9ਵੀਂ ਤੇ 10ਵੀਂ ਦੀ ਹਿਸਟਰੀ ਬੁਕ ''ਚੋਂ ਹਟਾਏ 3 ਚੈਪਟਰ, ਹੁਣ ਪੜ੍ਹਨੇ ਹੋਣਗੇ ਸਿਰਫ 5

Tuesday, Apr 09, 2019 - 10:15 AM (IST)

9ਵੀਂ ਤੇ 10ਵੀਂ ਦੀ ਹਿਸਟਰੀ ਬੁਕ ''ਚੋਂ ਹਟਾਏ 3 ਚੈਪਟਰ, ਹੁਣ ਪੜ੍ਹਨੇ ਹੋਣਗੇ ਸਿਰਫ 5

ਲੁਧਿਆਣਾ (ਵਿੱਕੀ) - ਵਿਦਿਆਰਥੀਆਂ 'ਤੇ ਪੜ੍ਹਾਈ ਦੇ ਫਾਲਤੂ ਬੋਝ ਨੂੰ ਘੱਟ ਕਰਨ ਲਈ ਦੇਸ਼ 'ਚ ਹੁਣ ਸ਼ੁਰੂਆਤ ਹੋ ਚੁੱਕੀ ਹੈ। ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਵਲੋਂ ਸਿਲੇਬਸ ਦਾ ਰੀਵਿਊ ਕਰਨ ਲਈ ਮਾਹਰਾਂ ਦੀਆਂ ਕਈ ਟੀਮਾਂ ਦੀ ਰਿਪੋਰਟ 'ਤੇ ਅਮਲ ਵੀ ਹੋਣਾ ਸ਼ੁਰੂ ਹੋ ਗਿਆ ਹੈ।ਇਸੇ ਲੜੀ 'ਚ ਵਿਦਿਆਰਥੀਆਂ ਲਈ ਕਿਤਾਬਾਂ ਛਾਪਣ ਵਾਲੀ ਐੱਨ. ਸੀ. ਈ. ਆਰ. ਟੀ. ਨੇ ਕਲਾਸ 9ਵੀਂ ਅਤੇ 10ਵੀਂ ਦੇ ਸੋਸ਼ਲ ਸਾਇੰਸ ਵਿਸ਼ੇ ਵਿਚ ਹਿਸਟਰੀ ਦੀ ਨਵੀਂ ਕਿਤਾਬ 'ਚੋਂ 3 ਚੈਪਟਰ ਹਟਾ ਦਿੱਤੇ ਹਨ। ਐੱਨ. ਸੀ. ਈ. ਆਰ. ਟੀ. ਦੀ ਇਸ ਪਹਿਲ ਨਾਲ ਸਾਰਿਆਂ ਨੂੰ ਫਾਇਦਾ ਇਹ ਹੋਵੇਗਾ ਕਿ 200 ਪੇਜਾਂ ਵਾਲੀ ਹਿਸਟਰੀ ਦੀ ਕਿਤਾਬ 'ਚੋਂ ਭਾਰਤ ਅਤੇ ਸਮਕਾਲੀਨ ਦੂਜਾ ਵਿਸ਼ਵ ਯੁੱਧ ਦੇ 72 ਪੇਜ ਪਹਿਲੀ ਵਾਰ 'ਚ ਹੀ ਘੱਟ ਹੋ ਗਏ ਹਨ। ਇਸ ਨਾਲ ਕਿਤਾਬ ਦਾ ਵਜ਼ਨ ਹਲਕਾ ਹੋਣ ਨਾਲ ਵਿਦਿਆਰਥੀਆਂ 'ਤੇ ਪੜ੍ਹਾਈ ਦਾ ਬੋਝ ਕੁੱਝ ਘੱਟ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ 3 ਚੈਪਟਰਾਂ ਨੂੰ ਹਟਾਇਆ ਗਿਆ ਹੈ, ਉਨ੍ਹਾਂ ਵਿਚ ਭਾਰਤ-ਚੀਨ ਖੇਤਰ 'ਚ ਰਾਸ਼ਟਰਵਾਦ ਦਾ ਉਦੇ, ਨਾਵਲਾਂ ਦੇ ਜ਼ਰੀਏ ਸਮਕਾਲੀਨ ਵਿਸ਼ਵ ਦੇ ਇਤਿਹਾਸ ਨੂੰ ਸਮਝਾਉਣਾ ਅਤੇ ਦੁਨੀਆ ਭਰ ਦੇ ਸ਼ਹਿਰਾਂ ਦਾ ਵਿਕਾਸ ਸ਼ਾਮਲ ਹੈ। ਇਹ ਹੀ ਨਹੀਂ ਸਮਾਜਕ ਵਿਗਿਆਨ ਦੀ ਪੁਸਤਕ 'ਚੋਂ ਲਗਭਗ 20 ਫੀਸਦੀ ਕੰਟੈਂਟ ਨੂੰ ਹਟਾਇਆ ਗਿਆ ਹੈ।

