ਹੁਸ਼ਿਆਰਪੁਰ ਦੇ ਕਿਸਾਨ ਨੇ ਉਗਾਏ ਸੇਬਾਂ ਦੇ ਬਗੀਚੇ, ਦੂਰੋਂ-ਦੂਰੋਂ ਦੇਖਣ ਆਉਂਦੇ ਨੇ ਲੋਕ (ਤਸਵੀਰਾਂ)

5/21/2020 3:02:49 PM

ਹੁਸ਼ਿਆਰਪੁਰ (ਅਮਰੀਕ)— ਅਕਸਰ ਜਦੋਂ ਵੀ ਸੇਬਾਂ ਦੀ ਗੱਲ ਹੁੰਦੀ ਸੀ ਤਾਂ ਸ਼੍ਰੀਨਗਰ ਦੇ ਸੇਬਾਂ ਦਾ ਜ਼ਿਕਰ ਪਹਿਲੇ ਨੰਬਰ 'ਤੇ ਆਉਂਦਾ ਸੀ। ਕਦੇ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਹੁਸ਼ਿਆਰਪੁਰ ਦੇ ਕੰਢੀ ਖੇਤਰ ਦੇ ਸੇਬਾਂ ਦੀ ਵੀ ਗੱਲ ਹੋਵੇਗੀ। ਇਹ ਗੱਲ ਸੱਚ ਕਰਕੇ ਵਿਖਾਈ ਹੈ ਹੁਸ਼ਿਆਰਪੁਰ ਦੇ ਚੋਹਾਲ 'ਚ ਰਹਿੰਦੇ ਡਾ. ਗੁਰਿੰਦਰ ਬਾਜਵਾ ਨੇ। ਗੁਰਿੰਦਰ ਸਿੰਘ ਨੇ ਪਿੰਡ 'ਚ ਸੇਬਾਂ ਦਾ ਬਾਗ ਲਗਾ ਕੇ ਕਿਸਾਨਾਂ ਨੂੰ ਨਵਾਂ ਹੁਲਾਰਾ ਦਿੱਤਾ ਹੈ। ਇਹ ਸੇਬ ਜਿੱਥੇ ਬਹੁਤ ਹੀ ਜੂਸੀ ਹਨ, ਉਥੇ ਹੀ ਖਾਣ 'ਚ ਵੀ ਬਹੁਤ ਸਵਾਦ ਹਨ ਅਤੇ ਬਾਜ਼ਾਰ 'ਚ ਇਸ ਦਾ ਰੇਟ ਵੀ ਵਧੀਆ ਮਿਲਦਾ ਹੈ।

PunjabKesari

ਇਸ ਬਾਗ ਦੇ ਮਾਲਕ ਡਾ. ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਅੱਜ ਤੋਂ ਕੁਝ ਸਮਾਂ ਪਹਿਲਾਂ ਪਾਲਮਪੁਰ ਗਏ ਸਨ, ਜਿੱਥੋਂ 3-4 ਬੂਟੇ ਸੇਬ ਦੇ ਲੈ ਕੇ ਆਏ ਸਨ। ਜਦੋਂ ਉਨ੍ਹਾਂ 'ਤੇ ਖੋਜ ਕੀਤੀ ਤਾਂ ਉਨ੍ਹਾਂ ਦਾ ਬਹੁਤ ਵਧੀਆ ਨਤੀਜਾ ਮਿਲਿਆ। ਉਨ੍ਹਾਂ ਕਿਹਾ ਕਿ ਇਸ ਦੇ ਲਈ ਘੱਟ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ, ਇਸੇ ਕਰਕੇ ਉਨ੍ਹਾਂ ਵੱਲੋਂ ਚੋਹਾਲ ਦੇ ਨਾਲ ਡੈਮ ਪੈਂਦੇ ਖੇਤਰ ਨੂੰ ਚੁਣਿਆ ਗਿਆ ਕਿਉਂਕਿ ਰਾਤ ਨੂੰ ਇਥੇ ਤਾਪਮਾਨ ਬਹੁਤ ਘੱਟ ਹੁੰਦਾ ਹੈ, ਜੋ ਕਿ ਸੇਬ ਦੀ ਖੇਤੀ ਲਈ ਬਹੁਤ ਹੀ ਵਧੀਆ ਹੈ।

