ਮਠਿਆਈ ਦਾ ਡੱਬਾ ਲੈ ਕੇ ਰਿਸ਼ਤੇਦਾਰ ਬਣ ਕੇ ਆਏ ਲੁਟੇਰੇ, ਬਜ਼ੁਰਗ ਜੋੜੇ ਦੀ ਕੁੱਟਮਾਰ ਕਰਕੇ ਕੀਤੀ ਲੁੱਟਖੋਹ
Monday, Feb 12, 2018 - 02:38 PM (IST)
ਨਵਾਂਸ਼ਹਿਰ (ਤ੍ਰਿਪਾਠੀ)— ਰਿਸ਼ਤੇਦਾਰ ਦੱਸ ਕੇ ਮਠਿਆਈ ਦੇ ਡੱਬੇ ਨਾਲ ਘਰ 'ਚ ਦਾਖਲ ਹੋਏ 2 ਅਣਪਛਾਤੇ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੌਕ 'ਤੇ ਬਜ਼ੁਰਗ ਜੋੜੇ ਨਾਲ ਕੁੱਟਮਾਰ ਕਰਕੇ ਘਰ 'ਚੋਂ ਸੋਨੇ ਦੇ ਗਹਿਣੇ ਅਤੇ ਕੀਮਤੀ ਸਾਮਾਨ ਲੈ ਜਾਣ ਦਾ ਮਾਮਲਾ ਸਾਮਣੇ ਆਇਆ ਹੈ ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਗੜੁੱਪੜ ਥਾਣਾ ਮੁਕੰਦਪੁਰ ਵਾਸੀ ਗੁਰਦੇਵ ਕੌਰ (70) ਪਤਨੀ ਕੁਲਵੀਰ ਸਿੰਘ ਨੇ ਦੱਸਿਆ ਕਿ ਉਸ ਦੇ 4 ਲੜਕੇ ਵਿਦੇਸ਼ਾਂ 'ਚ ਕੰਮ ਕਰਦੇ ਹਨ। ਘਰ 'ਚ ਉਹ ਆਪਣੇ ਪਤੀ, ਗ੍ਰੀਸ 'ਚ ਰਹਿਣ ਵਾਲੇ ਲੜਕੇ ਦੀ ਪਤਨੀ ਅਤੇ ਉਸਦੀਆਂ 2 ਲੜਕੀਆਂ ਨਾਲ ਰਹਿੰਦੀ ਹੈ। ਉਸ ਨੇ ਦੱਸਿਆ ਕਿ ਐਤਵਾਰ ਨੂੰ ਉਸਦਾ ਲੜਕਾ ਜੋ ਕਰੀਬ 1 ਮਹੀਨਾ ਪਹਿਲਾਂ ਗ੍ਰੀਸ ਤੋਂ ਆਇਆ ਸੀ, ਆਪਣੇ ਪਰਿਵਾਰ ਨਾਲ ਨਵਾਂਸ਼ਹਿਰ ਕਿਸੇ ਵਿਆਹ ਸਮਾਰੋਹ 'ਚ ਗਿਆ ਸੀ, ਜਦਕਿ ਉਸ ਦਾ ਪਤੀ ਖੇਤਾਂ 'ਚ ਗਿਆ ਹੋਇਆ ਸੀ। ਉਸ ਨੇ ਦੱਸਿਆ ਕਿ ਬਾਅਦ ਦੁਪਹਿਰ ਕਰੀਬ ਸਾਢੇ 12 ਵਜੇ 30-32 ਸਾਲ ਦਾ ਇਕ ਨੌਜਵਾਨ ਹੱਥ 'ਚ ਮਠਿਆਈ ਦਾ ਡੱਬਾ ਲੈ ਕੇ ਅੰਦਰ ਆਇਆ ਅਤੇ ਕਿਹਾ ਕਿ ਉਹ ਰਿਸ਼ਤੇਦਾਰੀ 'ਚ ਆਇਆ ਹੈ। ਔਰਤ ਨੇ ਦੱਸਿਆ ਕਿ ਚਾਹ ਪਾਣੀ ਪੁੱਛਣ 'ਤੇ ਉਸ ਨੇ 2 ਕੱਪ ਚਾਹ ਦੀ ਮੰਗ ਕਰਦੇ ਹੋਏ ਕਿਹਾ ਕਿ ਉਸ ਦਾ ਇਕ ਸਾਥੀ ਬਾਹਰ ਖੜ੍ਹਾ ਹੈ।
