗ ਦਸਤੇ ਦੀ ਗਸ਼ਤ ਨਾ ਹੋਣ ਸਬੰਧੀ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸਬੰਧਤ ਜਿਪਸੀ ਖਰਾਬ ਹੋ ਜਾਣ ਕਾਰਨ ਉਸ ਨੂੰ ਮੁਰੰਮਤ ਲਈ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਮੋਹਾਲੀ 'ਚ ਹੋ ਰਹੇ ਕ੍ਰਿਕਟ ਮੈਚ ਦੇ ਕਾਰਨ ਪੁਲਸ ਫੋਰਸ ਨੂੰ ਉਕਤ ਸਥਾਨ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਉਹ ਖੁਦ ਉਕਤ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਗਸ਼ਤ ਕਰ ਰਹੇ ਹਨ ਤਾਂ ਕਿ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।


Related News