PunjabKesari

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬਾਗ 'ਚ ਹੁਣ 800 ਦੇ ਕਰੀਬ ਬੂਟੇ ਹਨ ਅਤੇ ਸੇਬ ਬਹੁਤ ਵਧੀਆ ਲੱਗੇ ਹੋਏ ਹਨ। ਉਂਝ ਤਾਂ ਸੇਬਾਂ ਦੀ ਫਸਲ ਨੂੰ ਠੰਡੇ ਮੌਸਮ ਦੀ ਲੋੜ ਹੁੰਦੀ ਹੈ ਪਰ ਸੇਬਾਂ ਦੀ ਜੋ ਕਿਸਮ ਡਾ. ਗੁਰਿੰਦਰ ਨੇ ਉਗਾਈ ਹੈ,  ਉਸ ਲਈ ਜ਼ਿਆਦਾ ਠੰਡੇ ਮੌਸਮ ਦੀ ਲੋੜ ਨਹੀਂ ਹੈ। ਇਸ ਲਈ ਕੰਢੀ ਖੇਤਰਾਂ ਦਾ ਮੌਸਮ ਬਹੁਤ ਵਧੀਆ ਅਤੇ ਢੁੱਕਵਾਂ ਹੈ। ਗੁਰਿੰਦਰ ਸਿੰਘ ਬਾਜਵਾ ਹੋਰਟੀਕਲਚਰ 'ਚ ਕੰਮ ਕਰਦੇ ਸਨ। 

PunjabKesari

ਉਨ੍ਹਾਂ ਦੱਸਿਆ ਕਿ ਸੇਬ ਇਕ ਹਾਈ ਚੀਲਿੰਗ ਵਰਾਇਟੀ ਹੈ ਯਾਨੀ ਕਿ ਬੇਹੱਦ ਠੰਡੇ ਮੌਸਮ 'ਚ ਉਸ ਨੂੰ ਉਗਾਇਆ ਜਾਂਦਾ ਹੈ ਪਰ ਜੋ ਕਿਸਮ ਪੰਜਾਬ ਲਈ ਸਹੀ ਹੈ, ਉਹ ਸੇਬਾਂ ਦੀ ਲੋਅ ਚੀਲਿੰਗ ਵਰਾਇਟੀ ਹੈ। ਇਨ੍ਹਾਂ 'ਚ ਦੋ ਕਿਸਮਾਂ ਦੇ ਸੇਬ ਮਸ਼ਹੂਰ  ਹਨ ਅੰਨਾ ਅਤੇ ਗੋਲਡਨ ਸੇਬ। ਇਹ ਸੇਬ 15 ਮਈ ਤੋਂ 15 ਜੂਨ 'ਚ ਜਾ ਕੇ ਪੱਕਦੇ ਹਨ, ਜਿਸ ਸਮੇਂ ਤਾਪਮਾਨ 45 ਤੋਂ 46 ਡਿਗਰੀ ਹੋ ਜਾਂਦਾ ਹੈ ਪਰ ਅਜਿਹੇ 'ਚ ਇਨ੍ਹਾਂ ਨੂੰ ਤੋੜਨ ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਲਈ ਡਾ. ਗੁਰਿੰਦਰ ਸਲਾਹ ਦਿੰਦੇ ਨੇ ਕਿ ਇਸ ਨੂੰ ਸਵੇਰ ਦੇ ਸਮੇਂ ਤੋੜੋ ਅਤੇ ਫਿਰ ਕੋਲਡ ਸਟੋਰ 'ਚ ਚਾਰ ਘੰਟਿਆਂ ਤੱਕ ਰੱਖ ਕੇ 10 ਦਿਨ ਨਾਰਮਲ ਰੂਮ ਟੈਂਪਰੇਚਰ 'ਚ ਰੱਖ ਸਕਦੇ ਹਾਂ। 

ਉਨ੍ਹਾਂ ਹੋਰ ਕਿਸਾਨਾਂ ਨੂੰ ਵੀ ਸਲਾਹ ਦਿੰਦੇ ਕਿਹਾ ਕਿ ਤੁਸੀਂ ਵੀ ਪਹਿਲਾ ਥੋੜ੍ਹੇ-ਜਿਹੇ ਬੂਟੇ ਲਗਾਓ ਅਤੇ ਫਿਰ ਜੇਕਰ ਵਧੀਆ ਕਮਾਈ ਹੁੰਦੀ ਹੈ ਤਾਂ ਇਸ ਦੀ ਵੱਡੇ ਪੱਧਰ 'ਤੇ ਖੇਤੀ ਕੀਤੀ ਜਾ ਸਕਦੀ ਹੈ। ਕਿਸਾਨ ਨੂੰ ਝੋਨੇ ਅਤੇ ਕਣਕ ਦੀਆਂ ਰਿਵਾਇਤੀ ਫਸਲਾਂ 'ਚੋਂ ਨਿਕਲ ਕੇ ਇਸ ਤਰ੍ਹਾਂ ਬਾਗਬਾਨੀ ਖੇਤੀ ਵੀ ਅਪਨਾਉਣੀ ਚਾਹੀਦੀ ਹੈ। ਇਸ ਦੀ ਮਾਰਕੀਟਿੰਗ ਵਧੀਆ ਹੈ ਅਤੇ ਮੁਨਾਫਾ ਵੀ ਜ਼ਿਆਦਾ ਹੁੰਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

Content Editor shivani attri