ਹਸਪਤਾਲ ਵਿਚ ਹੋਈ ਜ਼ਬਰਦਸਤ ਖੂਨੀ ਝੜਪ ਦੇ ਮਾਮਲੇ ਵਿਚ ਵੱਡੀ ਕਾਰਵਾਈ
Monday, Apr 14, 2025 - 11:35 AM (IST)

ਡੇਰਾਬਸੀ (ਵਿਕਰਮਜੀਤ) : ਸਿਵਲ ਹਸਪਤਾਲ ’ਚ ਸ਼ੁੱਕਰਵਾਰ ਰਾਤ ਹੋਈ ਖ਼ੂਨੀ ਝੜਪ ਦੇ ਮਾਮਲੇ ’ਚ ਪੁਲਸ ਨੇ ਸੱਤਾਧਾਰੀ ਸਰਪੰਚ ਦੇ ਪਤੀ ਰਣਜੀਤ ਸਿੰਘ ਮਿੰਟਾ ਗੁੱਜਰ ਦੀ ਸ਼ਿਕਾਇਤ ’ਤੇ ਕਾਂਗਰਸੀ ਧਿਰ ਦੇ 17 ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਨਾਲ ਹੀ ਛੇ ਮੁਲਜ਼ਮਾਂ ਨੂੰ ਐਤਵਾਰ ਨੂੰ ਅਦਾਲਤ ’ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ। ਗ੍ਰਿਫ਼ਤਾਰ ਮੁਲਜ਼ਮਾਂ ’ਚ ਜ਼ਿਆਦਾਤਰ ਜ਼ਖ਼ਮੀ ਸ਼ਾਮਲ ਸਨ, ਜਿਨ੍ਹਾਂ ਨੂੰ ਪੁਲਸ ਨੇ ਹਸਪਤਾਲ ਤੋਂ ਹਿਰਾਸਤ ’ਚ ਲੈ ਲਿਆ। ਪੁਲਸ ਨੇ ਮੌਕੇ ’ਤੇ ਹਾਜ਼ਰ ਕਾਂਗਰਸ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੇ ਬੇਟੇ ਉਦੈਵੀਰ ਸਿੰਘ ਢਿੱਲੋਂ ਦਾ ਨਾਂ ਵੀ ਜਾਂਚ ਲਈ ਸ਼ਾਮਲ ਕੀਤਾ ਹੈ। ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਣਜੀਤ ਸਿੰਘ ਉਰਫ਼ ਮਿੰਟਾ ਗੁੱਜਰ ਨੇ ਦੋਸ਼ ਲਾਇਆ ਕਿ ਸਿਵਲ ਹਸਪਤਾਲ ’ਚ ਹਮਲਾ ਉਦੈਵੀਰ ਸਿੰਘ ਢਿੱਲੋਂ ਦੀ ਸ਼ਹਿ ’ਤੇ ਹੋਇਆ ਤੇ ਉਹ ਮੌਕੇ ’ਤੇ ਮੌਜੂਦ ਸੀ, ਜਿਸ ਦੀ ਜਾਂਚ ਕੀਤੀ ਜਾਵੇਗੀ। ਮੁਲਜ਼ਮਾਂ ’ਚ ਅਨਿਲ ਕੁਮਾਰ ਉਰਫ਼ ਹਨੀ ਪਡੰਤ, ਅੰਗਰੇਜ਼ ਸਿੰਘ, ਮਹੀਪਾਲ, ਨਰੇਸ਼ ਕੁਮਾਰ, ਮਨੀਸ਼ ਕੁਮਾਰ ਮੰਗੂ, ਕਰਮਪਾਲ, ਅਸ਼ੋਕ ਕੁਮਾਰ, ਰਾਜੇਸ਼ ਕੁਮਾਰ, ਰਾਜ ਕੁਮਾਰ, ਅਮਰ ਸਿੰਘ, ਮੋਹਿਤ, ਗੁਰਪ੍ਰੀਤ ਸਿੰਘ, ਗੁਰਜੰਟ, ਗੁਰਮੀਤ ਸਿੰਘ, ਨਾਇਬ ਸਿੰਘ, ਮਯੰਕ ਤੇ ਸੰਜੀਵ ਕੁਮਾਰ ਸ਼ਾਮਲ ਹਨ।
ਇਹ ਹੈ ਮਾਮਲਾ
