ਚੰਗੀ ਖਬਰ : ਹੁਸ਼ਿਆਰਪੁਰ ''ਚ 5ਵੇਂ ਦਿਨ ਦੀ ਰਿਪੋਰਟ ''ਚ ਵੀ ਕੋਈ ਪਾਜ਼ੇਟਿਵ ਕੇਸ ਨਹੀਂ

Wednesday, Jul 08, 2020 - 12:46 AM (IST)

ਹੁਸ਼ਿਆਰਪੁਰ,(ਘੁੰਮਣ)- ਜ਼ਿਲਾ ਨਿਵਾਸੀਆਂ ਲਈ ਅੱਜ ਚੰਗੀ ਖਬਰ ਹੈ ਕਿ ਲਗਾਤਾਰ 5ਵੇਂ ਦਿਨ ਵੀ ਕੋਈ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ। ਸਿਵਲ ਸਰਜਨ ਡਾ. ਜਸਬੀਰ ਸਿੰਘ ਅਨੁਸਾਰ ਅੱਜ ਹਾਸਲ ਹੋਈ 446 ਸੈਂਪਲਾਂ ਦੀ ਰਿਪੋਰਟ ਵਿਚ ਸਾਰੇ ਟੈਸਟ ਨੈਗੇਟਿਵ ਆਏ ਹਨ। ਇਸਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਅੱਜ ਸ਼ੱਕੀ ਮਰੀਜ਼ਾਂ ਦੇ 460 ਨਵੇਂ ਸੈਂਪਲ ਲਏ ਗਏ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਲਏ ਗਏ 15,301 ਸੈਂਪਲਾਂ ’ਚੋਂ 14,645 ਦੀ ਰਿਪੋਰਟ ਨੈਗੇਟਿਵ ਆਈ ਹੈ। ਵਿਭਾਗ ਨੂੰ 452 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 189 ਬਰਕਰਾਰ ਹੈ। ਹੁਣ ਤੱਕ 29 ਸੈਂਪਲ ਇਨਵੈਲਿਡ ਪਾਏ ਗਏ ਹਨ। ਜਦਕਿ 171 ਮਰੀਜ਼ ਰਿਕਵਰ ਕਰ ਚੁੱਕੇ ਹਨ ਅਤੇ ਜ਼ਿਲੇ ਵਿਚ 11 ਐਕਟਿਵ ਕੇਸ ਹਨ।

ਸੀ. ਐੱਚ. ਸੀ. ਟਾਂਡਾ ਵੱਲੋਂ ਅੱਜ ਫਿਰ ਲਏ ਗਏ 14 ਸੈਂਪਲ

ਟਾਂਡਾ ਉਡ਼ਮੁਡ਼, (ਪੰਡਿਤ)- ਸੀ. ਐੱਚ. ਸੀ. ਟਾਂਡਾ ਵੱਲੋਂ ‘ਮਿਸ਼ਨ ਫਤਿਹ’ ਤਹਿਤ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੀਤੀ ਜਾ ਰਹੀ ਰੁਟੀਨ ਸੈਂਪਲਿੰਗ ਦੌਰਾਨ ਹਸਪਤਾਲ ਦੀ ਟੀਮ ਨੇ ਅੱਜ ਫਿਰ 14 ਸੈਂਪਲ ਲਏ ਹਨ। ਕੋਵਿਡ ਇੰਚਾਰਜ ਡਾ. ਕੇ. ਆਰ. ਬਾਲੀ ਨੇ ਦੱਸਿਆ ਕਿ ਰੁਟੀਨ ਸੈਂਪਲਿੰਗ ਦੀ ਮੁਹਿੰਮ ਤਹਿਤ ਅੱਜ ਫਿਰ ਡਾ. ਰਵੀ ਕੁਮਾਰ, ਡਾ. ਕਰਣ ਵਿਰਕ, ਸੀ. ਐੱਚ. ਓ. ਭੁਪਿੰਦਰ ਕੌਰ, ਗੁਰਜੀਤ ਸਿੰਘ, ਸਟਾਫ ਨਰਸ ਅਮਨਦੀਪ ਕੌਰ, ਜਰਨੈਲ ਸਿੰਘ, ਹਰਿੰਦਰ ਸਿੰਘ, ਰਾਜਪਾਲ ਸਿੰਘ, ਮਲਕੀਤ ਸਿੰਘ ਅਤੇ ਸਲੀਮ ਮਸੀਹ ਦੀ ਟੀਮ ਨੇ 14 ਸੈਂਪਲ ਲਏ। ਜਿਸ ਵਿਚ ਫਰੰਟ ਲਾਈਨ ’ਤੇ ਕੰਮ ਕਰ ਰਹੇ ਨਗਰ ਕੌਂਸਲ ਦੇ 10 ਸਫਾਈ ਸੇਵਕਾਂ, ਹੋਰਨਾਂ ਸੂਬਿਆਂ ਤੋਂ ਆਏ ਦੋ ਸਥਾਨਕ ਵਿਅਕਤੀ ਅਤੇ ਬਾਕੀ 2 ਓ. ਪੀ. ਡੀ. ਵਿਚ ਆਏ ਲੱਛਣਾਂ ਦੇ ਅਾਧਾਰ ਵਾਲੇ ਲੋਕਾਂ ਦੇ ਸੈਂਪਲ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਲਏ 16 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਦੌਰਾਨ ਡਾ. ਬਾਲੀ ਨੇ ਕੋਰੋਨਾ ਵਾਇਰਸ ਪ੍ਰਤੀ ਜਾਗਰੂਕਤਾ ਦਾ ਸੰਚਾਰ ਕਰਦੇ ਹੋਏ ਦੱਸਿਆ ਕਿ ਐੱਸ. ਐੱਮ. ਓ. ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸੀ. ਐੱਚ. ਸੀ. ਟਾਂਡਾ ਵਿਚ ਰੁਟੀਨ ਸੈਂਪਲਿੰਗ ਲਗਾਤਾਰ ਜਾਰੀ ਰਹੇਗੀ।


Bharat Thapa

Content Editor

Related News