ਘਰ ''ਚ ਰੱਖਿਆ ਨੌਕਰ ਹੀ ਕਰੀਬ 30 ਲੱਖ ਦੇ ਗਹਿਣੇ ਲੈ ਕੇ ਹੋਇਆ ਫਰਾਰ
Thursday, Feb 27, 2020 - 04:24 PM (IST)
ਫਿਲੌਰ/ਜਲੰਧਰ (ਭਾਖੜੀ)— ਫਿਲੌਰ ਵਿਖੇ ਇਕ ਘਰ 'ਚ ਰੱਖੇ ਨੌਕਰ ਵੱਲੋਂ ਵੀ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਫਿਲੌਰ ਅੰਦਰ ਪੁਲਸ ਸਟੇਸ਼ਨ ਤੋਂ ਮਹਿਜ਼ ਕੁਝ ਹੀ ਦੂਰੀ 'ਤੇ ਇਕ ਘਰ 'ਚ ਕੰਮ ਕਰਨ ਵਾਲਾ ਇਕ ਨੌਜਵਾਨ 30 ਲੱਖ ਤੋਂ ਵੱਧ ਦੀ ਕੀਮਤ ਦੇ ਡਾਇਮੰਡ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਆਨੰਦ ਕੁਮਾਰ ਗੁਪਤਾ ਉਰਫ ਰਾਜੂ ਭੱਠੇਵਾਲਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਬੀਤੀ ਰਾਤ ਕਿਸੇ ਵਿਆਹ ਸਮਾਗਮ 'ਤੇ ਗਏ ਹੋਏ ਸਨ ਅਤੇ ਘਰ ਅੰਦਰ ਹੀ ਕੰਮ ਕਰਨ ਵਾਲਾ ਨੌਜਵਾਨ ਰਾਹੁਲ ਕੁਮਾਰ (21) ਵਾਸੀ ਅਹਿਰੋਈ ਜ਼ਿਲਾ ਹਰਦੋਈ ਪੁਲਸ ਸਟੇਸ਼ਨ ਖੇੜਾ ਯੂ. ਪੀ. ਹਾਜ਼ਰ ਸੀ ਅਤੇ ਜਦੋਂ ਉਹ ਰਾਤ 1 ਵਜੇ ਦੇ ਕਰੀਬ ਫਿਲੌਰ ਆਪਣੇ ਘਰ ਪੁੱਜੇ ਤਾ ਉਨ੍ਹਾਂ ਦੇਖਿਆ ਕਿ ਘਰ ਦਾ ਦਰਵਾਜਾ ਖੁੱਲ੍ਹਾ ਸੀ ਅਤੇ ਕਮਰੇ ਦੇ ਅੰਦਰ ਲੱਗਾ ਸ਼ੀਸ਼ਾ ਟੁੱਟਾ ਹੋਇਆ ਸੀ। ਜਦੋਂ ਉਨ੍ਹਾਂ ਸਾਰੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਰਾਹੁਲ 30 ਲੱਖ ਦੇ ਕਰੀਬ ਗਹਿਣੇ ਚੋਰੀ ਕਰਕੇ ਫਰਾਰ ਹੋ ਚੁੱਕਾ ਸੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਮੌਕੇ 'ਤੇ ਪਹੁੰਚੀ ਥਾਣਾ ਸਬੰਧਤ ਦੀ ਪੁਲਸ ਵੱਲੋਂ ਫੁਟੇਜ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।