ਨਰਿੰਦਰ ਮੋਦੀ ਆਪਣੀ ਹਾਰ ਕਬੂਲ ਚੁੱਕੈ : ਰਾਹੁਲ ਗਾਂਧੀ

05/13/2019 6:57:29 PM

ਹੁਸ਼ਿਆਰਪੁਰ (ਘੁੰਮਣ) - ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪਿਛਲੇ 5 ਸਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨਾਲ ਬਹੁਤ ਗਲਤ ਕੀਤਾ ਹੈ। ਨੋਟੀਬੰਦੀ ਤੇ ਗੱਬਰ ਸਿੰਘ ਟੈਕਸ (ਜੀ. ਐੱਸ. ਟੀ.) ਲਗਾ ਕੇ ਦੇਸ਼ ਦੀ ਅਰਥ ਵਿਵਸਥਾ ਦੀ ਕਮਰ ਤੋੜ ਦਿੱਤੀ ਹੈ। ਔਰਤਾਂ ਤੇ ਗਰੀਬ ਲੋਕਾਂ ਨੇ ਜੋ ਛੋਟੀ-ਮੋਟੀ ਪੂੰਜੀ ਦੀ ਬੱਚਤ ਕੀਤੀ ਹੋਈ ਸੀ, ਉਸਨੂੰ ਨੋਟਬੰਦੀ ਕਰਕੇ ਨੀਰਵ ਮੋਦੀ, ਲਲਿਤ ਮੋਦੀ, ਵਿਜੇ ਮਾਲੀਆ ਤੇ ਚੌਕਸੀ ਵਰਗੇ ਲੋਕਾਂ ਦੇ ਹੱਥਾਂ 'ਚ ਲੁਟਾ ਦਿੱਤਾ। ਦੱਸ ਦੇਈਏ ਕਿ ਹੁਸ਼ਿਆਰਪੁਰ ਦੀ ਰੌਸ਼ਨ ਗਰਾਊਂਡ 'ਚ ਅੱਜ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੇ ਹੱਕ 'ਚ ਵਿਸ਼ਾਲ ਚੋਣ ਰੈਲੀ ਆਯੋਜਿਤ ਕੀਤੀ ਗਈ ਹੈ, ਜਿਸ 'ਚ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹਨ।

PunjabKesari

ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਕਮੇਟੀ ਵਲੋਂ ਨਿਆਏ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਦੇਸ਼ ਦੀ ਅਰਥ ਵਿਵਸਥਾ ਨੂੰ ਮੁੜ ਪੱਟੜੀ 'ਤੇ ਲਿਆਉਣ ਲਈ ਕੀਤਾ ਹੈ, ਜਿਸ ਦੇ ਤਹਿਤ 25 ਕਰੋੜ ਗਰੀਬ ਲੋਕਾਂ ਨੂੰ ਹਰ ਮਹੀਨੇ 6 ਹਜ਼ਾਰ ਰੁਪਏ ਦੇ ਹਿਸਾਬ ਨਾਲ 72 ਹਜ਼ਾਰ ਰੁਪਏ ਸਾਲਾਨਾ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਪਾਏ ਜਾਣਗੇ। ਇਸ ਯੋਜਨਾ ਸਦਕਾ ਆਦੀਵਾਸੀਆਂ, ਦਲਿਤਾਂ, ਛੋਟੇ ਦੁਕਾਨਦਾਰਾਂ ਤੇ ਘਰੇਲੂ ਔਰਤਾਂ 'ਤੇ ਅਧਾਰਿਤ 5 ਕਰੋੜ ਪਰਿਵਾਰਾਂ ਨੂੰ ਲਾਭ ਪਹੁੰਚੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਰਾਫੇਲ ਸੌਦੇ 'ਚ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਾ ਲਾਭ ਪਹੁੰਚਾਇਆ। ਉਨ੍ਹਾਂ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਲੁੱਟਣ ਵਾਲੇ ਉਦਯੋਗਪਤੀਆਂ ਨੂੰ ਜੇਲ ਨਹੀਂ ਭੇਜਿਆ ਜਾਂਦਾ, ਜਦਕਿ ਮੋਦੀ ਸਰਕਾਰ 20 ਹਜ਼ਾਰ ਰੁਪਏ ਦਾ ਕਰਜਾ ਅਦਾ ਨਾ ਕਰਨ ਵਾਲੇ ਛੋਟੇ-ਛੋਟੇ ਕਿਸਾਨਾਂ ਨੂੰ ਜੇਲ ਭੇਜਿਆ ਜਾਂਦਾ ਹੈ। 

ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੀ ਹਾਰ ਸਵਿਕਾਰ ਕਰ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਨੇ ਇੱਧਰ-ਉੱਧਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ 23 ਮਈ ਨੂੰ ਦੇਸ਼ 'ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ 1984 ਦੇ ਦੰਗਿਆਂ ਦੀ ਚਰਚਾ ਕਰਦਿਆਂ ਕਿਹਾ ਕਿ ਜਦੋਂ ਮੈਨੂੰ ਸੈਮ ਪਿਤਰੋਡਾ ਵਲੋਂ ਦਿੱਤੇ ਗਏ ਬਿਆਨ ਦਾ ਪਤਾ ਲੱਗਾ ਤਾਂ ਮੈਂ ਤੁਰੰਤ ਪਿਤਰੋਡਾ ਨੂੰ ਮੁਆਫ਼ੀ ਮੰਗਣ ਲਈ ਕਿਹਾ। 1984 ਦੇ ਦੰਗੇ ਗਲਤ ਸਨ, ਜਿਸਦੇ ਕਸੂਰਵਾਰਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਕੀਤੀ ਵੀ ਜਾਵੇਗੀ। ਦੇਸ਼ ਦਾ ਚੌਂਕੀਦਾਰ ਨਰਿੰਦਰ ਮੋਦੀ ਮੇਰੇ ਨਾਲ ਕਿਸੇ ਵੀ ਸਮੇਂ ਕਿਸੇ ਵੀ ਜਗ੍ਹਾ 'ਤੇ ਬਹਿਸ ਕਰ ਲਵੇ ਅਤੇ ਮੈਨੂੰ 15 ਮਿੰਟ ਦੇ ਦੇਵੇ। ਰਾਹੁਲ ਗਾਂਧੀ ਨੇ ਕਿਹਾ ਕਿ ਅਗਾਮੀ ਵਿੱਤੀ ਸਾਲ 'ਚ ਦੇਸ਼ 'ਚ 2 ਸਾਲਾਨਾ ਬਜਟ ਬਣਾਏ ਜਾਣਗੇ। ਇਕ ਆਮ ਬਜਟ ਤੇ ਦੂਜਾ ਕਿਸਾਨਾਂ ਦਾ ਬਜਟ ਹੋਵੇਗਾ, ਜਿਸ 'ਚ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਬਾਰੇ ਦੱਸਿਆ ਜਾਵੇਗਾ। 

ਸ਼ਿਵ ਰਾਜ ਸਿੰਘ ਚੌਹਾਨ ਦੇ ਪਰਿਵਾਰ ਦਾ ਕਰਜ਼ਾਂ ਵੀ ਮੁਆਫ਼ ਕੀਤਾ
ਰਾਹੁਲ ਗਾਂਧੀ ਨੇ ਕਿਹਾ ਕਿ ਮੱਧ ਪ੍ਰਦੇਸ਼ 'ਚ ਕਮਲ ਨਾਥ ਦੀ ਅਗਵਾਈ 'ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਸਾਰੇ ਗਰੀਬ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਗਏ। ਜਿਨ੍ਹਾਂ ਲੋਕਾਂ ਦੇ ਕਰਜ਼ੇ ਮੁਆਫ਼ ਕੀਤੇ ਗਏ, ਉਨ੍ਹਾਂ 'ਚ ਭਾਜਪਾ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਸ਼ਾਮਲ ਸਨ। ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪ. ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਲੋਕ ਸਭਾ ਚੋਣਾਂ ਦੇਸ਼ ਦੇ ਭਵਿੱਖ ਨੂੰ ਤੈਅ ਕਰਨਗੀਆਂ। ਲੋਕ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਨਾਉਣ ਲਈ ਪੱਬਾਂ ਭਾਰ ਹਨ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਨਵੇਂ ਉਦਯੋਗ ਸਥਾਪਿਤ ਕਰਨ ਲਈ ਕੀਤੇ ਗਏ ਐੱਮ. ਓ. ਯੂ. 'ਚੋਂ 78 ਫੀਸਦੀ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ, ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਵਰਿੰਦਰ ਸਿੰਘ ਬਾਜਵਾ ਸਾਬਕਾ ਮੈਂਬਰ ਰਾਜ ਸਭਾ, ਵਿਧਾਇਕ ਸੰਗਤ ਸਿੰਘ ਗਿਲਜੀਆਂ ਆਦਿ ਆਗੂ ਹਾਜ਼ਰ ਸਨ।


rajwinder kaur

Content Editor

Related News