ਸ੍ਰੀ ਹਰਿਮੰਦਰ ਸਾਹਿਬ ਗਿਆ ਸੀ ਪੂਰਾ ਪਰਿਵਾਰ, ਮੌਕਾ ਦੇਖ ਚੋਰਾਂ ਨੇ ਉਡਾਏ ਲੱਖਾਂ ਰੁਪਏ (ਤਸਵੀਰਾਂ)

Tuesday, Oct 24, 2017 - 07:03 PM (IST)

ਜਲੰਧਰ(ਸੋਨੂੰ)— ਇਥੋਂ ਦੀ ਸ਼ੇਰ ਸਿੰਘ ਕਾਲੋਨੀ, ਬਸਤੀ ਪੀਰਦਾਦ ਰੋਡ 'ਤੇ ਮਕਾਨ ਨੰਬਰ 313 'ਚ ਉਸ ਸਮੇਂ ਹਲਚਲ ਮਚ ਗਈ ਜਦੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਏ ਪਰਿਵਾਰ ਨੇ ਆਪਣੇ ਘਰ ਦੀ ਕੰਧ ਨੂੰ ਟੁੱਟਾ ਹੋਇਆ ਪਾਇਆ। ਘਰ ਦੇ ਅੰਦਰ ਦਾ ਅਜਿਹਾ ਹਾਲ ਦੇਖ ਕੇ ਪੂਰਾ ਪਰਿਵਾਰ ਹੈਰਾਨ ਰਹਿ ਗਿਆ।
ਜਾਣਕਾਰੀ ਦਿੰਦੇ ਹੋਏ ਹਰਦੀਪ ਮਾਨ ਪੁੱਤਰ ਸਵ. ਜਗਦੀਸ਼ ਮਾਨ ਨੇ ਦੱਸਿਆ ਉਹ ਨੈੱਟਵਰਕ ਇੰਜੀਨੀਅਰ ਦਾ ਕੰਮ ਕਰਦੇ ਹਨ ਅਤੇ ਪੂਰੇ ਪਰਿਵਾਰ ਦੇ ਨਾਲ ਸੋਮਵਾਰ ਰਾਤ ਕਰੀਬ 10.30 ਵਜੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਸਨ। ਮੰਗਲਵਾਰ ਸਵੇਰੇ ਵਾਪਸ ਆਉਂਦੇ ਸਮੇਂ 7 ਵਜੇ ਦੇ ਕਰੀਬ ਉਨ੍ਹਾਂ ਦੇ ਗੁਆਂਢੀ ਦਾ ਫੋਨ ਆਇਆ ਕਿ ਤੁਹਾਡੇ ਘਰ ਦੀ ਕੰਧ ਟੁੱਟੀ ਹੋਈ ਹੈ ਅਤੇ ਕੁੱਤੇ ਨੂੰ ਵੀ ਕੁਝ ਹੋ ਗਿਆ ਹੈ। ਜਦੋਂ ਉਨ੍ਹਾਂ ਨੇ ਘਰ ਆ ਕੇ ਦੇਖਿਆ ਤਾਂ ਘਰ ਦੀ ਕੰਧ ਟੁੱਟੀ ਹੋਈ ਸੀ ਅਤੇ ਕੁੱਤਾ ਜਰਮਨ ਸ਼ੈਫਰਡ ਵੀ ਬੇਹੋਸ਼ ਪਿਆ ਸੀ, ਜਿਸ ਨੂੰ ਕੁਝ ਖੁਆ ਦਿੱਤਾ ਗਿਆ ਸੀ। ਹਰਦੀਪ ਅਤੇ ਉਸ ਦੇ ਪਰਿਵਾਰ ਮੁਤਾਬਕ ਉਨ੍ਹਾਂ ਦੇ ਘਰੋਂ 5 ਲੱਖ ਦੇ ਗਹਿਣੇ, 70 ਹਜ਼ਾਰ ਦੀ ਨਕਦੀ, 20 ਹਜ਼ਾਰ ਦੀ ਚਾਂਦੀ, 3 ਮੋਬਾਇਲ ਅਤੇ ਇਕ ਟੈਬ ਦੇ ਨਾਲ ਉਨ੍ਹਾਂ ਦੀ ਐੱਲ.ਈ.ਡੀ. ਵੀ ਚੋਰੀ ਹੋ ਚੁੱਕੀ ਹੈ। ਮੌਕੇ 'ਤੇ ਪਹੁੰਚੇ ਥਾਣਾ ਬਾਵਾ ਖੇਲ ਦੇ ਐੱਸ. ਐੱਚ. ਓ, ਏ. ਸੀ. ਪੀ. ਕੈਲਾਸ਼ ਚੰਦਰ ਅਤੇ ਫਿੰਗਰ ਪ੍ਰਿੰਟਸ ਐਕਸਪਰਟ ਦੀ ਟੀਮ ਜਾਂਚ 'ਚ ਜੁਟੀ ਹੈ। 

PunjabKesari

ਤੁਹਾਨੂੰ ਦੱਸ ਦਈਏ ਤਿੰਨ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਹਰਦੀਪ ਦੇ ਘਰ ਚੋਰੀ ਹੋਈ ਸੀ, ਜਿਸ ਦਾ ਪੁਲਸ ਅਜੇ ਤੱਕ ਕੋਈ ਸੁਰਾਗ ਨਹੀਂ ਲਭ ਸਕੀ ਹੈ। ਅਜੇ ਵੀ ਪੁਲਸ ਦਾ ਇਹ ਹੀ ਕਹਿਣਾ ਹੈ ਕਿ ਚੋਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। 
ਜ਼ਿਕਰਯੋਗ ਹੈ ਕਿ ਜਲੰਧਰ 'ਚ ਹੀ ਮੰਗਲਵਾਰ ਸਵੇਰੇ ਹੀ ਸ਼ਹੀਦ ਉਧਮ ਸਿੰਘ ਨਗਰ 'ਚ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਥੋਂ ਚੋਰ ਕਰੀਬ 70 ਤੋਲਾ ਸੋਨਾ ਅਤੇ 1 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਏ ਹਨ। 


Related News