ਘਰ ’ਚ ਕੰਮ ਵਾਲੀਆਂ ਰੱਖਣ ਵਾਲੇ ਹੋ ਜਾਣ ਸਾਵਧਾਨ, ਤੁਸੀਂ ਵੀ ਹੋ ਸਕਦੇ ਹੋ ਇੰਝ ਲੁੱਟ ਦਾ ਸ਼ਿਕਾਰ
Friday, May 27, 2022 - 06:27 PM (IST)
ਜਲੰਧਰ— ਜੇਕਰ ਤੁਸੀਂ ਵੀ ਘਰ ’ਚ ਕੰਮ ਕਰਨ ਲਈ ਕੋਈ ਨੌਕਰਾਣੀ ਰੱਖੀ ਹੈ ਤਾਂ ਤੁਹਾਡੇ ਲਈ ਇਹ ਖ਼ਬਰ ਅਹਿਮ ਹੋ ਸਕਦੀ ਹੈ। ਦਰਅਸਲ ਦੋ ਨੌਕਰਾਣੀਆਂ ਵੱਲੋਂ ਜਲੰਧਰ ਅਤੇ ਲੁਧਿਆਣਾ ’ਚ ਕੋਠੀ ’ਚ ਹੱਥ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਕੋਠੀ ’ਚ ਸਫ਼ਾਈ ਕਰਨ ਦੀ ਗੱਲ ਕਹਿ ਕੇ ਕੰਮ ਮੰਗਦੀਆਂ ਹਨ ਅਤੇ ਮੌਕਾ ਮਿਲਦੇ ਹੀ ਕੈਸ਼ ਅਤੇ ਗਹਿਣੇ ਲੈ ਕੇ ਫਰਾਰ ਹੋ ਜਾਂਦੀਆਂ ਹਨ। ਕੰਮ ਵਾਲੀਆਂ ਬਣ ਕੇ ਆਈਆਂ ਦੋ ਔਰਤਾਂ ਲੁਧਿਆਣਾ ਦੇ ਬਾਅਦ ਜਲੰਧਰ ਸਿਟੀ ਦੇ ਲਾਜਪਤ ਨਗਰ ’ਚ ਵਾਰਦਾਤ ਨੂੰ ਅੰਜਾਮ ਦੇ ਗਈਆਂ। ਦੋਵੇਂ ਕਰੀਬ ਡੇਢ ਘੰਟਾ ਪਹਿਲਾਂ ਹੀ ਨੌਕਰੀ ’ਤੇ ਲੱਗੀਆਂ ਸਨ ਅਤੇ 4 ਲੱਖ ਰੁਪਏ, ਸੋਨੇ ਦੀਆਂ 12 ਚੂੜੀਆਂ, ਦੋ ਲੇਡੀਜ਼ ਮੁੰਦਰੀਆਂ ਅਤੇ ਇਕ ਜੋੜੀ ਡਾਇਮੰਡ ਏਅਰਰਿੰਗ ਲੈ ਗਈਆਂ। ਕਾਰੋਬਾਰੀ ਪਹਿਲਾਂ ਆਪਣੇ ਪੱਧਰ ’ਤੇ ਤਲਾਸ਼ ’ਚ ਜੁਟੇ ਰਹੇ ਪਰ ਸੁਰਾਗ ਨਾ ਮਿਲਣ ’ਤੇ 10 ਦਿਨਾਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਪੰਜਾਬ ਵਿਚ ਹੁਣ ਹੋਵੇਗੀ ਫਰਦਾਂ ਦੀ ਹੋਮ ਡਿਲਿਵਰੀ
ਥਾਣਾ ਚਾਰ ਦੀ ਪੁਲਸ ਨੇ ਅਣਪਛਾਤੀਆਂ ਔਰਤਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਲੁਧਿਆਣਾ ’ਚ ਰਾਣੀ ਝਾਂਸੀ ਰੋਡ ’ਤੇ 4 ਮਈ ਨੂੰ ਦੋਵੇਂ ਇਹੀ ਔਰਤਾਂ ਕੰਮ ਵਾਲੀਆਂ ਬਣ ਕੇ ਆਈਆਂ ਸਨ। ਲੁਧਿਆਣਾ ਦੇ ਕਾਰੋਬਾਰੀ ਦੇ ਘਰ ’ਚ ਹੱਥ ਸਾਫ਼ ਕਰਕੇ ਬੜੇ ਆਰਾਮ ਨਾਲ ਉਥੋਂ ਨਿਕਲ ਗਈਆਂ। ਉਥੇ ਹੀ ਲਾਜਪਤ ਰਾਏ ਦੇ ਰਹਿਣ ਵਾਲੇ ਕਾਰੋਬਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚ ਕਾਫ਼ੀ ਸਮੇਂ ਤੋਂ ਮਹੇਸ਼ਵਰ ਸਿੰਘ ਨਾਂ ਦਾ ਸਬਜ਼ੀ ਵਿਕਰੇਤਾ ਆਉਂਦਾ ਹੈ। 16 ਮਈ ਨੂੰ ਕਾਲ ਕਰਕੇ ਦੱਸਿਆ ਕਿ ਕੁੜੀ ਕੰਮ ਲਈ ਭੇਜ ਰਿਹਾ ਹਾਂ। ਕਰੀਬ ਸਾਢੇ ਤਿੰਨ ਵਜੇ ਦੋ ਔਰਤਾਂ ਉਨ੍ਹਾਂ ਦੇ ਘਰ ਆਈਆਂ। ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਤੋਂ ਆਧਾਰ ਕਾਰਡ ਮੰਗਿਆ ਤਾਂ ਬੋਲੀਆਂ ਸਵੇਰੇ ਲੈ ਕੇ ਆਉਣਗੀਆਂ। ਉਨ੍ਹਾਂ ਸਮਝਿਆ ਕਿ ਸਬਜ਼ੀ ਵਾਲੇ ਦੀ ਪਛਾਣ ਵਾਲੀਆਂ ਹਨ। ਦੋਵੇਂ ਔਰਤਾਂ ਘਰ ’ਚ ਸਫ਼ਾਈ ਕਰਨ ਲੱਗੀਆਂ ਅਤੇ 5 ਵਜੇ ਚਲੀਆਂ ਗਈਆਂ। ਜਾਂਦੇ ਸਮੇਂ ਕੁਝ ਦੱਸ ਕੇ ਤੱਕ ਨਹੀਂ ਗਈਆਂ। ਬਾਅਦ ’ਚ ਜਦੋਂ ਬੈੱਡਰੂਮ ਦੀ ਜਾਂਚ ਕੀਤੀ ਗਈ ਤਾਂ ਵੇਖਿਆ ਕਿ 4 ਲੱਖ ਰੁਪਏ, ਸੋਨੇ ਦੀਆਂ 12 ਚੂੜੀਆਂ, ਦੋ ਲੇਡੀਜ਼ ਰਿੰਗਸ ਅਤੇ ਇਕ ਜੋੜੀ ਡਾਇਮੰਡ ਦੇ ਟਾਪਸ ਗਾਇਬ ਸਨ। ਸੀ. ਸੀ. ਟੀ. ਵੀ. ਚੈੱਕ ਕਰਨ ’ਤੇ ਪਤਾ ਲੱਗਾ ਕਿ ਦੋਵੇਂ ਔਰਤਾਂ ਸਾੜੀ ਦਾ ਪੱਲਾ ਸਿਰ ’ਤੇ ਰੱਖ ਅੰਦਰ ਆਈਆਂ ਸਨ ਅਤੇ ਉਸੇ ਤਰ੍ਹਾਂ ਹੀ ਬਾਹਰ ਚਲੀਆਂ ਗਈਆਂ। ਉਨ੍ਹਾਂ ਨੂੰ ਵੇਖ ਕੇ ਲੱਗਾ ਹੀ ਨਹੀਂ ਸੀ ਕਿ ਉਹ ਚੋਰ ਹਨ।
ਇਹ ਵੀ ਪੜ੍ਹੋ: ਪੰਜਾਬ-ਦਿੱਲੀ 'ਚ ਬਣੀ ਸਹਿਮਤੀ, ਹਵਾਈ ਅੱਡੇ ਤੋਂ 3 ਕਿਮੀ. ਦੂਰ ਉਤਾਰਨਗੀਆਂ ਪੰਜਾਬ ਰੋਡਵੇਜ਼ ਦੀਆਂ ਲਗਜ਼ਰੀ ਬੱਸਾਂ
ਖ਼ੁਦ ਨੂੰ ਬੇਬੱਸ ਦੱਸ ਕੇ ਸਬਜ਼ੀ ਵਾਲੇ ਤੋਂ ਮੰਗੀ ਸੀ ਮਦਦ
ਉਥੇ ਹੀ ਜਿਹੜੇ ਸਬਜ਼ੀ ਵਾਲੇ ਔਰਤਾਂ ਨੂੰ ਲਾਜਪਤ ਨਗਰ ’ਚ ਭੇਜਿਆ ਸੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਉਸ ਨੂੰ ਦੋਵੇਂ ਔਰਤਾਂ ਰਸਤੇ ’ਚ ਮਿਲੀਆਂ ਸਨ। ਖ਼ੁਦ ਨੂੰ ਬੇਬੱਸ ਦੱਸ ਕੇ ਕੋਠੀ ’ਚ ਕੰਮ ਕਰਨ ਦੀ ਮਦਦ ਮੰਗੀ ਸੀ। ਕਾਰੋਬਾਰੀ ਮੁਤਾਬਕ ਗਲੀ ’ਚ ਲੱਗੇ ਇਕ ਕੈਮਰੇ ’ਚ ਦੋਵੇਂ ਔਰਤਾਂ ਨਜ਼ਰ ਆਈਆਂ ਹਨ। ਪਹਿਲਾਂ ਆਪਣੇ ਪੱਧਰ ’ਤੇ ਜਾਂਚ ਕੀਤੀ ਗਈ ਫਿਰ ਬੁੱਧਵਾਰ ਨੂੰ ਥਾਣਾ ਨੰਬਰ-4 ਵਿਚ ਸ਼ਿਕਾਇਤ ਦਿੱਤੀ ਗਈ। ਜਲੰਧਰ ਅਤੇ ਲੁਧਿਆਣਾ ’ਚ ਚੋਰੀ ਕਰਨ ਵਾਲੀਆਂ ਔਰਤਾਂ ਨੇ ਇਕੋ ਰੰਗ ਦੀਆਂ ਸਾੜੀਆਂ ਪਾਈਆਂ ਹੋਈਆਂ ਸਨ। ਇਸ ਲਈ ਸ਼ੱਕ ਦੇ ਦਾਇਰੇ ’ਚ ਆ ਗਈਆਂ। ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵਧ ਸਕਦੀਆਂ ਨੇ ਬਰਖ਼ਾਸਤ ਸਿਹਤ ਮੰਤਰੀ ਸਿੰਗਲਾ ਦੀਆਂ ਮੁਸ਼ਕਿਲਾਂ, ਮਾਮਲੇ ਦੀ ਕਰ ਸਕਦੀ ਹੈ ED ਜਾਂਚ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