ਪੰਜਾਬ ਦੇ ਮੈਡੀਕਲ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਹਸਪਤਾਲ ’ਚ ਮਿਲੇਗੀ ਸਹੂਲਤ
Saturday, Feb 01, 2025 - 01:02 PM (IST)
ਅੰਮ੍ਰਿਤਸਰ (ਦਲਜੀਤ)- ਸਿਹਤ ਵਿਭਾਗ ਅਧੀਨ ਚੱਲਣ ਵਾਲੇ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਹੁਣ ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਮੈਡੀਕਲ ਵਿਸ਼ੇ ਨਾਲ ਸਬੰਧਤ ਪੜ੍ਹਾਈ ਵੀ ਕਰਵਾਈ ਜਾ ਰਹੀ ਹੈ। ਸਰਕਾਰੀ ਮੈਡੀਕਲ ਕਾਲਜਾਂ ਵਾਂਗ ਐੱਮ. ਬੀ. ਬੀ. ਐੱਸ. ਦੇ ਵਿਦਿਆਰਥੀ ਉਚੇਰੀ ਪੜ੍ਹਾਈ ਲਈ ਸਿਵਲ ਹਸਪਤਾਲ ਵਿਚ ਡੀ. ਐੱਨ. ਬੀ. ਕੋਰਸ ਵਿਚ ਦਾਖਲਾ ਲੈਣ ਲਈ ਵੱਡੇ ਪੱਧਰ ’ਤੇ ਰੁਚੀ ਦਿਖਾ ਰਹੇ ਹਨ। ਡੀ. ਐੱਨ. ਬੀ. ਦੇ ਵਿਦਿਆਰਥੀ ਹਸਪਤਾਲ ਦੇ ਕੁਸ਼ਲ ਪ੍ਰਸ਼ਾਸਕ ਡਾ. ਸਵਰਨਜੀਤ ਧਵਨ ਦੀ ਅਗਵਾਈ ਵਿਚ ਸਿੱਖਿਆ ਦੇ ਨਾਲ- ਨਾਲ ਪ੍ਰੈਕਟੀਕਲ ਪੱਧਰ ’ਤੇ ਮਰੀਜ਼ਾਂ ਦਾ ਇਲਾਜ ਵੀ ਕਰਨ ਵਿਚ ਮਹਾਰਤ ਹਾਸਲ ਕਰ ਰਹੇ ਹਨ। 200 ਬੈੱਡਾਂ ਵਾਲੇ ਉਕਤ ਹਸਪਤਾਲ ਵਿਚ ਮੌਜੂਦਾ ਸਮੇਂ ਵਿਚ 15 ਵਿਦਿਆਰਥੀ ਕੋਰਸ ਤਹਿਤ ਹਸਪਤਾਲ ਵਿਚ ਸੇਵਾਵਾਂ ਦੇ ਰਹੇ ਹਨ।
ਜਾਣਕਾਰੀ ਅਨੁਸਾਰ ਡੀ. ਐੱਨ. ਬੀ. (ਡਿਪਲੋਮਾ ਆਫ ਨੈਸ਼ਨਲ ਬੋਰਡ) ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਰਾਸ਼ਟਰੀ ਚਿਕਤਸਾ ਵਿਗਿਆਨ ਪ੍ਰੀਖਿਆ ਬੋਰਡ ਦਾ ਮਾਨਤਾ ਪ੍ਰਾਪਤ ਕੋਰਸ ਹੈ। ਇਸ ਕੋਰਸ ਵਿਚ ਤਿੰਨ ਸਾਲ ਵਿਦਿਆਰਥੀਆਂ ਨੂੰ ਐੱਮ. ਬੀ. ਬੀ. ਐੱਸ. ਤੋਂ ਬਾਅਦ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਪੱਧਰ ’ਤੇ ਕੰਮ ਕਰਨ ਦਾ ਤਜ਼ਰਬਾ ਹਾਸਲ ਹੁੰਦਾ ਹੈ। ਇਹ ਕੋਰਸ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਵਿਸ਼ੇਸ਼ ਅਹੁੱਦਾ ਮਿਲਦਾ ਹੈ ਜੋ ਕਿ ਉਹ ਐੱਮ. ਡੀ. ਅਤੇ ਐੱਮ. ਐੱਸ. ਦੇ ਬਰਾਬਰ ਮੰਨਿਆ ਜਾਂਦਾ ਹੈ। ਪੰਜਾਬ ਵਿਚ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਵਿਚ ਹੀ ਐੱਮ. ਬੀ. ਬੀ. ਐੱਸ. ਤੋਂ ਬਾਅਦ ਵਿਦਿਆਰਥੀਆਂ ਨੂੰ ਉਚੇਰੀ ਪੜ੍ਹਾਈ ਕਰਨੀ ਪੈਂਦੀ ਸੀ ਪਰ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਚੰਗੇ ਹਸਪਤਾਲਾਂ ਵਿਚ ਡੀ. ਐੱਨ. ਬੀ. ਕੋਰਸ ਸ਼ੁਰੂ ਕਰ ਕੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵਿਸ਼ੇਸ਼ ਯੋਜਨਾ ਤਹਿਤ ਕੰਮ ਕੀਤਾ ਗਿਆ।
ਇਹ ਵੀ ਪੜ੍ਹੋ- ਸਰਪੰਚ ਨੇ ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਤੇ ਫਿਰ...
