ਮੁੱਖ ਮੰਤਰੀ ਵੱਲੋਂ ਦੁਸਹਿਰੇ ਮੌਕੇ ਲੋਕਾਂ ਨੂੰ ਅਪੀਲ; ਸੂਬੇ ''ਚੋਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦਾ ਲਓ ਸੰਕਲਪ

Wednesday, Oct 25, 2023 - 01:17 AM (IST)

ਮੁੱਖ ਮੰਤਰੀ ਵੱਲੋਂ ਦੁਸਹਿਰੇ ਮੌਕੇ ਲੋਕਾਂ ਨੂੰ ਅਪੀਲ; ਸੂਬੇ ''ਚੋਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦਾ ਲਓ ਸੰਕਲਪ

ਹੁਸ਼ਿਆਰਪੁਰ (ਘੁੰਮਣ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਬੁਰਾਈ 'ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ 'ਤੇ ਸੂਬੇ 'ਚੋਂ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਇੱਥੇ ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਮਨਾਏ ਗਏ ਦੁਸਹਿਰੇ ਦੇ ਤਿਉਹਾਰ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਇਸ ਤਿਉਹਾਰ ਨੂੰ ਮਨਾਉਣ ਲਈ ਇੱਥੇ ਡੇਢ ਲੱਖ ਤੋਂ ਵੱਧ ਲੋਕ ਇਕੱਠੇ ਹੋਏ ਹਨ। ਸੀਐੱਮ ਮਾਨ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਿਉਹਾਰ ਨੂੰ ਹੋਰ ਵੱਡੇ ਪੱਧਰ 'ਤੇ ਮਨਾਉਣ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਦੁਸਹਿਰਾ ਗਰਾਊਂਡ ਵਜੋਂ ਜਾਣੇ ਜਾਂਦੇ ਸਥਾਨ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੱਡਾ ਬਣਾਉਣਾ ਚਾਹੀਦਾ ਹੈ, ਜਿਸ ਲਈ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 50 PCS ਅਫ਼ਸਰਾਂ ਦੇ ਤਬਾਦਲੇ, ਪੜ੍ਹੋ ਪੂਰੀ List

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਮੈਡੀਕਲ ਸਿੱਖਿਆ ਦੇ ਧੁਰੇ ਵਜੋਂ ਉਭਰਨ ਲਈ ਠੋਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਖੇ ਨਿਰਮਾਣ ਅਧੀਨ ਮੈਡੀਕਲ ਕਾਲਜ ਆਉਣ ਵਾਲੇ ਸਾਲ ਤੋਂ ਚਾਲੂ ਹੋ ਜਾਵੇਗਾ, ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ ਹੋਰ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ, ਜਿਸ ਨਾਲ ਸ਼ਹਿਰ ਦੀ ਨੁਹਾਰ ਬਦਲੇਗੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੇ ਅਸਲ ਮੁੱਖ ਮਹਿਮਾਨ ਭਗਵਾਨ ਰਾਮ ਹਨ, ਜਿਨ੍ਹਾਂ ਨੇ ਯੁੱਗਾਂ ਤੋਂ ਸਮੁੱਚੀ ਮਾਨਵਤਾ ਨੂੰ ਆਸ਼ੀਰਵਾਦ ਦਿੱਤਾ ਹੈ।

ਇਹ ਵੀ ਪੜ੍ਹੋ : ਲਾਸ਼ ਬਣ ਮੁੜਿਆ ਮਾਪਿਆਂ ਦਾ ਇਕਲੌਤਾ ਪੁੱਤ, 4 ਸਾਲ ਪਹਿਲਾਂ ਹੀ ਗਿਆ ਸੀ ਕੈਨੇਡਾ

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ’ਚ ਮਸ਼ਹੂਰ ਹੁਸ਼ਿਆਰਪੁਰ ਦੇ ਦੁਸਹਿਰੇ ਦਾ ਹਿੱਸਾ ਬਣਨਾ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਹੁਸ਼ਿਆਰਪੁਰ ਸ਼ਹਿਰ 'ਚ ਇਕਜੁੱਟ ਹੋ ਕੇ ਲੋਕਾਂ ਵੱਲੋਂ ਇਕੋ ਹੀ ਦੁਸਹਿਰਾ ਮਨਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਅਡੋਲ ਰਹਿਣ, ਆਪਣੇ ਗੁੱਸੇ ’ਤੇ ਕਾਬੂ ਰੱਖਣ ਅਤੇ ਨਫ਼ਰਤ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦਾ ਹੈ। ਇਹ ਤਿੰਨੇ ਕਾਰਕ ਸਭ ਤੋਂ ਬੁੱਧੀਮਾਨ ਵਿਅਕਤੀ ਲਈ ਵੀ ਪਤਨ ਦਾ ਕਾਰਨ ਬਣਦੇ ਹਨ। ਮਾਨ ਨੇ ਕਿਹਾ ਕਿ ਤਿਉਹਾਰ ਸਾਨੂੰ ਆਪਸੀ ਭਾਈਚਾਰਕ ਸਾਂਝ ਰੱਖਣ ਦਾ ਉਪਦੇਸ਼ ਵੀ ਦਿੰਦੇ ਹਨ।

ਇਹ ਵੀ ਪੜ੍ਹੋ : ਹਸਪਤਾਲ 'ਚ ਖੂਨ ਚੜ੍ਹਾਉਣ ਤੋਂ ਬਾਅਦ 14 ਬੱਚਿਆਂ 'ਚ ਹੈਪੇਟਾਈਟਸ ਤੇ HIV ਦੀ ਹੋਈ ਪੁਸ਼ਟੀ!

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਤਿਉਹਾਰ ਨੂੰ ਜਾਤ-ਪਾਤ, ਨਸਲ ਅਤੇ ਰੰਗ ਦੇ ਭੇਦਭਾਵ ਤੋਂ ਉਪਰ ਉਠ ਕੇ ਪੂਰੇ ਧਾਰਮਿਕ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਇਹ ਤਿਉਹਾਰ ਸਾਨੂੰ ਏਕਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹਨ ਅਤੇ ਇਸ ਦਿਨ ਸਾਨੂੰ ਸਾਰੀਆਂ ਸਮਾਜਿਕ ਬੁਰਾਈਆਂ ਤੋਂ ਛੁਟਕਾਰਾ ਪਾ ਕੇ ਆਪਣੇ ਸੂਬੇ ਨੂੰ ਦੇਸ਼ ਦਾ ਮੋਹਰੀ ਬਣਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਦੁਸਹਿਰੇ ਦਾ ਅਸਲ ਮਹੱਤਵ ਪਿਆਰ ਅਤੇ ਧਰਮ ਨਿਰਪੱਖਤਾ ਨਾਲ ਅਨਿਆਂ, ਬੁਰਾਈ ਅਤੇ ਹਉਮੈ ਵਿਰੁੱਧ ਲੜਨ ਵਿੱਚ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News