ਔਰਤ ਨੇ ਦੱਸਿਆ ਕਿ ਉਹ ਜਿਉਂ ਹੀ ਕਿਚਨ 'ਚ ਚਾਹ ਬਣਾਉਣ ਲਈ ਗਈ ਤਾਂ ਉਕਤ ਨੌਜਵਾਨ ਨੇ ਉਸ ਦੀ ਚੁੰਨੀ ਨਾਲ ਉਸ ਦਾ ਗਲਾ ਦਬਾ ਕੇ ਕਮਰੇ 'ਚ ਘਸੀਟ ਕੇ ਲੈ ਗਿਆ ਅਤੇ ਹੇਠਾਂ ਡਿੱਗਾ ਕੇ ਖਿਡੌਣੇ ਵਰਗੀ ਪਿਸਤੌਲ ਤਾਨ ਕੇ ਕਿਹਾ ਕਿ ਆਵਾਜ਼ ਕੱਢੀ ਤਾਂ ਮਾਰ ਦੇਵਾਂਗਾ। ਉਕਤ ਨੌਜਵਾਨ ਨੇ ਉਸ ਦੇ ਚਿਹਰ 'ਤੇ ਕੋਈ ਸਪ੍ਰੇ ਵੀ ਕੀਤੀ। ਜਿਸ ਦੇ ਨਾਲ ਉਸ ਨੂੰ ਜਲਨ ਹੋਣ ਲੱਗੀ। ਇਸ ਦੌਰਾਨ ਉਸ ਦਾ ਪਤੀ ਵੀ ਖੇਤਾਂ ਤੋਂ ਘਰ ਪਰਤ ਆਇਆ, ਜਿਸ ਨੂੰ ਵੀ ਉਕਤ ਨੌਜਵਾਨਾਂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਉਸ ਦਾ ਪਤੀ ਬੇਹੋਸ਼ ਹੋ ਕੇ ਹੇਠਾਂ ਡਿੱਗ ਗਿਆ। ਔਰਤ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਘਰ ਦੀਆਂ ਸਾਰੀਆਂ ਅਲਮਾਰੀਆਂ ਦੀ ਫਰੌਲਾ-ਫਰਾਲੀ ਕਰਕੇ ਘਰ 'ਚ ਪਏ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ ।

ਖੇਤਾਂ ਤੋਂ ਪਤੀ ਦੇ ਘਰ ਆਉਣ ਕਾਰਨ ਲੁਟੇਰੇ ਨਕਦੀ ਲੈ ਜਾਣ 'ਚ ਰਹੇ ਅਸਫਲ
ਸ਼ਿਕਾਇਕਰਤਾ ਗੁਰਦੇਵ ਕੌਰ ਦੀ ਪੋਤੀ ਮਨਪ੍ਰੀਤ ਨੇ ਦੱਸਿਆ ਕਿ ਅਣਪਛਾਤੇ ਲੁਟੇਰੇ ਘਰ 'ਚੋਂ ਕਰੀਬ 50 ਤੌਲੇ ਸੋਨਾ ਲੈ ਗਏ ਹਨ ਅਤੇ ਵਿਆਹ ਕਾਰਨ ਕਰੀਬ 25 ਹਜ਼ਾਰ ਰੁਪਏ ਦੀ ਨਕਦੀ ਘਰ ਦੇ ਟਰੰਕ 'ਚ ਪਈ, ਜਿਸ ਨੂੰ ਲੁਟੇਰਿਆਂ ਨੇ ਤੌੜ ਲਿਆ ਸੀ ਪਰ ਦਾਦਾ ਜੀ ਦੇ ਘਰ ਆਉਣ ਨਾਲ ਉਕਤ ਲੁਟੇਰੇ ਨਕਦੀ ਚੋਰੀ ਕਰਨ 'ਚ ਸਫਲ ਨਹੀਂ ਹੋਏ ਜਦੋਂਕਿ ਉਸ ਦੇ ਮੰਮੀ ਅਤੇ ਪਾਪਾ ਦੇ ਕਮਰੇ ਵਿਚ ਵੀ ਫਰੌਲਾ ਫਰਾਲੀ ਕੀਤੀ ਸੀ ਪਰ ਉੱਥੋਂ ਕੁਝ ਲੈ ਕੇ ਨਹੀਂ ਗਏ ਅਤੇ ਉਥੇ ਪਿਆ ਇਕ ਆਈਫੋਨ ਆਪਣੇ ਨਾਲ ਲੈ ਗਏ ।
ਸੀ. ਸੀ. ਟੀ. ਵੀ. 'ਚ ਕੈਪਚਰ ਹੋਈਆਂ ਲੁਟੇਰਿਆਂ ਦੀਆਂ ਤਸਵੀਰਾਂ
