‘ਭੇਦਭਾਵ ਦਾ ਵਿਰੋਧ ਕਰਨ ’ਤੇ ਹਿੰਦੂ ਦੁਕਾਨਦਾਰ ਦੀ ਕੁੱਟਮਾਰ ਕਰ ਕੇ ਹਵਾਲਾਤ ’ਚ ਕੀਤਾ ਬੰਦ’
Friday, Sep 03, 2021 - 01:16 PM (IST)
 
            
            ਗੁਰਦਾਸਪੁਰ/ਇਸਲਾਮਾਬਾਦ (ਜ. ਬ.) : ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਉਮਰਕੋਟ ’ਚ ਇਕ ਹਿੰਦੂ ਦੁਕਾਨਦਾਰ ਦੀ ਇਸ ਲਈ ਪੁਲਸ ਨੇ ਕੁੱਟਮਾਰ ਕਰ ਦਿੱਤੀ, ਕਿਉਂਕਿ ਉਸ ਨੇ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਮ ’ਤੇ ਕੇਵਲ ਉਸ ਦੀ ਦੁਕਾਨ ਦੇ ਅੱਗੇ ਦੇ ਹਿੱਸੇ ਨੂੰ ਤੋੜਨ ਦਾ ਵਿਰੋਧ ਕੀਤਾ ਸੀ। ਸੂਤਰਾਂ ਅਨੁਸਾਰ ਸਿੰਧ ਸੂਬੇ ਦੇ ਕਸਬਾ ਉਮਰਕੋਟ ’ਚ ਪੁਲਸ ਨੇ ਬਾਜ਼ਾਰਾਂ ’ਚ ਨਾਜਾਇਜ਼ ਕਬਜ਼ੇ ਖਤਮ ਕਰਨ ਲਈ ਮੁਹਿੰਮ ਸ਼ੁਰੂ ਕੀਤਾ ਪਰ ਪੁਲਸ ਕਰਮਚਾਰੀ ਸਿਰਫ ਹਿੰਦੂ ਵਪਾਰੀਆਂ ਦੀਆਂ ਦੁਕਾਨਾਂ ਦੇ ਅਗਲੇ ਹਿੱਸੇ ਤੋੜ ਰਹੇ ਸੀ, ਜਦਕਿ ਮੁਸਲਿਮ ਫਿਰਕੇ ਦੀਆਂ ਦੁਕਾਨਾਂ ਵੱਲ ਕੋਈ ਵੀ ਵੇਖ ਨਹੀਂ ਰਿਹਾ ਸੀ, ਇਸ ਭੇਦਭਾਵ ਦੇ ਚੱਲਦੇ ਇਕ ਦੁਕਾਨਦਾਰ ਪ੍ਰਕਾਸ਼ ਕੁਮਾਰ ਵਾਸੀ ਉਮਰਕੋਟ ਨੇ ਪੁਲਸ ਦਾ ਵਿਰੋਧ ਕੀਤਾ, ਜਿਸ ’ਤੇ ਪੁਲਸ ਨੇ ਪ੍ਰਕਾਸ਼ ਕੁਮਾਰ ਦੀ ਕੁੱਟਮਾਰ ਕੀਤੀ ਅਤੇ ਪੁਲਸ ਸਟੇਸ਼ਨ ਦੀ ਹਵਾਲਾਤ ’ਚ ਬੰਦ ਕਰ ਦਿੱਤਾ।
2 ਭੈਣਾਂ ਨਾਲ 8 ਲੋਕਾਂ ਨੇ ਕੀਤਾ ਸਮੂਹਿਕ ਜਬਰ-ਜ਼ਨਾਹ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ ਕੇਸ ਦਰਜ
ਲਾਹੌਰ ਦੇ ਇਲਾਕਾ ਗੁਜ਼ਰਪੁਰਾ ਤੋਂ 2 ਚਚੇਰੀਆਂ ਭੈਣਾਂ ਸ਼ਾਮ ਨੂੰ ਘਰੋਂ ਫਜ਼ਲ ਪਾਰਕ ਤੋਂ ਇਕ ਟੇਲਰ ਕੋਲੋਂ ਆਪਣੇ ਸੀਤੇ ਕੱਪੜੇ ਲੈਣ ਲਈ ਗਈਆਂ ਪਰ ਵਾਪਸ ਨਾ ਆਈਆਂ। ਪਰਿਵਾਰ ਸਾਰੀ ਰਾਤ ਲੜਕੀਆਂ ਦੀ ਤਾਲਾਸ਼ ਕਰਦਾ ਰਿਹਾ। ਸਵੇਰੇ ਲੜਕੀਆਂ ਨੇ ਘਰ ਫੋਨ ਕਰ ਕੇ ਦੱਸਿਆ ਕਿ ਉਹ ਇਸ ਸਮੇਂ ਕਰੋਲ ਘਾਟੀ ਕੇਬਲ ਬਣਾਉਣ ਵਾਲੀ ਫੈਕਟਰੀ ਦੇ ਗੇਟ ਅੱਗੇ ਬੁਰੀ ਹਾਲਤ ’ਚ ਪਈਆਂ ਹਨ, ਕਿਉਂਕਿ ਸਾਰੀ ਰਾਤ ਉਕਤ ਫੈਕਟਰੀ ’ਚ ਫੈਕਟਰੀ ਮਾਲਕ ਸਮੇਤ 8 ਲੋਕਾਂ ਨੇ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤਾ। ਇਹ ਲੋਕ ਸਾਨੂੰ ਬਾਜ਼ਾਰ ’ਚੋਂ ਚੁੱਕ ਕੇ ਲੈ ਗਏ ਸੀ। ਪੀੜਤ ਦੀ ਮਾਂ ਨੇ ਮੁੱਖ ਮਹਿਮਾਨ ਪੰਜਾਬ ਉਸਮਾਨ ਬਜਦਰ ਨੂੰ ਫੋਨ ’ਤੇ ਸੂਚਿਤ ਕਰ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤਾ। ਮੁੱਖ ਮੰਤਰੀ ਦੇ ਦਖਲ ਨਾਲ ਪੁਲਸ ਨੇ ਲੜਕੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਫੈਕਟਰੀ ਮਾਲਕ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀ ਫਰਾਰ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            