ਆਨਰ ਕਿਲਿੰਗ : ਪ੍ਰੇਮੀ ਦੇ ਇਸ਼ਕ ''ਚ ਪਈ ਧੀ ਨੂੰ ਪਰਿਵਾਰ ਨੇ ਮਾਰ ਮੁਕਾਇਆ, ਦਾਦੇ ਦਾ ਕਾਲਜਾ ਫਟਿਆ ਤਾਂ ਦੱਸਿਆ ਸੱਚ

Tuesday, Aug 09, 2022 - 11:00 AM (IST)

ਆਨਰ ਕਿਲਿੰਗ : ਪ੍ਰੇਮੀ ਦੇ ਇਸ਼ਕ ''ਚ ਪਈ ਧੀ ਨੂੰ ਪਰਿਵਾਰ ਨੇ ਮਾਰ ਮੁਕਾਇਆ, ਦਾਦੇ ਦਾ ਕਾਲਜਾ ਫਟਿਆ ਤਾਂ ਦੱਸਿਆ ਸੱਚ

ਤਲਵੰਡੀ ਸਾਬੋ (ਮੁਨੀਸ਼) : ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿਖੇ ਅਣਖ ਖ਼ਾਤਰ ਪਰਿਵਾਰ ਦੇ ਕੁੱਝ ਮੈਂਬਰਾਂ ਵੱਲੋਂ ਆਪਣੀ ਹੀ ਕੁੜੀ ਨੂੰ ਕਥਿਤ ਤੌਰ ’ਤੇ ਕਤਲ ਕਰ ਕਰ ਦਿੱਤਾ ਗਿਆ। ਸਿਰਫ ਇੰਨਾ ਹੀ ਨਹੀਂ, ਪਰਿਵਾਰ ਵੱਲੋਂ ਲਾਸ਼ ਨੂੰ ਵੀ ਖੁਰਦ-ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਕੁੜੀ ਦੇ ਦਾਦੇ ਦੇ ਬਿਆਨ ’ਤੇ ਮ੍ਰਿਤਕ ਕੁੜੀ ਦੇ ਮਾਤਾ-ਪਿਤਾ ਅਤੇ ਦੋ ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਪਿੰਡ ਨੰਗਲਾ ਦੇ ਗੁਰਚਰਨ ਸਿੰਘ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਉਸ ਦੇ ਚਾਰ ਪੁੱਤਰਾਂ ’ਚੋਂ ਉਹ ਆਪਣੇ ਪੁੱਤਰ ਮੇਜਰ ਸਿੰਘ ਕੋਲ ਰਹਿੰਦਾ ਹੈ।

ਇਹ ਵੀ ਪੜ੍ਹੋ : NRI ਮੁੰਡੇ ਨਾਲ ਵਿਆਹ ਕਰਵਾ ਅਮਰੀਕਾ ਪੁੱਜੀ ਕੁੜੀ, ਅਸਲੀਅਤ ਸਾਹਮਣੇ ਆਈ ਤਾਂ ਸਹੁਰਿਆਂ ਦੇ ਉੱਡੇ ਹੋਸ਼

ਮੇਜਰ ਸਿੰਘ ਦੀ ਸਭ ਤੋਂ ਛੋਟੀ ਧੀ ਕਿਸੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਜਿਸ ਕਰਕੇ ਘਰ 'ਚ ਅਕਸਰ ਕਲੇਸ਼ ਰਹਿੰਦਾ ਸੀ। 2 ਅਗਸਤ ਨੂੰ ਸਵੇਰੇ 5 ਵਜੇ ਅਸੀਂ ਗੁਰੂਘਰ ਮੱਥਾ ਟੇਕਣ ਗਏ ਸੀ ਤਾਂ ਵਿਹੜੇ 'ਚ ਮੰਜੇ ’ਤੇ ਪਈ ਉਸ ਦੀ ਪੋਤੀ ਨੂੰ ਉਸ ਦੇ ਪੋਤੇ ਰਾਮ ਸਿੰਘ ਨੇ ਮੂੰਹ ’ਤੇ ਸਿਰਹਾਣਾ ਰੱਖ ਕੇ ਸਾਹ ਬੰਦ ਕਰਕੇ ਮਾਰ ਦਿੱਤਾ। ਗੁਰਚਰਨ ਸਿੰਘ ਨੇ ਆਪਣੇ ਬਿਆਨ 'ਚ ਕਿਹਾ ਕਿ ਜਦੋਂ ਮੇਰਾ ਪੁੱਤਰ ਅਤੇ ਨੂੰਹ ਅਤੇ ਦੂਜਾ ਪੋਤਾ ਘਰ ਆ ਗਏ ਤਾਂ ਪੋਤੇ ਰਾਮ ਸਿੰਘ ਨੇ ਕੁੜੀ ਨੂੰ ਮਾਰਨ ਦੀ ਗੱਲ ਉਨ੍ਹਾਂ ਨਾਲ ਸਾਂਝੀ ਕੀਤੀ। ਫਿਰ ਇਨ੍ਹਾਂ ਚਾਰਾਂ ਨੇ ਆਪਸ 'ਚ ਹਮਸਲਾਹ ਹੋ ਕੇ ਕੁੜੀ ਨੂੰ ਦਿਲ ਦਾ ਦੌਰਾ ਪੈਣ ਬਹਾਨੇ ਮਰੀ ਦੱਸ ਕੇ ਰਿਸ਼ਤੇਦਾਰ ਬੁਲਾ ਲਏ ਅਤੇ ਅੰਤਿਮ ਸੰਸਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਦੋਵੇਂ ਜੀਆਂ ਦਾ ਰਾਜ਼ੀਨਾਮਾ ਕਰਵਾਉਣ 'ਚ ਫਸ ਗਈ ਮਨੀਸ਼ਾ ਗੁਲਾਟੀ, ਮੁੰਡੇ ਨੇ ਰੱਖ ਦਿੱਤੀ ਇਹ ਸ਼ਰਤ (ਵੀਡੀਓ)

ਦਾਦੇ ਨੇ ਦੱਸਿਆ ਕਿ ਉਹ ਆਪਣੀ ਪੋਤੀ ਦੇ ਕਤਲ ਕਾਰਨ ਅੰਦਰੋ ਅੰਦਰੀ ਘੁਟਣ ਮਹਿਸੂਸ ਕਰ ਰਿਹਾ ਸੀ, ਜਿਸ ਕਰਕੇ ਉਸ ਨੇ ਪੁਲਸ ਨੂੰ ਸਾਰੀ ਕਹਾਣੀ ਦੱਸ ਦਿੱਤੀ। ਉਧਰ ਤਲਵੰਡੀ ਸਾਬੋ ਪੁਲਸ ਨੇ ਗੁਰਚਰਨ ਸਿੰਘ ਦੇ ਬਿਆਨ ’ਤੇ ਉਸ ਦੇ ਪੁੱਤਰ ਮੇਜਰ ਸਿੰਘ, ਨੂੰਹ ਸਰਬਜੀਤ ਕੌਰ, ਪੋਤਿਆਂ ਰਾਮ ਸਿੰਘ ਅਤੇ ਲਛਮਣ ਸਿੰਘ ਵਾਸੀਆਨ ਨੰਗਲਾ ਖ਼ਿਲ਼ਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਪੁਲਸ ਨੇ ਮਾਮਲੇ 'ਚ ਮੁੱਖ ਕਥਿਤ ਦੋਸ਼ੀ ਰਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਤਲਵੰਡੀ ਸਾਬੋ ਮੁਖੀ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਆਰੰਭ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News