ਪੰਜਾਬ ਦੇ ਚੰਗੇ ਹਸਪਤਾਲਾਂ ਵਿਚ ਅੰਮ੍ਰਿਤਸਰ ਦਾ ਜ਼ਿਲ੍ਹਾ ਪੱਧਰੀ ਹਸਪਤਾਲ ਵੀ ਚੰਗੀ ਕਾਰਗੁਜ਼ਾਰੀ ਕਾਰਨ ਆਪਣਾ ਨਾਮਣਾ ਖੱਟ ਰਿਹਾ ਹੈ। ਸਰਕਾਰ ਵੱਲੋਂ ਹਰ ਸਾਲ ਡੀ. ਐੱਨ. ਬੀ. ਕੋਰਸ ਲਈ 15 ਵਿਦਿਆਰਥੀਆਂ ਨੂੰ ਹਸਪਤਾਲ ਵਿਚ ਭੇਜਿਆ ਜਾ ਰਿਹਾ ਹੈ। ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਦੇ ਬਾਵਜੂਦ ਵਿਦਿਆਰਥੀ ਓ. ਪੀ. ਡੀ. ਅਤੇ ਐਮਰਜੈਂਸੀ ਵਿਚ ਜਿੱਥੇ ਦਿਨ-ਰਾਤ ਮਰੀਜ਼ਾਂ ਨੂੰ ਚੰਗੀਆਂ ਸੇਵਾਵਾਂ ਦੇ ਰਹੇ ਹਨ, ਉਥੇ ਹੀ ਮੈਡੀਕਲ ਅਫਸਰਾਂ ਦੇ ਤਜ਼ਰਬੇ ਰਾਹੀਂ ਸਿੱਖਿਆ ਹਾਸਲ ਕਰ ਕੇ ਪੜ੍ਹਾਈ ਕਰ ਰਹੇ ਹਨ। ਭਾਰਤ ਸਰਕਾਰ ਅਨੁਸਾਰ ਡੀ. ਐੱਨ. ਬੀ. ਕੋਰਸ ਕਰਨ ਲਈ ਐੱਮ. ਬੀ. ਬੀ. ਐੱਸ. ਦੀ ਡਿਗਰੀ ਅਤੇ ਇਕ ਸਾਲ ਦੀ ਇੰਟਰਸ਼ਿਪ ਹੋਣਾ ਲਾਜ਼ਮੀ ਹੈ। ਇਸ ਕੋਰਸ ਵਿਚ ਦਾਖਲੇ ਲਈ ਐੱਨ. ਈ. ਟੀ., ਪੀ. ਜੀ. ਅਤੇ ਸੀ. ਈ. ਟੀ. ਦੀ ਪ੍ਰੀਖਿਆ ਪਾਸ ਕਰਨੀ ਹੁੰਦੀ ਹੈ।
ਕੋਰਸ ਤਿੰਨ ਸਾਲ ਦਾ ਹੁੰਦਾ ਹੈ ਅਤੇ ਘੱਟ ਤੋਂ ਘੱਟ 50 ਨੰਬਰਾਂ ਦੇ ਨਾਲ ਐੱਮ. ਬੀ. ਬੀ. ਐੱਸ. ਦੀ ਡਿਗਰੀ ਪਾਸ ਕਰਨੀ ਲਾਜ਼ਮੀ ਹੈ। ਇਹ ਕੋਰਸ ਨੈਸ਼ਨਲ ਮੈਡੀਕਲ ਕੌਸਲ ਤੋਂ ਮਾਨਤਾ ਪ੍ਰਾਪਤ ਹੁੰਦਾ ਹੈ। ਕੋਰਸ ਦੇ ਤਹਿਤ 30 ਵੱਖ-ਵੱਖ ਤਰ੍ਹਾਂ ਦੀ ਪੜ੍ਹਾਈ ਹੁੰਦੀ ਹੈ, ਜਿਸ ਵਿਚ ਵਿਦਿਆਰਥੀ ਨੂੰ ਕਿਸੇ ਇਕ ਵਿੱਚ ਤਿੰਨ ਸਾਲ ਵਿਚ ਪੜ੍ਹਾਈ ਕਰ ਕੇ ਤਜ਼ਰਬਾ ਲੈਣਾ ਹੁੰਦਾ ਹੈ। ਡੀ. ਐੱਨ. ਬੀ. ਕੋਰਸ ਵਿਚ ਸਪੈਸ਼ਲਿਸਟ ਹੁੰਦੀ ਹੈ ਅਤੇ ਸੁਪਰ-ਸਪੈਸ਼ਲਿਸਟ ਲਈ ਡਾਕਟਰ ਇਹ ਕੋਰਸ ਕਰਦੇ ਹਨ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਪੁਆਏ ਵੈਣ, ਇੱਟਾਂ ਵਾਲੀ ਟਰਾਲੀ ਨੇ ਪਤੀ-ਪਤਨੀ ਨੂੰ ਦਰੜਿਆ, ਮੌਕੇ 'ਤੇ ਦੋਵਾਂ ਦੀ ਮੌਤ