ਅਧਿਆਪਕ ਤੇ ਵਿਦਿਆਰਥੀਆਂ ਦੁਵਿਧਾ ਹੋਈ ਦੂਰ
ਇਥੇ ਦੱਸ ਦੇਈਏ ਕਿ ਇਤਿਹਾਸ ਦੀ ਕਿਤਾਬ 'ਚ ਪਹਿਲੇ 8 ਚੈਪਟਰ ਹੁੰਦੇ ਸਨ, ਜਿਨ੍ਹਾਂ 'ਚੋਂ ਵਿਦਿਆਰਥੀਆਂ ਨੂੰ 5 ਨੂੰ ਪੜ੍ਹਨਾ ਹੁੰਦਾ ਸੀ ਪਰ ਸਪੱਸ਼ਟਤਾ ਨਹੀਂ ਹੋਣ ਦੀ ਵਜ੍ਹਾ ਨਾਲ ਅਧਿਆਪਕ ਅਤੇ ਵਿਦਿਆਰਥੀ ਇਸ ਗੱਲ ਨੂੰ ਲੈ ਕੇ ਦੁਵਿਧਾ 'ਚ ਸਨ ਕਿ ਕਿਹੜਾ ਚੈਪਟਰ ਜ਼ਿਆਦਾ ਮਹੱਤਵਪੂਰਨ ਹੈ। ਚੈਪਟਰ ਹਟਾਉਣ ਨਾਲ ਇਹ ਦੁਬਿਧਾ ਖਤਮ ਹੋ ਜਾਵੇਗੀ। ਹੁਣ ਐੱਨ. ਸੀ. ਈ. ਆਰ. ਟੀ. ਨੇ ਇਸ ਤਰ੍ਹਾਂ ਦਾ ਪਲੇਟਫਾਰਮ ਤਿਆਰ ਕੀਤਾ ਹੈ, ਜਿਥੇ ਵਿਦਿਆਰਥੀ ਭਾਰਤ ਦੇ ਅਤੀਤ ਦੇ ਬਾਰੇ ਵਿਚ ਜਾਣ ਸਕਣਗੇ ਅਤੇ ਆਪਣੀ ਰੁਚੀ ਮੁਤਾਬਕ ਵੱਖ-ਵੱਖ ਚੀਜ਼ਾਂ ਸਿੱਖਣਗੇ।

