ਜਗਬਾਣੀ ਸਾਹਿਤ ਵਿਸ਼ੇਸ਼ : ਹਿੰਦੀ ਕਹਾਣੀ 'ਬਟਵਾਰਾ'

Sunday, Apr 26, 2020 - 04:03 PM (IST)

ਜਗਬਾਣੀ ਸਾਹਿਤ ਵਿਸ਼ੇਸ਼ : ਹਿੰਦੀ ਕਹਾਣੀ 'ਬਟਵਾਰਾ'

ਆਨੰਦ ਲਹਿਰ

ਅਨੁ. ਹਰਪਾਲ ਸਿੰਘ ਪੰਨੂ

 94642-51454

ਗੱਲ ਖਾਸ ਨਹੀਂ ਸੀ ਐਵੇਂ ਵੱਧ ਗਈ। ਇਕ ਮੁੰਡੇ ਦੀ ਗੇਂਦ ਘੜੇ ਨਾਲ ਟਕਰਾ ਗਈ, ਨਾ ਘੜਾ ਟੁੱਟਾ, ਨਾ ਗੇਂਦ ਵਿਚ ਚਿੱਬ ਪਿਆ ਪਰ ਨਫਰਤ ਦੀ ਹਵਾ ਦਾ ਕੀ ਪਤਾ ਕਦੋਂ ਵਗ ਪਏ, ਕਿਵੇਂ ਵਗ ਪਏ। ਪੰਚਾਇਤ ਬੁਲਾ ਲਈ ਪਰ ਸਰਪੰਚ ਇਸ ਪਿੰਡ ਦਾ ਨਹੀਂ ਬਾਹਰੋ ਗਆਂਢ ਦਾ ਸੀ। ਸਰਪੰਚ ਨੇ ਜ਼ੋਰ ਦੇ ਕੇ ਕਿਹਾ- ਇਸ ਪਿੰਡ ਦੇ ਲੋਕ ਸ਼ਰੀਫ ਨੇ ਸੋ ਬਚਾ ਹੋ ਗਿਆ, ਕੋਈ ਹੋਰ ਹੁੰਦਾ ਤਾਂ ਘੜਾ ਭੰਨ ਦਿੰਦਾ ਜਾਂ ਗੇਂਦ ਤੋੜ ਦਿੰਦਾ। ਇਹ ਸੁਣ ਕੇ ਲੋਕਾਂ ਨੇ ਇਕ ਦੂਜੇ ’ਤੇ ਹਮਲਾ ਕਰ ਦਿੱਤਾ। ਗੇਂਦ ਟੋਟੇ-ਟੋਟੇ, ਘੜਾ ਠੀਕਰੀ-ਠੀਕਰੀ।

ਕੁਝ ਸ਼ਾਂਤੀ ਹੋਈ, ਸਰਪੰਚ ਫਿਰ ਆ ਗਿਆ, ਹਿੰਸਾ ਦੀ ਨਿੰਦਿਆ ਕਰਦਿਆਂ ਕਿਹਾ- ਭਾਈਓ ਆਪੇ ਤੋਂ ਬਾਹਰ ਨਹੀਂ ਹੋਣਾ, ਰੱਬ ਦਾ ਵਾਸਤਾ ਇਕ ਦੂਜੇ ਦੇ ਘਰ ਨਹੀਂ ਫੂਕਣੇ। ਸਰਪੰਚ ਦੇ ਜਾਣ ਪਿਛੋਂ ਲੋਕਾਂ ਨੇ ਇਕ ਦੂਜੇ ਦੇ ਘਰ ਸਾੜ ਦਿੱਤੇ। ਦੁੱਖੀ ਸਰਪੰਚ ਫਿਰ ਪਿੰਡ ਵਿਚ ਆਇਆ ਅਤੇ ਲੋਕਾਂ ਨੂੰ ਮੱਤ ਦਿੱਤੀ- ਜੋ ਹੋ ਗਿਆ, ਸੋ ਹੋ ਗਿਆ, ਹੁਣ ਘਰ ਮੁੜ ਉਸਾਰਨੇ ਪੈਣਗੇ, ਇਕ ਦੂਜੇ ਨੂੰ ਰੋਕਣਾ ਨਾਂ। ਲੋਕ ਇਕ ਦੂਜੇ ਨੂੰ ਉਸਾਰੀ ਕਰਨੋ ਰੋਕਣ ਲੱਗੇ।