ਹਸਪਤਾਲ ਦੇ ਇੰਚਾਰਜ ਡਾ. ਸਵਰਨਜੀਤ ਧਵਨ ਦੀ ਅਗਵਾਈ ਵਿੱਚ ਚੱਲਣ ਵਾਲੇ ਇਸ ਹਸਪਤਾਲ ਵਿਚ ਮਰੀਜ਼ਾਂ ਨੂੰ ਬਿਹਤਰੀਨ ਸੇਵਾਵਾਂ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਨਾਲ ਹੀ ਜਦ ਤੋਂ ਡਾ. ਧਵਨ ਨੇ ਹਸਪਤਾਲ ਦੇ ਇੰਚਾਰਜ ਵਜੋਂ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਮਰੀਜ਼ਾਂ ਦੀ ਭਲਾਈ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਤੱਕ ਮਰੀਜ਼ਾਂ ਨੂੰ ਦਿਵਾਉਣ ਲਈ ਸਮੁੱਚਾ ਸਟਾਫ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ। ਦੂਸਰੇ ਪਾਸੇ ਮੈਡੀਕਲ ਕਾਲਜ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਮਰੀਜ਼ਾਂ ਦਾ ਸਫ਼ਲ ਇਲਾਜ ਹੋ ਰਿਹਾ ਹੈ। ਹੁਣ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਜੇਕਰ ਮੈਡੀਕਲ ਕਾਲਜਾਂ ਵਿਚ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਤੋਂ ਵਧੇਰੇ ਦੀ ਹੈ, ਜਦਕਿ ਸਿਹਤ ਵਿਭਾਗ ਦੇ ਸਰਕਾਰੀ ਡਾਕਟਰਾਂ ਦੀ ਉਮਰ ਸੇਵਾ ਮੁਕਤੀ ਸੰਬੰਧਤ 58 ਸਾਲ ਹੈ। ਹੁਣ ਸਰਕਾਰ ਨੂੰ ਦੋਵਾਂ ਸੰਸਥਾਵਾਂ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਹੋਇਆਂ ਸਿਹਤ ਵਿਭਾਗ ਦੇ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ ਵੀ 60 ਸਾਲ ਦੇ ਕਰੀਬ ਕਰਨੀ ਚਾਹੀਦੀ ਹੈ।
ਵੱਖ-ਵੱਖ ਸੂਬਿਆਂ ਦੇ ਵਿਦਿਆਰਥੀ ਡੀ. ਐੱਨ. ਬੀ. ਤਹਿਤ ਸਿਵਲ ਹਸਪਤਾਲ ਵਿਚ ਲੈ ਰਹੇ ਨੇ ਸਿੱਖਿਆ
ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਕੁਸ਼ਲ ਪ੍ਰਸ਼ਾਸਕ ਅਤੇ ਇੰਚਾਰਜ ਸੀਨੀਅਰ ਮੈਡੀਕਲ ਅਧਿਕਾਰੀ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵੱਖ-ਵੱਖ ਸੂਬਿਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਡੀ. ਐੱਨ. ਬੀ. ਕੋਰਸ ਲਈ ਸਿਵਲ ਹਸਪਤਾਲ ਵਿਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਬੜੇ ਚੰਗੇ ਮਾਹੌਲ ਵਿੱਚ ਸਿੱਖਿਆ ਹਾਸਲ ਕਰਦਿਆਂ ਹੋਇਆਂ ਵਿਦਿਆਰਥੀਆਂ ਦੇ ਇਲਾਜ ਲਈ ਸਹਾਇਕ ਸਾਬਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ 15 ਵਿਦਿਆਰਥੀ ਕੋਰਸ ਵਿਚ ਦਾਖਲਾ ਲੈਣ ਲਈ ਆਉਂਦੇ ਹਨ ਅਤੇ ਤਿੰਨ ਸਾਲ ਦੇ ਇਸ ਕੋਰਸ ਵਿੱਚ ਵਿਦਿਆਰਥੀ ਪੂਰੀ ਲਗਨ ਅਤੇ ਮਿਹਨਤ ਨਾਲ ਮਰੀਜ਼ਾਂ ਦੀ ਸੇਵਾ ਭਾਵਨਾ ਨਾਲ ਇਲਾਜ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਮੈਡੀਕਲ ਅਫਸਰ ਵੀ ਪੂਰੀ ਲਗਨ ਦੇ ਨਾਲ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ ਅਤੇ ਨਾਲ ਹੀ ਆਪਣਾ ਲੰਬੇ ਸਮੇਂ ਦਾ ਤਜ਼ਰਬਾ ਵੀ ਉਨ੍ਹਾਂ ਨਾਲ ਸਾਂਝਾ ਕਰਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ
ਵੱਖ-ਵੱਖ ਵਿਭਾਗਾਂ ’ਚ ਕੀਤੀ ਗਈ ਹੈ ਵਿਦਿਆਰਥੀਆਂ ਦੀ ਵੰਡ
ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਡੀ. ਐੱਨ. ਬੀ. ਕੋਰਸ ਤਹਿਤ ਸੱਤ ਵਿਦਿਆਰਥੀਆਂ ਨੂੰ ਬੱਚਾ ਵਿਭਾਗ, ਚਾਰ ਵਿਦਿਆਰਥੀਆਂ ਨੂੰ ਗਾਇਨੀ ਅਤੇ ਚਾਰ ਵਿਦਿਆਰਥੀਆਂ ਨੂੰ ਐੱਨ. ਐੱਸ. ਸੀ. ਸੀ. ਵਿਚ ਸੀਟ ਮਿਲੀ ਹੈ। ਵਿਦਿਆਰਥੀ ਆਪਣੇ-ਆਪਣੇ ਵਿਭਾਗਾਂ ਵਿਚ ਆਪਣੇ ਸੀਨੀਅਰ ਦੀ ਅਗਵਾਈ ਵਿੱਚ ਕੰਮ ਕਰ ਰਹੇ ਹਨ ਅਤੇ ਸਮੇਂ-ਸਮੇਂ ’ਤੇ ਉਹ ਵੀ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਨਾਲ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਸਿਵਲ ਹਸਪਤਾਲ ਮਰੀਜ਼ਾਂ ਦਾ ਇਲਾਜ ਕਰਨ ਦਾ ਕੇਂਦਰ ਸੀ ਪਰ ਹੁਣ ਇਹ ਸਿੱਖਿਆ ਸੰਸਥਾ ਵੀ ਬਣ ਗਿਆ ਹੈ ਅਤੇ ਚੰਗੀਆਂ ਸੇਵਾਵਾਂ ਕਰਨ ਪੂਰੇ ਸੂਬੇ ਵਿਚ ਆਉਂਦਾ ਹੈ। ਉਨ੍ਹਾਂ ਦੱਸਿਆ ਕਿ 200 ਬੈੱਡਾਂ ਦੇ ਇਸ ਹਸਪਤਾਲ ਵਿਚ ਰੋਜ਼ਾਨਾ ਓ. ਪੀ. ਡੀ. ਵਿਚ 1 ਹਜ਼ਾਰ ਤੋਂ ਵਧੇਰੇ ਮਰੀਜ਼ ਇਲਾਜ ਲਈ ਆਉਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8