ਹੁਸ਼ਿਆਰਪੁਰ ਦੀ ਰੂਚੀਕਾ ਨੇ ਵਧਾਇਆ ਪੰਜਾਬ ਦਾ ਮਾਣ

Monday, Apr 14, 2025 - 10:23 PM (IST)

ਹੁਸ਼ਿਆਰਪੁਰ ਦੀ ਰੂਚੀਕਾ ਨੇ ਵਧਾਇਆ ਪੰਜਾਬ ਦਾ ਮਾਣ

ਗੜ੍ਹਸ਼ੰਕਰ (ਬ੍ਰਹਮਪੁਰੀ ) : ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਤਹਿਸੀਲ ਦੇ ਬਲਾਕ ਮਾਹਿਲਪੁਰ 'ਚ ਪੈਂਦੇ ਪ੍ਰਸਿੱਧ ਪਿੰਡ ਮੈਲੀ ਦੀ ਰੂਚੀਕਾ ਦੀ ਚੋਣ ਕੋਰ ਆਫ ਮਿਲਟਰੀ ਪੁਲਸ ਵਿੱਚ ਹੋਈ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਸੀਐੱਮਪੀ ਲਈ ਪੰਜਾਬ ਵਿੱਚੋਂ ਪੰਜ ਤੇ ਪੂਰੇ ਭਾਰਤ ਵਿੱਚੋਂ 100 ਲੜਕੀਆਂ ਦੀ ਚੋਣ ਕੀਤੀ ਗਈ ਹੈ। 

ਰੂਚੀਕਾ ਖਾਲਸਾ ਕਾਲਜ ਮਾਹਿਲਪੁਰ ਦੀ ਬੀਐੱਸਸੀ ਭਾਗ ਪਹਿਲਾ ਵਿਦਿਆਰਥਣ ਅਤੇ ਐੱਨਸੀਸੀ ਦੀ ਬੀ ਸਰਟੀਫਿਕੇਟ ਹੋਲਡਰ ਕੈਡਿਟ ਹੈ। ਉਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਸਰੀਰਕ, ਲਿਖਤੀ ਅਤੇ ਮੈਡੀਕਲ ਟੈਸਟ ਮੈਰਿਟ ਵਿੱਚ ਰਹਿ ਕੇ ਪਾਸ ਕੀਤੇ ਹਨ। ਇਸ ਪ੍ਰਾਪਤੀ ਲਈ ਰੂਚਿਕਾ ਦਾ ਸਨਮਾਨ ਕਰਦਿਆਂ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਇਹ ਪੂਰੇ ਜ਼ਿਲ੍ਹੇ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਕੰਢੀ ਦੇ ਇੱਕ ਪਹਾੜੀ ਪਿੰਡ ਦੀ ਹੁੰਦੜਹੇਲ ਮੁਟਿਆਰ ਨੇ ਸ਼ਾਨਦਾਰ ਪ੍ਰਾਪਤੀ ਕਰਕੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸੁਰ-ਸੰਗਮ ਵਿੱਦਿਅਕ ਟਰੱਸਟ ਦੀ ਸਕੱਤਰ ਪ੍ਰਿੰ. ਮਨਜੀਤ ਕੌਰ ਨੇ ਕਿਹਾ ਕਿ ਰੂਚੀਕਾ ਨੇ ਆਪਣੇ ਦਾਦਾ ਸੰਤੋਖ ਸਿੰਘ ਅਤੇ ਦਾਦੀ ਗੁਰਮੀਤ ਕੌਰ ਤੋਂ ਪ੍ਰੇਰਨਾ ਲੈ ਕੇ ਇਸ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਪਿਤਾ ਅਵਤਾਰ ਸਿੰਘ ਅਤੇ ਮਾਤਾ ਕੁਸਮ ਲਤਾ ਦੱਸਿਆ ਕਿ ਬੱਚੀ ਤੜਕੇ 4 ਵਜੇ ਆਪਣਾ ਅਭਿਆਸ ਆਰੰਭ ਕਰਦੀ ਰਹੀ ਅਤੇ ਕੌਮੀ ਪੱਧਰ ਦੇ ਐੱਨਸੀਸੀ ਕੈਂਪਾਂ ਵਿੱਚ ਸ਼ਾਮਿਲ ਹੋ ਕੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦੀ ਰਹੀ ਹੈ।

ਇਸ ਮੌਕੇ ਰੂਚੀਕਾ ਨੇ ਆਪਣੀਆਂ ਸਾਥਣਾਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਹ ਹਰ ਖੇਤਰ ਵਿੱਚ ਮਿਹਨਤ ਤੇ ਲਗਨ ਨਾਲ ਕਾਮਯਾਬ ਹੋ ਸਕਦੀਆਂ ਹਨ। ਇਸ ਲਈ ਹਰ ਲੜਕੀ ਨੂੰ ਕਿਸੇ ਨਾ ਕਿਸੇ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਰੂਚੀਕਾ ਅਤੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਵਿੱਚ ਸਾਹਿਤਕ, ਵਿੱਦਿਅਕ, ਸਮਾਜਿਕ ,ਸੱਭਿਆਚਾਰਕ, ਖੇਡ ਅਤੇ ਮਿਲਟਰੀ ਨਾਲ ਸੰਬੰਧਿਤ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹਨ। ਸਨਮਾਨ ਸਮਾਰੋਹ ਮੌਕੇ ਹਰਮਨਪ੍ਰੀਤ ਕੌਰ, ਹਰਵੀਰ ਮਾਨ, ਜੈਸਮੀਨ, ਪਾਲਕ, ਅਮਨਦੀਪ ਕੌਰ,ਮੁਨੀਸ਼ ਕੁਮਾਰੀ ਅਤੇ ਪਰਿਵਾਰਕ ਮੈਂਬਰਾਂ ਸਮੇਤ ਪਤਵੰਤੇ ਹਾਜ਼ਰ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News