ਪੁਲਸ ਸ਼ਿਕਾਇਤ ’ਚ ਰਣਜੀਤ ਸਿੰਘ ਉਰਫ਼ ਮਿੰਟਾ ਗੁੱਜਰ ਨੇ ਦੋਸ਼ ਲਾਇਆ ਕਿ ਹਨੀ ਪੰਡਤ ਸ਼ੁੱਕਰਵਾਰ ਨੂੰ ਸਾਥੀਆਂ ਨਾਲ ਗੌਰਵ ਦੇ ਘਰ ਵੜ ਕੇ ਕੁੱਟਮਾਰ ਕਰ ਰਿਹਾ ਸੀ। ਉਹ ਸਾਥੀਆਂ ਨਾਲ ਉਸ ਨੂੰ ਬਚਾਉਣ ਲਈ ਗਿਆ ਤਾਂ ਉਨ੍ਹਾਂ ਨੇ ਉਸ ਦੀ ਤੇ ਸਾਥੀਆਂ ਦੀ ਕੁੱਟਮਾਰ ਕੀਤੀ। ਉਹ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੇ ਤਾਂ ਐਮਰਜੰਸੀ ’ਚ ਪਹਿਲਾਂ ਹੀ ਹਨੀ ਪਡੰਤ, ਸਾਥੀ ਤੇ ਕਾਂਗਰਸੀ ਆਗੂ ਉਦੈਵੀਰ ਸਿੰਘ ਢਿੱਲੋਂ ਵੀ ਹਾਜ਼ਰ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਢਿੱਲੋਂ ਨੇ ਹਨੀ ਪਡੰਤ ਤੇ ਹੋਰਨਾਂ ਨੂੰ ਕਿਹਾ ਕਿ ਇਨ੍ਹਾਂ ਨੂੰ ਫੜ ਲਓ ਤੇ ਅੱਜ ਇਹ ਬਚਣੇ ਨਹੀਂ ਚਾਹੀਦੇ। ਇਸ ਮਗਰੋਂ ਹਨੀ ਤੇ ਸਾਥੀਆਂ ਨੇ ਹਸਪਤਾਲ ’ਚ ਪਏ ਗਮਲੇ, ਬੈਰੀਕੇਡ, ਅੱਗ ਬੁਝਾਓ ਸਿਲੰਡਰ, ਕੈਂਚੀਆਂ, ਪੇਚਕਸ, ਸਟੂਲ ਸਣੇ ਹੋਰਨਾਂ ਸਾਮਾਨ ਨਾਲ ਉਨ੍ਹਾਂ ਦੀ ਬੁਰੀ ਤਰਾਂ ਮਾਰਕੁੱਟ ਕੀਤੀ।
ਪੁਲਸ ਨੇ ਸਿਆਸੀ ਦਬਾਅ ਹੇਠ ਕੀਤੀ ਇਕ ਤਰਫ਼ਾ ਕਾਰਵਾਈ : ਢਿੱਲੋਂ
ਦੂਜੇ ਪਾਸੇ ਕਾਂਗਰਸ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਦੋਸ਼ ਲਾਇਆ ਕਿ ਪੁਲਸ ਨੇ ਸਿਆਸੀ ਦਬਾਅ ਹੇਠ ਇਕ ਤਰਫ਼ਾ ਕਾਰਵਾਈ ਕੀਤੀ ਹੈ ਜਦਕਿ ਮਾਰਕੁੱਟ ਕਰਨ ਵਾਲੀ ਸੱਤਾਧਾਰੀ ਧਿਰ ’ਤੇ ਕਾਰਵਾਈ ਨਹੀਂ ਕੀਤੀ। ਪਿੰਡ ’ਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਸਬੰਧ ’ਚ ਪਿੰਡ ਦੇ ਵਸਨੀਕ ਕਈਂ ਦਿਨਾਂ ਤੋਂ ਸ਼ਿਕਾਇਤ ਕਰ ਰਹੇ ਸੀ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਸੀ। ਇਸ ਨੂੰ ਲੈ ਕੇ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਬੇਟਾ ਉਦੈਵੀਰ ਪਿੰਡ ਮੁਕੰਦਪੁਰ ਗਿਆ ਤੇ ਨਾਜਾਇਜ਼ ਮਾਈਨਿੰਗ ਦੀ ਵੀਡਿਓ ਬਣਾ ਕੇ ਉਸ ਨੇ ਡੀ.