ਰਾਮਲੀਲਾ ਦੇਖ ਕੇ ਘਰ ਮੁੜ ਰਹੇ ਹਿੰਦੂ ਆਗੂ ਬੋਬਿਨ ਸ਼ਰਮਾ ਹੋਏ ਲੁੱਟ ਦਾ ਸ਼ਿਕਾਰ

Sunday, Oct 13, 2024 - 05:09 AM (IST)

ਜਲੰਧਰ (ਚੋਪੜਾ) – ਰਾਮਲੀਲਾ ਦੇਖ ਕੇ ਘਰ ਮੁੜ ਰਹੇ ਹਿੰਦੂ ਆਗੂ ਬੋਬਿਨ ਸ਼ਰਮਾ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਪੁਲਸ ਲਾਈਨ ਦੇ ਬਾਹਰ 3 ਮੋਟਰ ਸਾਈਕਲਾਂ ’ਤੇ ਸਵਾਰ 9-10 ਨੌਜਵਾਨਾਂ ਵੱਲੋਂ ਕੁੱਟਮਾਰ ਕਰ ਕੇ ਐਕਟਿਵਾ, ਸੋਨੇ ਦੀ ਅੰਗੂਠੀ ਅਤੇ 20 ਹਜ਼ਾਰ ਰੁਪਏ ਲੁੱਟਣ ਦੀ ਵਾਰਦਾਤ ਸਾਹਮਣੇ ਆਈ ਹੈ।

ਬੋਬਿਨ ਸ਼ਰਮਾ ਨੇ ਦੱਸਿਆ ਕਿ ਤੇਜ਼ ਹਥਿਆਰਾਂ ਨਾਲ ਲੈਸ ਨੌਜਵਾਨਾਂ ਦੇ ਹੱਥੋਂ ਉਨ੍ਹਾਂ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਆਪਣੇ ਨਾਲ ਹੋਈ ਲੁੱਟ ਤੋਂ ਬਾਅਦ ਉਨ੍ਹਾਂ ਪੀ. ਸੀ. ਆਰ. ਅਤੇ ਥਾਣਾ ਛੋਟੀ ਬਾਰਾਦਰੀ ਵਿਚ ਸ਼ਿਕਾਇਤ ਕਰਨ ਲਈ ਕੰਟਰੋਲ ਰੂਮ ਤੋਂ ਇਲਾਵਾ ਥਾਣਾ ਇੰਚਾਰਜ ਮੋਬਾਈਲ ’ਤੇ ਸੰਪਰਕ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।

ਉਨ੍ਹਾਂ ਕਿਹਾ ਕਿ ਕੰਟਰੋਲ ਰੂਮ ਵਿਚ ਵਾਰ-ਵਾਰ ਫੋਨ ਕਰਨ ’ਤੇ ਇਕ ਮਹਿਲਾ ਪੁਲਸ ਕਰਮਚਾਰੀ ਨੇ ਫੋਨ ਚੁੱਕਿਆ ਪਰ ਉਸਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਵਾਇਰਲੈੱਸ ਮੁਹੱਈਆ ਨਹੀਂ ਹੈ, ਤੁਸੀਂ ਪੁਲਸ ਲਾਈਨ ਦਾ ਗੇਟ ਖੜਕਾ ਕੇ ਪੁਲਸ ਬੁਲਾ ਲਓ। ਦੇਰ ਰਾਤ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਬੋਬਿਨ ਸ਼ਰਮਾ ਵੱਲੋਂ ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ਨਾਲ ਮਿਲ ਕੇ ਛੋਟੀ ਬਾਰਾਦਰੀ ਦੇ ਐੱਸ. ਐੱਚ. ਓ. ਨੂੰ ਸ਼ਿਕਾਇਤ ਦਿੱਤੀ ਗਈ।

ਕਿਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਸਮ੍ਰਿਤੀ ਮੰਚ ਵੱਲੋਂ ਸੂਬੇ ਵਿਚ ਖਰਾਬ ਹੋ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੋਮਵਾਰ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਇਕ ਮੰਗ-ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਵਿਚ ਚੋਰੀਆਂ, ਡਕੈਤੀਆਂ, ਲੁੱਟਾਂ-ਖੋਹਾਂ ਅਤੇ ਨਸ਼ਿਆਂ ਦਾ ਵਪਾਰ ਗਲੀ-ਗਲੀ ਹੋ ਰਿਹਾ ਹੈ ਪਰ ਸਰਕਾਰ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ।

ਉਨ੍ਹਾਂ ਡੀ. ਸੀ. ਤੋਂ ਮੰਗ ਕੀਤੀ ਕਿ ਜੇਕਰ ਥਾਣੇ ਦੇ ਜ਼ਿੰਮੇਵਾਰ ਕਰਮਚਾਰੀ ਨੇ ਫੋਨ ਨਹੀਂ ਚੁੱਕਿਆ ਤਾਂ ਜਾਂਚ ਕਰ ਕੇ ਉਸ ’ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਜਨਤਾ ’ਤੇ ਪੁਲਸ ਦਾ ਭਰੋਸਾ ਬਣਿਆ ਰਹੇ। ਇਸ ਮੌਕੇ ਵਿਨੀਤ ਸ਼ਰਮਾ, ਰਾਜਿੰਦਰ ਗੋਸਾਈਂ, ਸੋਨੂੰ ਸ਼ਰਮਾ, ਦੇਵਕੀ ਨੰਦਨ ਠੁਕਰਾਲ, ਨਵੀਨ ਭੱਲਾ, ਪਵਨ ਭਨੋਟ ਆਦਿ ਵੀ ਮੌਜੂਦ ਰਹੇ।


Inder Prajapati

Content Editor

Related News