ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਸਿੰਗਲ ਯੂਜ਼ ਪਲਾਸਟਿਕ ਮੁਕਤ ਮਨਾਇਆ ਜਾਵੇ : ਡਾ. ਨਿੱਜਰ

03/06/2023 11:12:01 PM

ਚੰਡੀਗੜ੍ਹ (ਅਸ਼ਵਨੀ) : ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ (ਜ਼ਿਲ੍ਹਾ ਰੋਪੜ) ਵਿਖੇ ਹੋਲਾ ਮਹੱਲਾ ਮਹੋਤਸਵ 6 ਤੋਂ 8 ਮਾਰਚ ਤੱਕ ਸਿੰਗਲ ਯੂਜ ਪਲਾਸਟਿਕ ਮੁਕਤ (ਐੱਸ.ਯੂ.ਪੀ. ਫ੍ਰੀ) ਐਂਡ ਜੀਰੋ ਵੇਸਟ ਟੂ ਲੈਂਡਫਿਲ ਵਜੋਂ ਮਨਾਏ ਜਾਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਡਾ. ਨਿੱਜਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਥਾਨਕ ਸਰਕਾਰਾਂ ਵਿਭਾਗ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਹੋਲਾ ਮਹੱਲਾ ਮਹੋਤਸਵ ਵਿਚ ਤਕਰੀਬਨ 40 ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ ਅਤੇ 350 ਤੋਂ ਵੱਧ ਲੰਗਰ ਲਗਾਏ ਜਾ ਰਹੇ ਹਨ। ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਦਾ ਉਦੇਸ਼ ਰਾਜ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨਾ, ਕੂੜੇ ਦਾ ਸਹੀ ਪ੍ਰਬੰਧਨ ਅਤੇ ਜੀਰੋ ਵੇਸਟ ਟੂ ਲੈਂਡਫਿਲ ਦੇ ਉਦੇਸ਼ ਨੂੰ ਪ੍ਰਾਪਤ ਕਰਨਾ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਕੂੜੇ ਵਾਲੀ ਥਾਂ ਤੋਂ ਹੀ ਗਿੱਲਾ ਅਤੇ ਸੁੱਕਾ ਕੁੜਾ ਵੱਖ-ਵੱਖ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗਿੱਲੇ ਅਤੇ ਸੁੱਕੇ ਕੂੜੇ ਨੂੰ ਐੱਮ.ਆਰ.ਐੱਫ਼. ਮਸ਼ੀਨਾਂ ਰਾਹੀਂ ਕੰਪੋਸਟ ਕਰਕੇ ਇਸਦੀ ਖਾਦ ਬਣਾਈ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਮੁਕਤ ਅਤੇ ਜ਼ੀਰੋ ਵੇਸਟ ਲੈਂਡਫਿਲ ਦੇ ਉਦੇਸ਼ ਨੂੰ ਹਾਸਲ ਕਰਨ ਲਈ ਸਥਾਨਕ ਸਰਕਾਰਾਂ ਵਿਭਾਗ ਵਲੋਂ ਪੂਰੇ ਮੇਲਾ ਖੇਤਰ ਨੂੰ 8 ਸੈਕਟਰਾਂ ਵਿਚ ਵੰਡਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਦੇ ਕੈਂਸਰ ਟੈਸਟ ਕਰਨੇ ਅਤੇ ਮੁਫ਼ਤ ਦਵਾਈਆਂ ਦੇਣੀਆਂ ਵੱਡਾ ਪੁੰਨ- ਧਾਲੀਵਾਲ    

ਉਨ੍ਹਾਂ ਕਿਹਾ ਸੂਬੇ ਦੀਆਂ 14 ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਤੋਂ ਸੈਨਟਰੀ ਇੰਸਪੈਕਟਰ, ਸੀਵਰਮੈਨ ਅਤੇ ਸਫ਼ਾਈ ਸੇਵਕਾਂ ਦੀਆਂ ਟੀਮਾਂ ਸਮੇਤ ਸਾਜ਼ੋ ਸਮਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਸਾਫ਼ ਸਫ਼ਾਈ ਦੇ ਉਦੇਸ਼ ਦੇ ਸਨਮੁਖ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਗੈਰ ਸਰਕਾਰੀ ਸੰਸਥਾਵਾਂ, ਕਾਲਜਾਂ ਅਤੇ ਸਕੂਲੀ ਵਿਦਿਆਰਥੀਆਂ ਦੀਆਂ 200 ਵਾਲੰਟੀਅਰ ਟੀਮਾਂ ਵਲੋਂ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਜ਼ੀਰੋ ਵੇਸਟ ਟੂ ਲੈਂਡਫਿਲ ਬਾਰੇ ਜਾਗਰੂਕ ਕਰਨ ਦਾ ਉਪਰਾਲਾ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਤ ਵੇਲੇ ਅਤੇ ਦਿਨ ਵੇਲੇ ਵੱਖ-ਵੱਖ ਸਫ਼ਾਈ ਟੀਮਾਂ ਦੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਇਹ ਸਫ਼ਾਈ ਟੀਮਾਂ ਰਾਤ ਨੂੰ ਹੀ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਕਰਕੇ ਐੱਮ.ਆਰ.ਐਫ਼. ਮਸ਼ੀਨਾਂ ਰਾਹੀਂ ਕੰਪੋਸਟ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਵੇਸਟੇਜ ਨਾਲ ਮੁੜ ਤਿਆਰ ਕੀਤੀਆਂ ਵਸਤਾਂਵਾ ਦੀ ਪ੍ਰਦਰਸਨੀ ਵੀ ਲਗਾਈ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਮਹੋਤਸਵ ਵੇਲੇ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਲਈ 4 ਮਕੈਨੀਕਲ ਸਵੀਪਿੰਗ ਮਸ਼ੀਨਾਂ ਦੀ ਵਰਤੋਂ ਵੀ ਕੀਤੀ ਜਾਵੇਗੀ।       

ਇਹ ਵੀ ਪੜ੍ਹੋ : ਬਜਟ ਸ਼ੈਸ਼ਨ ਦਾ ਦੂਜਾ ਦਿਨ : ਨਾਭਾ ਦੇ ਵਿਧਾਇਕ ਦੇਵ ਮਾਨ ਨੇ ਵਿਧਾਨ ਸਭਾ 'ਚ ਡਰਾਈਵਰਾਂ ਦੇ ਹੱਕ 'ਚ ਚੁੱਕੀ ਆਵਾਜ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News