ਸੀ. ਮੋਹਾਲੀ ਨੂੰ ਭੇਜ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਰੰਜਿਸ਼ ਤਹਿਤ ਸੱਤਾਧਾਰੀ ਧਿਰ ਨੇ ਸ਼ਿਕਾਇਤਕਰਤਾ ਧਿਰ ਹਨੀ ਪਡੰਤ ’ਤੇ ਹਮਲਾ ਕਰ ਦਿੱਤਾ। ਇਸ ’ਚ ਗੰਭੀਰ ਜ਼ਖ਼ਮੀ ਹੋ ਗਏ। ਜਦ ਉਹ ਪੁਲਸ ਕਾਰਵਾਈ ਕਰਵਾਉਣ ਲਈ ਸਿਵਲ ਹਸਪਤਾਲ ’ਚ ਦਾਖ਼ਲ ਹੋਏ, ਜਿੱਥੇ ਉਨ੍ਹਾਂ ਦਾ ਹਾਲਚਾਲ ਪੁੱਛਣ ਲਈ ਉਦੈਵੀਰ ਮੌਕੇ ’ਤੇ ਪਹੁੰਚੇ ਤਾਂ ਮਿੰਟਾ ਗੁੱਜਰ ਗਰੁੱਪ ਨੇ ਮੁੜ ਤੋਂ ਹਸਪਤਾਲ ’ਚ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਮਿੰਟਾ ਗੁੱਜਰ ਗੈਂਗਸਟਰ ਕਿਸਮ ਦਾ ਹੈ। ਉਸ ਖ਼ਿਲਾਫ਼ ਕਰੀਬ ਦਸ ਪਰਚੇ ਦਰਜ ਹਨ।
ਰਾਜਨੀਤੀ ਚਮਕਾਉਣ ਲਈ ਹਲਕੇ ਦੇ ਪਿੰਡਾਂ ’ਚ ਨਾ ਲਾਓ ਅੱਗ : ਰੰਧਾਵਾ
ਉੱਧਰ, ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਚੇਤਾਵਨੀ ਦਿੱਤੀ ਕਿ ਇਹ ਹਲਕਾ ਉਨ੍ਹਾਂ ਦਾਘਰ ਹੈ, ਇੱਥੇ ਗੰਦੀ ਰਾਜਨੀਤੀ ਨਾ ਕਰੋ। ਮਾਵਾਂ ਦੇ ਪੁੱਤ ਨੂੰ ਨਾ ਮਰਵਾਓ। ਉਨ੍ਹਾਂ ਵਿਰੋਧੀਆਂ ਨੂੰ ਕਿਹਾ ਕਿ ਰਾਜਨੀਤੀ ਚਮਕਾਉਣ ਕਰ ਕੇ ਹਲਕੇ ਦੇ ਪਿੰਡਾਂ ’ਚ ਅੱਗ ਨਾ ਲਾਓ ਕਿਉਂਕਿ ਅਕਸਰ ਅੱਗ ਲਾਉਣ ਵਾਲੇ ਤੱਕ ਵੀ ਅੱਗ ਦਾ ਤਾਪ ਜ਼ਰੂਰ ਪਹੁੰਚਦਾ ਹੈ।
ਜਾਂਚ ’ਚ ਮਿੰਟਾ ਦੀ ਭੂਮਿਕਾ ਮਿਲੀ ਤਾਂ ਹੋਵੇਗੀ ਅਗਲੀ ਕਾਰਵਾਈ
ਨਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਜ਼ਖ਼ਮੀ ਦੇ ਬਿਆਨ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਉਦੈਵੀਰ ਸਿੰਘ ਢਿੱਲੋਂ ਨੂੰ ਜਾਂਚ ਲਈ ਐੱਫ.ਆਈ.ਆਰ. ’ਚ ਸ਼ਾਮਲ ਕੀਤਾ ਗਿਆ ਹੈ, ਜੇਕਰ ਜਾਂਚ ’ਚ ਉਨ੍ਹਾਂ ਦੀ ਕੋਈ ਭੂਮਿਕਾ ਪਾਈ ਗਈ ਤਾਂ ਅਗਲੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਨੇ ਸਿਆਸੀ ਦਬਾਅ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ।