ਕੈਪਟਨ ਨੇ ਵਕੀਲਾਂ ਨੂੰ ਚੈਂਬਰਾਂ ਲਈ ਮੱਦਦ ਦੇਣ ਦਾ ਦਿੱਤਾ ਭਰੋਸਾ
Tuesday, Mar 05, 2019 - 04:17 AM (IST)
ਹੁਸ਼ਿਆਰਪੁਰ (ਘੁੰਮਣ)-ਵਕੀਲਾਂ ਦੇ ਇਕ ਵਫ਼ਦ ਨੇ ਪੀ. ਐੱਸ. ਘੁੰਮਣ ਪ੍ਰਧਾਨ ਜ਼ਿਲਾ ਬਾਰ ਐਸੋਸੀਏਸ਼ਨ ਦੀ ਅਗਵਾਈ ’ਚ ਹੁਸ਼ਿਆਰਪੁਰ ’ਚ ਊਨਾ ਰੋਡ ’ਤੇ 80 ਕਰੋਡ਼ ਦੀ ਲਾਗਤ ਨਾਲ ਬਣ ਰਹੇ ਨਵੇਂ ਜੁਡੀਸ਼ੀਅਰੀ ਕੰਪਲੈਕਸ ’ਚ ਵਕੀਲਾਂ ਦੇ ਨਵੇਂ ਚੈਂਬਰਾਂ ਸਬੰਧੀ ਆਪਣੀ ਮੰਗ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋਡ਼ਾ ਕੋਲ ਰੱਖੀ। ਜਿਸ ਸਬੰਧੀ ਉਨ੍ਹਾਂ ਨੇ ਕੈਪ. ਅਮਰਿੰਦਰ ਸਿੰਘ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਪਟਿਆਲਾ ਜੁਡੀਸ਼ੀਅਰੀ ਕੰਪਲੈਕਸ ’ਚ ਵਕੀਲਾਂ ਲਈ ਬਣਾਏ ਗਏ ਚੈਂਬਰਾਂ ਦੇ ਅਧਾਰ ’ਤੇ ਹੁਸ਼ਿਆਰਪੁਰ ਵਿਖੇ ਵੀ ਵਕੀਲਾਂ ਦੇ ਚੈਂਬਰ ਬਣਾਏ ਜਾਣ। ਵਕੀਲਾਂ ਦੀ ਇਸ ਮੰਗ ’ਤੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਨੀਤੀ ਤਹਿਤ ਜ਼ਮੀਨ ਮੁਹੱਈਆ ਕਰਵਾਈ ਜਾ ਸਕਦੀ ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਆਪਣੀ ਪੰਜ ਮੈਂਬਰੀ ਕਮੇਟੀ ਬਣਾ ਕੇ ਉਨ੍ਹਾਂ ਨੂੰ ਚੰਡੀਗਡ਼੍ਹ ਵਿਖੇ ਮਿਲ ਲੈਣ ਅਤੇ ਉਹ ਆਪਣੇ ਨਿੱਜੀ ਫੰਡ ਵਿਚੋਂ ਵਕੀਲਾਂ ਦੀ ਸਹਾਇਤਾ ਕਰਨਗੇ। ਕੈਪ. ਅਮਰਿੰਦਰ ਸਿੰਘ ਦੇ ਇਸ ਭਰੋਸੇ ਲਈ ਪ੍ਰਧਾਨ ਪੀ. ਐੱਸ. ਘੁੰਮਣ ਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਨੇ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋਡ਼ਾ ਦਾ ਧੰਨਵਾਦ ਕੀਤਾ।