ਮਾਪਿਆਂ ਦੇ ਸੁਝਾਅ ਤੋਂ ਬਾਅਦ ਚੁੱਕਿਆ ਕਦਮ
ਜਾਣਕਾਰੀ ਮੁਤਾਬਕ ਪੁਸਤਕ 'ਚੋਂ ਹਟਾਏ ਗਏ ਉਕਤ 3 ਚੈਪਟਰ ਐੱਨ. ਸੀ. ਈ. ਆਰ. ਟੀ. ਦੀ ਐਪ ਈ ਪਾਠਸ਼ਾਲਾ 'ਤੇ ਮੌਜੂਦ ਹੋਣਗੇ। ਪਹਿਲਾਂ 9ਵੀਂ ਅਤੇ 10ਵੀਂ ਦੀ ਇਤਿਹਾਸ ਦੀ ਕਿਤਾਬ 'ਚ 8-8 ਚੈਪਟਰ ਹੁੰਦੇ ਸਨ ਪਰ ਹੁਣ ਸਿਰਫ 5 ਹੀ ਹੋਣਗੇ। ਐੱਨ. ਸੀ. ਈ. ਆਰ. ਟੀ. ਮੁਤਾਬਕ ਜਿਨ੍ਹਾਂ ਚੈਪਟਰਾਂ ਨੂੰ ਹਟਾਇਆ ਗਿਆ ਹੈ, ਜੇਕਰ ਕੋਈ ਵਿਦਿਆਰਥੀ ਉਨ੍ਹਾਂ ਚੈਪਟਰਾਂ ਨੂੰ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਐਪ 'ਚ ਪੜ੍ਹ ਸਕਣਗੇ। ਦੱਸਿਆ ਗਿਆ ਹੈ ਕਿ ਸੰਸਥਾਨ ਨੂੰ ਹਰ ਸਾਲ ਮਾਪਿਆਂ ਅਤੇ ਲੋਕਾਂ ਤੋਂ ਸੁਝਾਅ ਮਿਲਦੇ ਸਨ ਕਿ ਬੱਚਿਆਂ 'ਤੇ ਸੋਸ਼ਲ ਸਾਇੰਸ ਤੋਂ ਇਲਾਵਾ ਗਣਿਤ ਅਤੇ ਸਾਇੰਸ ਦੇ ਬੋਝ ਨੂੰ ਘੱਟ ਕੀਤਾ ਜਾਵੇ। ਉਨ੍ਹਾਂ ਸੁਝਾਵਾਂ 'ਚ ਸਮਾਜਕ ਵਿਗਿਆਨ ਦੀ ਪੁਸਤਕ ਵਿਚ ਇਤਿਹਾਸ ਦੇ ਬੋਝ ਨੂੰ ਘੱਟ ਕਰਨ ਦੀ ਮੰਗ ਕੀਤੀ।

2 ਸਾਲ ਪਹਿਲਾਂ ਵੀ 1334 ਤਰ੍ਹਾਂ ਦੇ ਹੋਏ ਸਨ ਬਦਲਾਅ
ਸੋਸ਼ਲ ਸਾਇੰਸ ਵਿਸ਼ੇ 'ਚ ਇਤਿਹਾਸ, ਪੋਲੀਟੀਕਲ ਸਾਇੰਸ, ਭੂਗੋਲ ਅਤੇ ਇਕਨੋਮਿਕਸ ਆਉਂਦੇ ਹਨ। 9ਵੀਂ ਕਲਾਸ 'ਚ ਸਾਇੰਸ ਅਤੇ ਮੈਥਸ ਵਿਚ ਲਗਭਗ 15-15 ਚੈਪਟਰ ਹਨ, ਜਦਕਿ ਸੋਸ਼ਲ ਸਾਇੰਸ ਵਿਚ 24 ਚੈਪਟਰ ਹੁੰਦੇ ਹਨ। 10ਵੀਂ ਵਿਚ ਮੈਥਸ ਅਤੇ ਵਿਗਿਆਨ 'ਚ 16-16 ਚੈਪਟਰ ਹਨ, ਜਦਕਿ ਸੋਸ਼ਲ ਸਾਇੰਸ 'ਚ 28 ਚੈਪਟਰ ਹਨ। ਵਰਨਣਯੋਗ ਹੈ ਕਿ ਲਗਭਗ 2 ਸਾਲ ਪਹਿਲਾਂ ਐੱਨ. ਸੀ. ਈ. ਆਰ. ਟੀ. ਨੇ ਕਿਤਾਬਾਂ ਵਿਚੋਂ 1334 ਤਰ੍ਹਾਂ ਦੇ ਬਦਲਾਅ ਕੀਤੇ ਸਨ, ਜਿਸ ਵਿਚ 182 ਕਿਤਾਬਾਂ ਵਿਚ ਸੁਧਾਰ, ਡੇਟਾ ਅਪਡੇਟ ਕਰਨ ਦੇ ਇਲਾਵਾ ਨਵੇਂ ਕੰਟੈਂਟ ਸ਼ਾਮਲ ਕੀਤੇ ਗਏ ਸਨ।


author

rajwinder kaur

Content Editor

Related News