ਹਨੀ ਟ੍ਰੈਪ: ਆਈ.ਐੱਸ.ਆਈ. ਨੂੰ ਸੂਚਨਾਵਾਂ ਭੇਜਣ ਵਾਲਾ ਜਾਸੂਸ ਕਾਬੂ
Saturday, Sep 18, 2021 - 03:17 PM (IST)
ਬਠਿੰਡਾ (ਵਰਮਾ): ਹਨੀ ਟ੍ਰੈਪ 'ਚ ਫਸ ਕੇ ਆਈ.ਐੱਸ.ਆਈ.(ਪਾਕਿਸਤਾਨੀ ਖੁਫ਼ੀਆ ਏਜੰਸੀ) ਨੂੰ ਸੂਚਨਾਵਾਂ ਭੇਜਣ ਵਾਲੇ ਇਕ ਵਿਅਕਤੀ ਨੂੰ ਕਾਊਟਰ ਇੰਟੈਲੀਜੈਟ ਏਜੰਸੀ ਵਲੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਕਾਊਟਰ ਇੰਟੈਲੀਜੈਸ ਨੂੰ ਸੂਚਨਾ ਮਿਲੀ ਸੀ ਕਿ ਐੱਮ.ਈ.ਐੱਸ. ਬਠਿੰਡਾ ਦਾ ਇਕ ਮੁਲਜ਼ਮ ਪਾਕਿਸਤਾਨੀ ਖੁਫ਼ੀਆ ਏਜੰਸੀ ਨੂੰ ਆਰਮੀ ਦੀਆਂ ਖੁਫ਼ੀਆਂ ਸੂਚਨਾਵਾਂ ਭੇਜ ਰਿਹਾ ਹੈ। ਇੰਟੈਲੀਜੈਸ ਵਲੋਂ ਐੱਸ.ਪੀ.ਦੇਸਰਾਜ ਦੀ ਨਿਗਰਾਨੀ ਹੇਠ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਨੂੰ ਤਿਆਰ ਕੀਤਾ ਗਿਆ। ਪੁਲਸ ਵਲੋਂ ਸ਼ੱਕ ਦੇ ਆਧਾਰ ’ਤੇ ਗੁਰਵਿੰਦਰ ਸਿੰਘ ਪੁੱਤਰ ਸਿਮਰਜੀਤ ਸਿੰਘ ਵਾਸੀ ਚੰਡੀਗੜ੍ਹ, ਪਲਾਟ ਬਠਿੰਡਾ ਆਰਮੀ ਵਿਚ ਬਤੌਰ ਮਲਟੀ ਟਾਸਕਿੰਗ ਸਟਾਫ਼ ਵਿਚ ਬਤੌਰ ਪੀਅਨ ਦੀ ਨੌਕਰੀ ਕਰਦਾ ਹੈ ਨੂੰ ਰਾਊਡਅੱਪ ਕੀਤਾ ਗਿਆ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਕਤ ਵਿਅਕਤੀ ਨੂੰ ਪਾਕਿਸਤਾਨੀ ਕਰਮਚਾਰੀ ਖੁਸ਼ਦੀਪ ਕੌਰ ਵਾਸੀ ਜੈਪੁਰ (ਰਾਜ) ਹਾਲ ਦਫ਼ਤਰ ਪੀ.ਸੀ.ਡੀ.ਏ. ਜੋ ਪਾਕਿਸਤਾਨੀ ਖੁਫ਼ੀਆ ਏਜੰਸੀ (ਆਈ.ਐੱਸ.ਆਈ.) ਲਈ ਕੰਮ ਕਰਦੀ ਹੈ ਨੇ ਉਸ ਨੂੰ ਹਨੀ ਟ੍ਰੈਪ ਵਿਚ ਫਸਾ ਲਿਆ। ਜਿਸ ਤੋਂ ਬਾਅਦ ਉਹ ਗੁਰਵਿੰਦਰ ਸਿੰਘ ਤੋਂ ਭਾਰਤੀ ਫੌਜ ਦੀਆਂ ਗੁਪਤ ਸੂਚਨਾਵਾਂ ਵਟਸਅੱਪ,ਫੇਸਬੁੱਕ ਰਾਹੀਂ ਉਕਤ ਕੁੜੀ ਭੇਜਦਾ ਰਿਹਾ। ਇਸ ਤੋਂ ਇਲਾਵਾ ਡੀਫੈਸ ਕਰਮਚਾਰੀ ਨੇ ਪੀ.ਆਈ.ਓ ਨੂੰ ਵੈਸਟਰਨ ਸੀ.ਐੱਮ.ਡੀ.ਪੋਸਟਿੰਗ ਗਰੁੱਪ ਅਤੇ ਐੱਮ.ਈ.ਐੱਸ. ਇੰਨਫਰਮੇਸ਼ਨ ਅਪਡੇਟ ਗਰੁੱਪ ਵਿਚ ਸ਼ਾਮਲ ਕਰਵਾਇਆ ਸੀ। ਉਕਤ ਕੁੜੀ ਇਸ ਗਰੁੱਪ 'ਤੇ ਨਜ਼ਰ ਰੱਖਦੀ ਸੀ। ਉਕਤ ਕੁੜੀ ਨੇ ਸੋਸ਼ਲ ਮੀਡੀਆ ਰਾਹੀਂ ਹੀ ਆਪਣੇ ਜਾਲ ਵਿਚ ਫਸਾਇਆ ਅਤੇ ਜਾਣਕਾਰੀ ਹਾਸਲ ਕੀਤੀ। ਮੁਲਜ਼ਮ ਵਲੋਂ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਦੀ ਏਜੰਟ ਨਾਲ ਵੀਡੀਓ ਅਤੇ ਆਡੀਓ ਕਾਲ ਵੀ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਪਾਸੋਂ ਭਾਰਤੀ ਫੌਜ ਦੀਆ ਖੁਫ਼ੀਆ ਜਾਣਕਾਰੀ ਦੇਣ ਲਈ ਵਰਤੇ ਗਏ ਲੈਪਟਾਪ, ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ ਹੈ ਜਿਸ ਵਿਚ ਮੌਜੂਦ ਡਾਟੇ ਦੀ ਤਹਿ ਤੱਕ ਪੜਤਾਲ ਕੀਤੀ ਜਾਵੇਗੀ। ਫ਼ਿਲਹਾਲ ਪੁਲਸ ਵਲੋਂ ਗੁਰਵਿੰਦਰ ਸਿੰਘ ਖ਼ਿਲਾਫ਼ ਥਾਣਾ ਕੈਂਟ ਵਿਖੇ ਆਫ਼ੀਸੀਅਲ ਸੀਕਰੇਟ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।