ਪੁਲਸ ਮੁਲਾਜ਼ਮਾਂ ਲਈ 'ਹੋਮ ਅਵੇ ਫਰਾਮ ਹੋਮ' ਫੈਸਿਲਟੀ ਕੀਤੀ ਜਾਵੇਗੀ ਸਥਾਪਤ

Tuesday, Apr 21, 2020 - 09:20 AM (IST)

ਪੁਲਸ ਮੁਲਾਜ਼ਮਾਂ ਲਈ 'ਹੋਮ ਅਵੇ ਫਰਾਮ ਹੋਮ' ਫੈਸਿਲਟੀ ਕੀਤੀ ਜਾਵੇਗੀ ਸਥਾਪਤ

ਚੰਡੀਗੜ੍ਹ/ਜਲੰਧਰ (ਧਵਨ)  ਕੋਵਿਡ-19 ਵਿਰੁੱਧ ਮੋਹਰਲੀ ਕਤਾਰ 'ਚ ਡਟੇ ਪੰਜਾਬ ਪੁਲਸ ਦੇ ਜਵਾਨਾਂ ਲਈ ਹੁਣ ਜ਼ਿਲ੍ਹਿਆਂ ਜਿੱਥੇ ਉਹ ਡਿਊਟੀ ਕਰ ਰਹੇ ਹਨ, 'ਚ 'ਹੋਮ ਅਵੇ ਫਰਾਮ ਹੋਮ' ਫੈਸਿਲਟੀ ਸਥਾਪਤ ਕੀਤੀ ਜਾਵੇਗੀ, ਜਿੱਥੇ ਸੰਭਾਵਤ/ ਸ਼ੱਕੀ ਇਨਫੈਕਸ਼ਨ ਦੇ ਮਾਮਲੇ 'ਚ ਹੋਮ ਕੁਆਰੰਟਾਈਨ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਉਪਲੱਬਧ ਹੋਣਗੀਆਂ।
ਮੋਹਰਲੀ ਕਤਾਰ 'ਚ ਖੜ੍ਹ ਕੇ ਉੱਚ ਜੋਖ਼ਮ ਵਾਲੀਆਂ ਥਾਵਾਂ 'ਤੇ ਡਿਊਟੀ ਕਰ ਰਹੇ ਸਾਰੇ ਪੁਲਸ ਕਰਮਚਾਰੀਆਂ ਦੀ ਕਿਸੇ ਵੀ ਇਨਫੈਕਸ਼ਨ ਤੋਂ ਸੰਪੂਰਨ ਸੁਰੱਖਿਆ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਸਾਰੇ ਸੁਰੱਖਿਆ ਉਪਕਰਨ (ਫੁੱਲ ਬਾਡੀ ਪ੍ਰੋਟੈਕਟਿਕ ਵੀਅਰ) ਜਿਵੇਂ ਪੀ.ਪੀ.ਈ., ਐੱਨ-95 ਤੇ ਟ੍ਰਿਪਲ ਲੇਅਰ ਮਾਸਕ ਤੇ ਦਸਤਾਨੇ ਵੀ ਮੁਹੱਈਆ ਕਰਵਾਏ ਜਾਣਗੇ।
ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਜ਼ਿਲ੍ਹੇ 'ਚ ਤਾਇਨਾਤ ਪੁਲਸ ਮੁਲਾਜ਼ਮਾਂ 'ਚ ਕਿਸੇ ਵੀ ਫਲੂ ਜਾਂ ਕੋਵਿਡ ਜਿਹੇ ਲੱਛਣਾਂ ਦੀ ਜਲਦੀ ਪਛਾਣ ਲਈ ਪ੍ਰਭਾਵਸ਼ਾਲੀ ਉਪਾਅ ਕਰਨ ਤਾਂ ਜੋ ਉਨ੍ਹਾਂ ਦੀ ਜਲਦੀ ਸੰਭਾਲ, ਇਲਾਜ ਤੇ ਆਰਾਮ ਨੂੰ ਯਕੀਨੀ ਬਣਾਇਆ ਜਾ ਸਕੇ।
ਇਹ ਅਹਿਮ ਫੈਸਲੇ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਸੂਬੇ 'ਚ ਸਥਿਤੀ ਦਾ ਜਾਇਜ਼ਾ ਲੈਣ ਲਈ ਸਾਰੇ ਜ਼ਿਲ੍ਹਾ ਪੁਲਸ ਮੁਖੀਆਂ ਤੇ ਰੇਂਜਾਂ ਦੇ ਆਈ. ਜੀ./ਡੀ. ਆਈ. ਜੀ. ਨਾਲ ਇਕ ਵੀਡੀਓ ਕਾਨਫਰੰਸ ਦੌਰਾਨ ਲਏ ਗਏ ਕਿਉਂਕਿ ਦੇਸ਼ ਵਿਆਪੀ ਤਾਲਾਬੰਦੀ ਦਾ ਦੂਜਾ ਪੜਾਅ ਸੋਮਵਾਰ ਸਵੇਰ ਤੋਂ ਅਮਲ 'ਚ ਆ ਗਿਆ ਹੈ। ਮੀਟਿੰਗ 'ਚ ਸਟੇਟ ਹੈੱਡਕੁਆਰਟਰ ਦੇ ਅਹੁਦੇਦਾਰਾਂ, 7 ਏ. ਡੀ. ਜੀ. ਪੀਜ਼ ਜਿਨ੍ਹਾਂ ਨੂੰ ਜ਼ਿਲ੍ਹਾ ਪੁਲਸ ਦੇ ਕੰਮਕਾਜ ਤੇ ਕੋਵਿਡ ਸੰਕਟ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੇ ਅਮਲ ਦੀ ਨਿਗਰਾਨੀ ਕਰਨ ਲਈ ਪੁਲਸ ਰੇਂਜਾਂ ਦਾ ਇੰਚਾਰਜ ਲਗਾਇਆ ਗਿਆ ਹੈ, ਵੀ ਹਾਜ਼ਰ ਸਨ।
ਵੀਡੀਓ ਕਾਨਫਰੰਸ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਪੁਲਸ ਮੁਲਾਜ਼ਮਾਂ ਜਿਨ੍ਹਾਂ ਦੇ ਇਨਫੈਕਸ਼ਨ ਤੋਂ ਪ੍ਰਭਾਵਿਤ ਹੋਣ ਦਾ ਸ਼ੱਕ ਹੋਵੇ, ਨੂੰ ਇਕਾਂਤਵਾਸ ਲਈ ਘਰ ਭੇਜ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਸੇ ਵੀ ਜੋਖ਼ਮ 'ਚ ਪਾਉਣ ਦੀ ਬਜਾਏ, ਅਜਿਹੇ ਪੁਲਸ ਕਰਮੀਆਂ ਲਈ ਜ਼ਿਲ੍ਹਾ ਹੋਮ ਕੁਆਰੰਟਾਈਨ ਸੈਂਟਰ ਸਥਾਪਤ ਕੀਤੇ ਜਾਣਗੇ। ਇਨ੍ਹਾਂ ਕੇਂਦਰਾਂ ਦੀ ਸਥਾਪਨਾ ਲਈ ਹਰੇਕ ਜ਼ਿਲ੍ਹੇ 'ਚ ਲੋੜੀਂਦੀਆਂ ਥਾਵਾਂ/ ਇਮਾਰਤਾਂ ਦੀ ਪਛਾਣ ਕੀਤੀ ਜਾਏਗੀ।


author

KamalJeet Singh

Content Editor

Related News