ਪੰਜਾਬ ਦੀਆਂ ਜੇਲਾਂ ''ਚ 1600 HIV ਪਾਜ਼ੀਟਿਵ ਕੈਦੀ, ਨਾਕੋ ਦਾ ਵੱਡਾ ਫੈਸਲਾ

01/18/2018 3:06:32 PM

ਚੰਡੀਗੜ੍ਹ : ਪੰਜਾਬ ਦੀਆਂ ਜੇਲਾਂ 'ਚ ਇਸ ਸਮੇਂ 1600 ਕੈਦੀ ਅਜਿਹੇ ਹਨ, ਜੋ ਕਿ ਐੱਚ. ਆਈ. ਵੀ. ਪੀੜਤ ਹਨ। ਇਹ ਖੁਲਾਸਾ ਇਨ੍ਹਾਂ ਜੇਲਾਂ 'ਚ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਨਾਕੋ) ਵਲੋਂ ਕੈਦੀਆਂ ਦੀ ਕਰਵਾਈ ਗਈ ਸਕੀਰੀਨਿੰਗ ਤੋਂ ਹੋਇਆ, ਜਿਸ ਤੋਂ ਬਾਅਦ ਨਾਕੋ ਨੇ ਵੱਡਾ ਫੈਸਲਾ ਲਿਆ ਹੈ ਕਿ ਉਹ ਦੇਸ਼ ਦੀਆਂ ਸਾਰੀਆਂ ਜੇਲਾਂ 'ਚ ਬੰਦ ਕੈਦੀਆਂ ਦੀ ਸਕਰੀਨਿੰਗ ਕਰਵਾਏਗਾ। ਪੰਜਾਬ ਤੋਂ ਇਲਾਵਾ ਚੰਡੀਗੜ੍ਹ ਦੀ ਜੇਲ 'ਚ ਵੀ 25 ਕੈਦੀ ਐੱਚ. ਆਈ. ਵੀ. ਪਾਜ਼ੀਟਿਵ ਹਨ। ਸਿਰਫ ਇੰਨਾ ਹੀ ਨਹੀਂ ਸਿੱਕਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਅਸਮ ਅਤੇ ਮੇਘਾਲਿਆ ਦੀਆਂ ਜੇਲਾਂ 'ਚ ਵੀ ਵੱਡੀ ਗਿਣਤੀ 'ਚ ਅਜਿਹੇ ਕੈਦੀ ਬੰਦ ਹਨ, ਜੋ ਇਸ ਖਤਰਨਾਕ ਬੀਮਾਰੀ ਤੋਂ ਪੀੜਤ ਹਨ। ਇਨ੍ਹਾਂ ਆਂਕੜਿਆਂ ਤੋਂ ਬਾਅਦ ਨਾਕੋ ਹੁਣ ਦੇਸ਼ ਭਰ 'ਚ ਦੀਆਂ ਜੇਲਾਂ 'ਚ ਬੰਦ ਕੈਦੀਆਂ ਦੀ ਸਕਰੀਨਿੰਗ ਕਰਾਉਣ ਲਈ ਸਬੰਧਿਤ ਸੂਬਾ ਸਰਕਾਰਾਂ ਦੀ ਏਡਜ਼ ਕੰਟਰੋਲ ਸੁਸਾਇਟੀ ਦੀ ਮਦਦ ਲਵੇਗਾ ਅਤੇ ਇਹ ਕੰਮ 2 ਪੱਧਰਾਂ 'ਚ ਪੂਰਾ ਕੀਤਾ ਜਾਵੇਗਾ। 
ਸਕਰੀਨਿੰਗ ਤੋਂ ਬਾਅਦ ਹੋਵੇਗਾ ਵਿਸ਼ੇਸ਼ ਇਲਾਜ
ਪੰਜਾਬ ਅਤੇ ਚੰਡੀਗੜ੍ਹ 'ਚ ਸਕਰੀਨਿੰਗ ਦਾ ਕੰਮ ਚੱਲ ਰਿਹਾ ਹੈ, ਜਦੋਂ ਕਿ ਹਰਿਆਣਾ 'ਚ ਵੀ ਹੁਣ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਐੱਚ. ਆਈ. ਵੀ. ਪੀੜਤ ਲੋਕਾਂ ਦੀ ਪਛਾਣ ਤੋਂ ਬਾਅਦ ਉਨ੍ਹਾਂ ਲਈ ਵਿਸ਼ੇਸ਼ ਇਲਾਜ, ਸਹੂਲਤ ਅਤੇ ਜਾਗਰੂਕਤਾ ਮੁਹੱਈਆ ਕਰਾਈ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਨਾਕੋ ਈਮੈਨੂਅਲ ਹਾਸਪੀਟਲ ਐਸੋਸੀਏਸ਼ਨ ਨੀਦਰਲੈਂਡ ਦੇ ਇਕ ਸੰਗਠਨ 'ਏਡਜ਼ ਫੰਡਜ਼' ਤੋਂ ਪ੍ਰਾਪਤ ਆਰਥਿਕ ਮਦਦ ਨਾਲ ਸਕਰੀਨਿੰਗ ਦਾ ਕੰਮ ਕਰ ਰਹੀ ਹੈ।
ਪੰਜਾਬ 'ਚ 50,000 ਕੈਦੀਆਂ ਦੀ ਸਕਰੀਨਿੰਗ
ਪੰਜਾਬ ਅਤੇ ਚੰਡੀਗੜ੍ਹ 'ਚ ਪਹਿਲਾਂ ਤੋਂ ਚੱਲ ਰਹੀ ਇਸ ਮੁਹਿੰਮ ਦੌਰਾਨ ਅਜੇ ਤੱਕ ਜੋ ਨਤੀਜੇ ਸਾਹਮਣੇ ਆਏ ਹਨ, ਉਹ ਕਾਫੀ ਚਿੰਤਾਜਨਕ ਹਨ। ਇਸ ਮੁਹਿੰਮ ਤਹਿਤ ਅਜੇ ਤੱਕ ਪੰਜਾਬ ਦੀਆਂ 26 ਜੇਲਾਂ 'ਚੋਂ 9 ਜੇਲਾਂ 'ਚ ਕਰੀਬ 50 ਹਜ਼ਾਰ ਕੈਦੀਆਂ ਦੀ ਸਕਰੀਨਿੰਗ ਹੋ ਚੁੱਕੀ ਹੈ, ਜਿਨ੍ਹਾਂ 'ਚੋਂ 1600 ਕੈਦੀ ਐੱਚ. ਆਈ. ਵੀ ਪਾਜ਼ੀਟਿਵ ਪਾਏ ਗਏ। ਦੂਜੇ ਪਾਸੇ ਚੰਡੀਗੜ੍ਹ ਜੇਲ 'ਚ 800 ਕੈਦੀਆਂ ਦੀ ਸਕਰੀਨਿੰਗ 'ਚੋਂ 25 ਕੈਦੀ ਐੱਚ. ਆਈ. ਵੀ. ਪੀੜਤ ਪਾਏ ਗਏ ਹਨ।


Related News