ਬਜ਼ੁਰਗ ਜੋੜੇ ਨਾਲ ਕੁੱਟਮਾਰ ਕਰਕੇ ਪਿਸਤੌਲ ਨੁਮਾ ਚੀਜ਼ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਘਟਨਾ ਗੁਆਂਢ ਦੇ ਘਰ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਹੈ। ਲੁੱਟ ਦੀ ਵਾਰਦਾਤ ਦੇ ਬਾਅਦ ਫਿਲੌਰ ਰੋਡ ਵੱਲ ਨਿਕਲੇ ਲੁਟੇਰੇ ਅੱਗੇ ਕਿਸ ਵੱਲ ਗਏ ਹਨ, ਇਸ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਪੁਲਸ ਬਾਜ਼ਾਰ 'ਚ ਲੱਗੇ ਕੈਮਰਿਆਂ ਨੂੰ ਵੀ ਖੰਗਾਲ ਰਹੀ ਹੈ ।
ਜਾਣ-ਪਛਾਣ ਵਾਲੇ ਵਿਅਕਤੀ ਦਾ ਵਾਰਦਾਤ 'ਚ ਹੋ ਸਕਦਾ ਹੈ, ਹੱਥ
ਜਿਸ ਤਰ੍ਹਾਂ ਉਕਤ ਲੁਟੇਰਿਆਂ ਨੇ ਘਰ 'ਚ ਆ ਕੇ ਮਠਿਆਈ ਦਾ ਡੱਬਾ ਦਿੱਤਾ ਅਤੇ ਆਪ ਨੂੰ ਰਿਸ਼ਤੇਦਾਰ ਦੱਸਣ ਦੇ ਨਾਲ-ਨਾਲ ਇਹ ਵੀ ਕਿਹਾ ਕਿ ਪਿੰਡ 'ਚ ਉਨ੍ਹਾਂ ਦੇ ਦੂਜੇ ਘਰ ਤੋਂ ਵੀ ਚਾਹ ਪੀ ਕੇ ਆਏ ਹਨ, ਤੋਂ ਇਸ ਗੱਲ ਦੀ ਸੰਭਾਵਨਾ ਤੋਂ ਮਨਾਹੀ ਨਹੀਂ ਕੀਤੀ ਜਾ ਸਕਦੀ ਕਿ ਉਕਤ ਲੁਟੇਰੇ ਕਿਸੇ ਨਾ ਕਿਸੇ ਤਰ੍ਹਾਂ ਪਰਿਵਾਰ ਤੋਂ ਵਾਕਫ ਹੋ ਸਕਦੇ ਹਨ।
ਕੀ ਕਹਿੰਦੇ ਹਨ ਐੱਸ. ਐੱਚ. ਓ. ਰਮਨ ਕੁਮਾਰ
ਜਦੋਂ ਇਸ ਸਬੰਧੀ ਐੱਸ. ਐੱਚ. ਓ. ਰਮਨ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲੁਟੇਰੇ ਘਰ ਤੋਂ ਕਿੰਨਾ ਸੌਨਾ ਅਤੇ ਹੋਰ ਸਾਮਾਨ ਲੈ ਕਰ ਗਏ ਹਨ, ਉਸ ਦੀ ਪੂਰੀ ਜਾਣਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਔਰਤ ਕੋਲੋਂ ਪੂਰੀ ਜਾਣਕਾਰੀ ਮਿਲਣ ਦੇ ਬਾਅਦ ਹੀ ਪਤਾ ਚੱਲੇਗਾ। ਉਨ੍ਹਾਂ ਨੇ ਦੱਸਿਆ ਕਿ ਘਰ 'ਚ ਕਰੀਬ ਲੱਖ ਰੁਪਏ ਦੀ ਨਕਦੀ ਪਈ ਸੀ ਜੋ ਬੱਚ ਗਈ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਬਾਜ਼ਾਰ 'ਚ ਦੁਕਾਨਾਂ ਬੰਦ ਸੀ, ਜਿਸ ਕਾਰਨ ਬਾਜ਼ਾਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਸੋਮਵਾਰ ਖੰਗਾਲਿਆ ਜਾਵੇਗਾ। ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
