ਖਾਲਸਾ ਪੰਥ ਦੀ ਸੁਤੰਤਰ ਹੋਂਦ-ਹਸਤੀ ਦਾ ਪ੍ਰਤੀਕ ਹੋਲਾ ਮਹੱਲਾ

03/21/2019 6:19:21 PM

ਜਲੰਧਰ - ਹੋਲਾ ਮਹੱਲਾ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਖਾਲਸੇ ਦੀ ਜਨਮ ਅਤੇ ਕਰਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ। ਇਹ ਖਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਮਾਨਸਿਕ ਅਵਸਥਾ ਨੂੰ ਬਲਵਾਨ ਬਣਾਉਣ ਲਈ ਹੋਲੇ ਮਹੱਲੇ ਦੀ ਰੀਤ ਚਲਾਈ ਸੀ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨ ਸਿੱਖਾਂ ਨੂੰ ਇਕ ਅਕਾਲ ਪੁਰਖ ਦੀ ਅਧੀਨਗੀ ਦੀ ਸਿੱਖਿਆ ਦਿੰਦੇ ਹਨ। ਹੋਲਾ ਮਹੱਲਾ ਜਿਥੇ ਖਾਲਸੇ ਦੇ ਵੱਖਰੇ ਅਤੇ ਨਿਆਰੇ ਸੱਭਿਆਚਾਰ ਦਾ ਪ੍ਰਮਾਣ ਹੈ, ਉਥੇ ਹੀ ਇਹ ਖਾਲਸਾ ਪੰਥ ਦੀ ਸੁਤੰਤਰ ਹੋਂਦ-ਹਸਤੀ ਦਾ ਵੀ ਪ੍ਰਤੀਕ ਹੈ। ਗੁਰੂ ਸਾਹਿਬ ਨੇ ਪ੍ਰੰਪਰਾਗਤ ਤਿਉਹਾਰਾਂ 'ਚ ਨਰੋਆ ਪਰਿਵਰਤਨ ਲਿਆਉਂਦਿਆਂ ਹੋਲੀ ਦੀ ਥਾਂ 'ਤੇ ਹੋਲੇ ਮਹੱਲੇ ਦਾ ਆਰੰਭ ਕੀਤਾ, ਜਿਸ ਨੇ ਭਾਰਤੀ ਧਾਰਮਿਕ ਪ੍ਰੰਪਰਾ ਅੰਦਰ ਕ੍ਰਾਂਤੀਕਾਰੀ ਮੋੜ ਲਿਆਂਦਾ। ਹੋਲਾ ਮਹੱਲਾ ਸਿੱਖਾਂ ਦੇ ਅਧਿਆਤਮਕ ਤੌਰ 'ਤੇ ਬਲਵਾਨ ਬਣ ਕੇ ਧਰਮ ਯੁੱਧ ਦੀ ਤਿਆਰੀ ਨੂੰ ਰੂਪਮਾਨ ਕਰਦਾ ਹੈ।

