ਪਾਵਨ ਨਗਰੀ ’ਚ ਵੀ ਚੁੱਪ ਚਪੀਤੇ ਧੜੱਲੇ ਨਾਲ ਹੋ ਰਹੀ ਹੈ ਚਾਈਨਾ ਡੋਰ ਦੀ ਵਿਕਰੀ

Thursday, Jan 14, 2021 - 12:26 PM (IST)

ਪਾਵਨ ਨਗਰੀ ’ਚ ਵੀ ਚੁੱਪ ਚਪੀਤੇ ਧੜੱਲੇ ਨਾਲ ਹੋ ਰਹੀ ਹੈ ਚਾਈਨਾ ਡੋਰ ਦੀ ਵਿਕਰੀ

ਸੁਲਤਾਨਪੁਰ ਲੋਧੀ (ਧੀਰ) - ਮੱਕਰ ਸੰਗਰਾਂਦ ਦਾ ਦਿਨ ਨਜ਼ਦੀਕ ਆਉਂਦੇ ਹੀ ਪਾਵਨ ਨਗਰੀ ਸ਼ਹਿਰ ’ਚ ਪਤੰਗਾਂ ਦੀ ਵਿਕਰੀ ਪੂਰੇ ਜ਼ੋਰਾਂ ’ਤੇ ਸ਼ੁਰੂ ਹੋ ਗਈ ਹੈ ਪਰ ਇਸਦੇ ਨਾਲ ਸਰਕਾਰ ਵੱਲੋਂ ਲਗਾਈ ਖੂਨੀ ਡੋਰ ਦੀ ਵਿਕਰੀ ਚੁੱਪ ਚਪੀਤੇ ਪੂਰੇ ਧੜਲੇ ਨਾਲ ਚੱਲ ਰਹੀ ਹੈ। ਚਾਈਨਾ ਡੋਰ ਜਿਸਨੂੰ ‘ਖੂਨੀ ਡੋਰ’ ਦਾ ਨਾਮ ਦਿੱਤਾ ਗਿਆ ਹੈ, ਨੂੰ ਹਰ ਸਾਲ ਬਸੰਤ ਪਚੰਮੀ ਤੋਂ ਪਹਿਲਾਂ ਪਾਬੰਦੀ ਲਗਾਉਣ ਦੇ ਹੁਕਮ ਪ੍ਰਸ਼ਾਸਨ ਜਾਰੀ ਕਰਦਾ ਹੈ ਪਰ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਕੁਝ ਦੁਕਾਨਦਾਰ ਰਾਜਨੀਤਕ ਆਗੂਆਂ ਦੀ ਸਰਪ੍ਰਸਤੀ ਹੇਠ ਨਿਧੜਕ ਵੇਚ ਕੇ ਪ੍ਰਸ਼ਾਸਨ ਨੂੰ ਖੁੱਲੀ ਚੁਣੌਤੀ ਦਿੰਦੇ ਹਨ।

