ਲੁਧਿਆਣਾ ਨੂੰ ਕੇਂਦਰੀ ਰੇਲ ਮੰਤਰੀ ਬਿੱਟੂ ਤੋਂ ਮੈਟਰੋ ਟਰੇਨ ਦੀ ਆਸ!
Wednesday, Jun 12, 2024 - 07:54 PM (IST)
ਲੁਧਿਆਣਾ, (ਮੁੱਲਾਂਪੁਰੀ)- ਲੁਧਿਆਣਾ ਤੋਂ ਥੋੜ੍ਹੀਆਂ ਵੋਟਾਂ ਨਾਲ ਪੱਛੜੇ ਪਰ ਮੋਦੀ ਸਰਕਾਰ ਵਿਚ ਕੇਂਦਰੀ ਰੇਲਵੇ ਰਾਜ ਮੰਤਰੀ ਬਣਨ ਵਿਚ ਸਫਲ ਹੋਏ ਰਵਨੀਤ ਸਿੰਘ ਬਿੱਟੂ ’ਤੇ ਹੁਣ ਪੰਜਾਬ ਦੇ ਮਾਨਚੈਸਟਰ ਅਤੇ ਹੌਜ਼ਰੀ ਵਪਾਰ, ਸਾਈਕਲ ਵਪਾਰ ਦੇ ਗੜ੍ਹ ਲੁਧਿਆਣਾ ਨੂੰ ਵੱਡੀਆਂ ਆਸਾਂ ਹਨ ਕਿ ਬਿੱਟੂ ਜਲਦ ਹੀ ਲੁਧਿਆਣਾ ਨੂੰ ਮੈਟਰੋ ਟਰੇਨ ਦਾ ਤੋਹਫਾ ਦੇਣਗੇ। ਇਹ ਮੈਟਰੋ ਲੁਧਿਆਣਾ ਦੇ ਅੰਦਰੂਨੀ ਤੇ ਬਾਹਰਲੇ ਇਲਾਕਿਆਂ ਗਿੱਲ, ਲਾਡੋਵਾਲ, ਕੋਹਾੜਾ, ਸਾਹਨੇਵਾਲ, ਜੋਧਾਂ, ਹੰਬੜਾਂ, ਇਯਾਲੀ ਚੌਕ ਅਤੇ ਆਸੇ-ਪਾਸੇ ਦੇ ਹੋਰਨਾਂ ਇਲਾਕਿਆਂ ਨਾਲ ਜੋੜਨ ਨਾਲ ਲੁਧਿਆਣਾ ਦੀ ਤਸਵੀਰ ਹੋਰ ਵੱਡੀ ਹੋਵੇਗੀ।
ਲੋਕਾਂ ਨੂੰ ਆਸ ਹੈ ਕਿ ਲੁਧਿਆਣਾ ਬਾਰੇ ਅਕਾਲੀ ਸਰਕਾਰ ਹੁੰਦਿਆਂ ਸੁਖਬੀਰ ਸਿੰਘ ਬਾਦਲ ਨੇ ਮੈਟਰੋ ਚਲਾਉਣ ਦੀ ਗੱਲ ਆਖੀ ਸੀ ਪਰ ਉਹ ਪੂਰੀ ਨਹੀਂ ਕਰਵਾ ਸਕੇ। ਹੁਣ ਖੁਦ ਬਿੱਟੂ ਨੇ ਆਪਣੇ ਲੁਧਿਆਣਾ ਐਲਾਨਨਾਮੇ ਵਿਚ ਆਖਿਆ ਸੀ ਕਿ ਉਹ ਮੈਟਰੋ ਲਿਆਉਣਗੇ। ਹੁਣ ਤਾਂ ਦਸੇ ਉਂਗਲਾਂ ਘਿਓ ਵਿਚ ਹਨ। ਭਾਵ ਕੇਂਦਰੀ ਰੇਲ ਮੰਤਰੀ ਬਣ ਗਏ ਹਨ। ਹੁਣ ਬਿੱਟੂ ਜ਼ਰੂਰ ਇਸ ਪੁਰਾਣੀ ਮੰਗ ਨੂੰ ਬੂਰ ਪਾਉਣਗੇ ਅਤੇ ਲੁਧਿਆਣਾ ਦੇ ਇਤਿਹਾਸ ਵਿਚ ਆਪਣਾ ਨਾਮ ਦਰਜ ਕਰਵਾਉਣਗੇ। ਇਸ ਤਰ੍ਹਾਂ ਦੀ ਚਰਚਾ ਹੁਣ ਆਮ ਲੁਧਿਆਣਵੀ ਕਰਨ ਲਗ ਪਏ ਹਨ।