ਸਿੱਖ ਸੰਗਤਾਂ ਦੇ ਜੋਸ਼ ਅੱਗੇ ਪ੍ਰਸ਼ਾਸਨ ਨੇ ਗੋਡੇ ਟੇਕੇ

Monday, Jan 15, 2018 - 03:16 PM (IST)


ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - ਤਿੰਨ ਗੁਰੂ ਸਾਹਿਬਾਨ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਤਖਤੂਪੁਰਾ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ 'ਚ ਸ਼ੁਰੂ ਹੋਏ ਇਤਿਹਾਸਕ ਮਾਘੀ ਮੇਲੇ ਲਈ ਕੱਲ ਪ੍ਰਸ਼ਾਸਨ ਅਤੇ ਗੁਰਦੁਆਰਾ ਕਮੇਟੀ ਵਿਚਕਾਰ ਸਾਰਾ ਦਿਨ ਚੱਲਦੇ ਰਹੇ ਵਿਵਾਦ ਤੋਂ ਬਾਅਦ ਆਖਰ ਪ੍ਰਸ਼ਾਸਨ ਨੂੰ ਸਿੱਖ ਸੰਗਤਾਂ ਦੇ ਜੋਸ਼ ਅੱਗੇ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ। ਕੱਲ ਬੜਕਾਂ ਮਾਰਨ ਵਾਲੇ ਪ੍ਰਸ਼ਾਸਨਿਕ ਅਧਿਕਾਰੀ ਅੱਜ ਦੂਸਰੇ ਦਿਨ ਨਜ਼ਰ ਨਹੀਂ ਆਏ। ਜ਼ਿਕਰਯੋਗ ਹੈ ਕਿ ਇਸ ਤੀਰਥ ਅਸਥਾਨ 'ਤੇ ਧਾਰਮਿਕ ਜੋੜ ਮੇਲੇ ਦੀ ਮਨਜ਼ੂਰੀ ਦੇ ਨਾਂ 'ਤੇ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਕਮੇਟੀ ਤੋਂ ਇਕ ਲੱਖ ਰੁਪਏ ਫੀਸ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਫੀਸ ਨਾ ਦੇਣ 'ਤੇ ਧੱਕੇ ਨਾਲ ਦੁਕਾਨਦਾਰਾਂ ਦੀਆਂ ਰੈੱਡ ਕਰਾਸ ਦੀਆਂ ਪਰਚੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ। 
ਅੱਜ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਆਗੂ ਜਥੇਦਾਰ ਹਰਿੰਦਰ ਸਿੰਘ ਰਣੀਆਂ ਨੇ ਤਖਤੂਪੁਰਾ ਸਾਹਿਬ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ। ਜਥੇਦਾਰ ਹਰਿੰਦਰ ਸਿੰਘ ਰਣੀਆਂ ਨੇ ਕਾਂਗਰਸ ਪਾਰਟੀ ਵੱਲੋਂ ਸਿੱਖ ਗੁਰਧਾਮਾਂ ਤੋਂ ਧੱਕੇ ਨਾਲ ਮਾਲੀਆਂ ਵਸੂਲ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਿੱਖ ਵਿਰੋਧੀ ਨੀਤੀ ਦਾ ਲੋਕ ਮੂਹ ਤੋੜ ਜੁਆਬ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦਾ ਖਜ਼ਾਨਾ ਖਾਲੀ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਸ਼ਰਧਾਲੂਆਂ ਵੱਲੋਂ ਗੁਰੂ ਘਰਾਂ ਲਈ ਦਾਨ ਕੀਤੀ ਰਾਸ਼ੀ 'ਤੇ ਸਰਕਾਰ ਡਾਕਾ ਮਾਰੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰੂ ਘਰ ਨੂੰ ਮੰਨਣ ਵਾਲੇ ਇਨਸਾਨ ਹਨ ਅਤੇ ਉਨ੍ਹਾਂ ਨੂੰ ਤੁਰੰਤ ਅਜਿਹੇ ਅਫਸਰਾਂ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਜੋ ਧਾਰਮਿਕ ਅਸਥਾਨਾਂ ਤੋਂ ਰੈੱਡ ਕਰਾਸ ਦੇ ਨਾਂ 'ਤੇ ਮਾਲੀਆਂ ਵਸੂਲ ਕਰ ਰਹੇ ਹਨ।  ਇਸ ਸਮੇਂ ਉਨ੍ਹਾਂ ਮਾਘੀ ਮੇਲੇ ਦੌਰਾਨ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਪੈਦਾ ਹੋਈ ਟ੍ਰੈਫਿਕ ਸਮੱਸਿਆ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਇਤਿਹਾਸਕ ਜੋੜ ਮੇਲੇ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਸ਼ਰਧਾਲੂਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।


Related News