ਚਾਈਨਾ ਡੋਰ ਜਿੱਥੇ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੁੰਦੀ ਹੈ, ਉੱਥੇ ਇਹ ਜਾਨਵਰਾਂ ਲਈ ਵੀ ਮੌਤ ਦਾ ਕਾਰਨ ਬਣਦੀ ਹੈ। ਮਨੁੱਖੀ ਜੀਵਨ ਤੇ ਪੰਛੀਆਂ ਲਈ ਘਾਤਕ ਡੋਰ ਨੂੰ ਵੇਚਣ ਵਾਲੇ ਵੀ ਉਨੇ ਹੀ ਦੋਸ਼ੀ ਹਨ ਜਿੰਨੇ ਇਸਦੀ ਵਰਤੋਂ ਕਰਨ ਵਾਲੇ ਬੱਚਿਆ ਵੱਲੋਂ ਚਾਈਨਾ ਡੋਰ ਖਰੀਦ ਕਰਨ ਦੀ ਜ਼ਿੱਦ ਅੱਗੇ ਮਾਪੇ ਵੀ ਬੇਬਸ ਹੋ ਜਾਂਦੇ ਹਨ। ਮੀਡੀਆ ’ਚ ਖਬਰ ਛਪਣ ਉਪਰੰਤ ਪ੍ਰਸ਼ਾਸਨ ਵੀ ਇਕ ਦਮ ਹਰਕਤ ’ਚ ਆਉਂਦਾ ਹੈ ਤੇ ਪੁਲਸ ਵੱਲੋਂ ਕੁਝ ਪਤੰਗ ਵੇਚਣ ਵਾਲੇ ਦੁਕਾਨਦਾਰਾਂ ਤੇ ਛਾਪੇਮਾਰੀ ਕਰ ਕੇ ਆਪਣੀ ਖਾਨਾਪੂਰਤੀ ਕਰ ਲਈ ਜਾਂਦੀ ਹੈ। ਬਸੰਤ ਪੰਚਮੀ ਤੋਂ ਪਹਿਲਾਂ ਨੌਜਵਾਨਾਂ ਤੇ ਬੱਚਿਆਂ ਤੱਕ ਚਾਈਨਾ ਡੋਰ ਪਹੁੰਚਣੀ ਸ਼ੁਰੂ ਹੋ ਗਈ ਹੈ। ਜਿਸ ਨਾਲ ਭਾਵੇਂ ਕਈ ਪਤੰਗਬਾਜ਼ਾਂ ਨੇ ਪਤੰਗਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਜਾਹਿਰ ਹੈ ਕਿ ਇਸ ਵਾਰ ਵੀ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣਾ ਮੁਸ਼ਕਿਲ ਹੋਵੇਗਾ।

ਦੋ ਪਹੀਆ ਵਾਹਨ ਤੇ ਪੈਦਲ ਚੱਲਣ ਵਾਲਿਆ ਵਾਸਤੇ ਹੈ ਮੌਤ ਦਾ ਵਰੰਟ
ਚਾਈਨਾ ਡੋਰ ਦੋ ਪਹੀਆ ਵਾਹਨ ਚਾਲਕਾਂ ਤੇ ਪੈਦਲ ਚੱਲਣ ਵਾਲਿਆਂ ਲਈ ਖਾਸ ਤੌਰ ’ਤੇ ਮੌਤ ਦਾ ਵਰੰਟ ਸਾਬਤ ਹੁੰਦੀ ਹੈ। ਪੈਦਲ ਚੱਲਣ ਵਾਲੇ ਲੋਕਾਂ ਤੇ ਵਾਹਨ ਚਾਲਕਾਂ ਦੇ ਗਲੇ, ਅੱਖਾਂ ਤੇ ਹੋਰ ਅੰਗਾਂ ਤੇ ਇਹ ਖੂਨੀ ਡੋਰ ਇਕ ਤੇਜ਼ਧਾਰ ਹਥਿਆਰ ਵਾਂਗ ਫਿਰਦੀ ਹੈ। ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਕੇ ਦਮ ਤੋਡ਼ ਦਿੰਦਾ ਹੈ।

ਪਾਵਰਕਾਮ ਵਿਭਾਗ ਲਈ ਵੀ ਸਾਬਤ ਹੁੰਦੀ ਹੈ ਨੁਕਸਾਨਦੇਹ
ਖੂਨੀ ਡੋਰ ਜਿੱਥੇ ਮਨੁੱਖੀ ਜੀਵਨ, ਪੰਛੀਆਂ ਲਈ ਘਾਤਕ ਹੈ ਉੱਤੇ ਇਹ ਬਿਜਲੀ ਬੋਰਡ ਵਿਭਾਗ ਦੇ ਲਈ ਪ੍ਰੇਸ਼ਾਨੀ ਦਾ ਸਬਬ ਬਣਦੀ ਹੈ। ਐੱਸ. ਡੀ. ਓ. ਪਾਵਰਕਾਮ ਇੰਜ. ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਡੋਰ ਵੱਡੇ ਪੱਧਰ ’ਤੇ ਬਿਜਲੀ ਤਾਰਾਂ ’ਚ ਲਿਪਟ ਜਾਂਦੀ ਹੈ ਤੇ ਪਲਾਸਟਿਕ ਦੀ ਹੋਣ ਕਰ ਕੇ ਸਾਡੇ ਫੀਡਰ ਫਾਲਟ ਹੋ ਜਾਂਦੇ ਹਨ ਜਿਨ੍ਹਾਂ ਨੂੰ ਮੁਡ਼ ਸ਼ੁਰੂ ਕਰਨ ਲਈ ਲੰਬਾ ਸਮਾਂ ਲੱਗ ਜਾਂਦਾ ਹੈ। ਇਸ ਨਾਲ ਕਈ ਵਾਰ ਤਾਂ ਬੋਰਡ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਉਨ੍ਹਾਂ ਨੇ ਇਸ ਦੀ ਵਿਕਰੀ ’ਤੇ ਮੁਕੰਮਲ ਰੋਕ ਲਗਾਉਣ ਦੀ ਅਪੀਲ ਕੀਤੀ ਹੈ।