ਹੋਲੇ ਮਹੱਲੇ ਦਾ ਆਰੰਭ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ ਇਕ ਸੰਮਤ 1757 ਬਿਕ੍ਰਮੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲਾ ਹੋਲਗੜ੍ਹ ਦੇ ਸਥਾਨ 'ਤੇ ਕੀਤਾ ਸੀ। ਹੋਲਾ ਮਹੱਲਾ ਮਨਾਉਣ ਦਾ ਮੁੱਖ ਮੰਤਵ ਗੁਰਸਿੱਖਾਂ ਅੰਦਰ 'ਫਤਿਹ' ਦੇ ਅਨੁਭਵ ਨੂੰ ਹੋਰ ਦ੍ਰਿੜ ਕਰਨਾ ਸੀ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਲਾ ਮਹੱਲਾ ਦੇ ਰੁਪ 'ਚ ਮਨਾਏ ਜਾਂਦੇ ਇਸ ਜੰਗਜੂ ਤਿਉਹਾਰ ਸਮੇਂ ਸਿੱਘਾਂ ਦੀਆਂ ਆਪਸ 'ਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋਬਲ ਨੂੰ ਉੱਚਾ ਕੀਤਾ ਹੈ। ਲੋਕ ਕਾਇਰਤਾ ਭਰੇ ਮਾਹੌਲ 'ਚੋਂ ਨਿਕਲ ਕੇ ਇਸ ਉਤਸਵ 'ਚ ਬੜੇ ਜੋਸ਼ ਅਤੇ ਸਜ-ਧਜ ਕੇ ਸ਼ਾਮਲ ਹੋਣ ਲੱਗੇ ਹਨ। ਇਸ ਤਰ੍ਹਾਂ ਸਪੱਸ਼ਟ ਹੈ ਕਿ ਹੋਲਾ ਮਹੱਲਾ ਦੀ ਰੀਤੀ ਦਾ ਵਿਸ਼ੇਸ਼ ਉਦੇਸ਼ ਸਿੱਖਾਂ 'ਚ ਸ਼ਸਤਰਾਂ ਲਈ ਪਿਆਰ ਅਤੇ ਭਗਤੀ ਦੀ ਰੱਖਿਆ ਲਈ ਸ਼ਕਤੀ ਦਾ ਸੰਚਾਰ ਕਰਨਾ ਸੀ। ਇਸ ਨਾਲ ਸ਼ਸਤਰ ਸਿੱਖੀ ਦਾ ਅਟੁੱਟ ਅੰਗ ਬਣ ਗਿਆ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਰੰਭ ਕੀਤਾ ਗਿਆ ਹੋਲਾ ਮਹੱਲਾ ਕੌਮੀ ਸ਼ਕਤੀ ਨੂੰ ਪ੍ਰਗਟ ਕਰਨ ਅਤੇ ਅਣਖ ਦੇ ਅਨੁਭਵ ਦਾ ਅਨੋਖਾ ਢੰਗ ਹੈ। ਇਹ ਖਾਲਸਾ ਪੱਥ ਲਈ ਸਵੈਮਾਣ, ਖਾਲਸੇ ਦੇ ਬੋਲਬਾਲੇ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਹੋਲਾ ਮਹੱਲਾ ਸਿੱਖਾਂ ਨੂੰ ਹਰ ਦ੍ਰਿੜ-ਵਿਸ਼ਵਾਸੀ, ਪ੍ਰਭੂ ਭਗਤੀ ਅਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ਾਂ, ਜ਼ੁਲਮ, ਜਬਰ ਨਾਸਤਿਕਤਾ ਅਤੇ ਭ੍ਰਿਸ਼ਟਾਚਾਰ ਵਿਰੁੱਧ ਜੂਝਣ ਲਈ ਨਵਾਂ ਜੋਸ਼ ਅਤੇ ਉਤਸ਼ਾਹ ਪ੍ਰਦਾਨ ਕਰਦਾ ਹੈ।

ਖਾਲਸੇ ਨੂੰ ਦੁਨੀਆ ਤੋਂ ਨਿਆਰੇ ਅਤੇ ਅਕਾਲ ਪੁਰਖ ਦਾ ਖਾਸ ਰੂਪ ਹੋਣ ਦਾ ਅਹਿਸਾਸ ਕਰਵਾਉਂਦੇ 'ਹੋਲਾ ਮਹੱਲਾ' ਮੌਕੇ ਹਰ ਸਾਲ ਲੱਖਾਂ ਦੀ ਗਿਣਤੀ 'ਚ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚੋਹ ਧਰਤੀ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਪਾਉਂਟਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਸ਼ਰਧਾ ਨਾਲ ਪੁੱਜਦੀ ਹੈ। ਇਸ ਮੌਕੇ ਉੱਥੇ ਭਾਰੀ ਦੀਵਾਨ ਸਜਦੇ ਹਨ, ਨਿਹੰਗ ਸਿੰਘਾਂ ਦੇ ਜਥੇ ਅਤੇ ਖਾਲਸਾ ਪੰਥ ਦੀ ਫੌਜ ਦੇ ਹੋਰ ਦਸਤੇ ਆਪਸ 'ਚ ਮਿਲ ਕੇ ਨਗਰ ਕੀਰਤਨ ਸਜਾਉਂਦੇ ਹਨ। ਇਸ ਖਾਲਸਾਈ ਪੁਰਬ ਮੌਕੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਪ੍ਰੇਰਣਾ ਲੈਂਦਿਆਂ ਸ਼ਸਤਰਧਾਰੀ ਬਣੀਏ ਭਾਵ ਗੁਰੂ ਬਖਸ਼ੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਵਿਲੱਖਣ ਰਹਿਣੀ ਬਖਸ਼ੀ ਹੈ, ਜਿਸ ਨੂੰ ਅਪਣਾਉਣਾ ਸਾਡਾ ਧਰਮ ਕਰਤੱਵ ਹੈ।


rajwinder kaur

Content Editor

Related News