ਸਮਾਜ ਸੇਵੀਆਂ ਨੇ ‘ਜਗ ਬਾਣੀ’ ਵੱਲੋਂ ਸ਼ੁਰੂ ਕੀਤੀ ਮੁਹਿੰਮ ਦੀ ਕੀਤੀ ਸ਼ਲਾਘਾ
ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਦੇ ਪ੍ਰਧਾਨ ਡਾ. ਅਮਨਪ੍ਰੀਤ ਸਿੰਘ, ਡਾ. ਹਰਜੀਤ ਸਿੰਘ, ਲਾਇਨ ਕਲੱਬ ਦੇ ਸਵਰਨ ਸਿੰਘ ਖਾਲਸਾ, ਬਲਵੰਤ ਸਿੰਘ ਸੰਗਰ, ਧਾਰਮਿਕ ਜਥੇਬੰਦੀ ਵਿਸ਼ਾਲ ਸੰਨੀ ਐਂਡ ਪਾਰਟੀ ਦੇ ਮਹੰਤ ਰੂਪ ਚੰਦ ਅਰੋਡ਼ਾ, ਮਹੰਤ ਸੌਰਵ ਗਿਰੀ, ਰਾਮ ਲੀਲਾ ਕਮੇਟੀ ਦੇ ਪਵਨ ਸੇਠੀ, ਸ਼ਿਵ ਮੰਦਰ ਚੌਡ਼ਾ ਖੂਹ ਦੇ ਪ੍ਰਧਾਨ ਰਾਕੇਸ਼ ਨੀਟੂ, ਡਿੰਪਲ ਟੰਡਨ ਆਦਿ ਨੇ ‘ਜਗ ਬਾਣੀ’ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆ ਤੁਰੰਤ ਇਸ ਤੇ ਮੁਕੰਮਲ ਰੋਕ ਦੀ ਮੰਗ ਕੀਤੀ ਹੈ।

ਜਲਦ ਸ਼ੁਰੂ ਕੀਤੀ ਜਾਵੇਗੀ ਮੁਹਿੰਮ : ਡੀ. ਐੱਸ. ਪੀ., ਐੱਸ. ਐੱਚ. ਓ.
ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਤੇ ਐੱਸ. ਐੱਚ. ਓ. ਹਰਜੀਤ ਸਿੰਘ ਨੇ ਕਿਹਾ ਕਿ ਚਾਈਨਾ ਡੋਰ ਦੀ ਵਿਕਰੀ ਚੋਰੀ ਛੁਪੇ ਹੁੰਦੀ ਹੈ ਪਰ ਪੁਲਸ ਗੁਪਤ ਤੌਰ ’ਤੇ ਇਸਦੇ ਵਿਰੁੱਧ ਮੁਹਿੰਮ ਛੇਡ਼ੇਗੀ। ਉਨ੍ਹਾਂ ਕਿਹਾ ਕਿ ਡੋਰ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ‘ਜਗ ਬਾਣੀ’ ਵੱਲੋਂ ਸ਼ੁਰੂ ਕੀਤੀ ਪਹਿਲ ਦੀ ਭਰਪੂਰ ਸ਼ਲਾਘਾ ਵੀ ਕੀਤੀ।


author

rajwinder kaur

Content Editor

Related News