ਸਰਪੰਚ ਇਸ ਪਿੰਡ ਦਾ ਨਹੀਂ ਸੀ ਨਾ, ਇਸ ਲਈ ਜ਼ਿਆਦਾ ਹਮਦਰਦੀ ਕਰਨੀ ਪੈਂਦੀ, ਵੱਧ ਹੰਝੂ ਵਹਾਉਣੇ ਪੈਂਦੇ, ਹਉਕੇ ਲੈਂਦਾ। ਦਲੀਲਾਂ ਨੱਥੀ ਕਰਕੇ ਉਸਨੇ ਭਲਾਈ ਦਾ ਭਾਸ਼ਣ ਦਿੱਤਾ, ਕਿਹਾ- ਜੋ ਮਰਜ਼ੀ ਹੋ ਜਾਏ, ਇਸ ਪਿੰਡ ਦੇ ਟੋਟੇ ਨਹੀਂ ਹੋਣੇ ਚਾਹੀਦੇ, ਬਟਵਾਰਾ ਬੜਾ ਖੌਫਨਾਕ ਹੁੰਦਾ ਹੈ।

ਇਕ ਬੰਦੇ ਨੇ ਹੈਰਾਨ ਹੋ ਕੇ ਪੁੱਛਿਆ- ਕੀ ਪਿੰਡ ਵੰਡਿਆ ਵੀ ਜਾ ਸਕਦੈ? ਸਰਪੰਚ ਨੇ ਕਿਹਾ- ਕਿਉਂ? ਇਸ ਵਿਚ ਕੀ ਔਖ? ਪਰ ਮੈਂ ਰੱਬ ਦਾ ਵਾਸਤਾ ਪਾ ਕੇ ਕਹਿ ਰਿਹਾ ਹਾਂ ਕਿ ਵੰਡ ਠੀਕ ਨਹੀਂ। ਬਸ ਫਿਰ ਕੀ ਸੀ। ਬਟਵਾਰਾ ਹੋ ਗਿਆ, ਪਿੰਡ ਦੋ ਹਿੱਸਿਆਂ ਵਿਚ ਵੰਡਿਆ ਗਿਆ। ਸਰਪੰਚ ਨੇ ਦੁਖੀ ਹੋ ਕੇ ਕਿਹਾ- ਮੇਰੀ ਗੱਲ ਤਾਂ ਕੋਈ ਸੁਣਦਾ-ਮੰਨਦਾ ਨਹੀਂ। ਮੈਂ ਕਿਵੇਂ ਸਮਝਾਵਾਂ। ਇਹ ਲੋਕ ਮੈਨੂੰ ਬੇਗਾਨਾ ਸਮਝਦੇ ਨੇ। ਇਕ ਪਿੰਡ ਦੇ ਦੋ ਪਿੰਡ ਬਣਾ ਕੇ ਸਰਪੰਚ ਤੀਜੇ ਪਿੰਡ ਜਾ ਬੈਠਾ। ਕਿਹਾ ਕਰਦਾ- ਮੈਂ ਬੜਾ ਉਦਾਸ ਹਾਂ।

 ਪੜ੍ਹੋ ਇਹ ਵੀ ਖਬਰ - ਅਹਿਮ ਖਬਰ : ਪਲਾਜ਼ਮਾਂ ਥੈਰੇਪੀ ਨਾਲ ਕੋਰੋਨਾ ਵਾਇਰਸ ਦਾ ਇਲਾਜ ਸੰਭਵ (ਵੀਡੀਓ) 

 ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼ 3 : ਜੈਸਲਮੇਰ ਸ਼ਹਿਰ ਅਤੇ ਇਸਦਾ ਆਲਾ-ਦੁਆਲਾ 

 ਪੜ੍ਹੋ ਇਹ ਵੀ ਖਬਰ - ਗੁਲਾਬੀ ਰੰਗ ’ਚ ਰੰਗੇ ਪਰਬਤਾਂ ਦੀ ਨਗਰੀ ‘ਚੋਪਤਾ’ 

ਲੋਕਾਂ ਦੇ ਘਰ ਉਜੜ ਗਏ, ਸੜਕਾਂ ਉਦਾਸ ਹੋਈਆਂ, ਇਕ ਦੂਜੇ ਦੇ ਘਰੀਂ ਆਣਾ-ਜਾਣਾ ਬੰਦ ਹੋ ਗਿਆ। ਫਕੀਰ ਚੰਦ ਹਕੀਮ ਪਰਲੇ ਪਿੰਡ ਰਹਿ ਗਿਆ, ਉਸਦੀ ਦਵਾਈ ਬਿਨਾ ਇੱਧਰ ਵਾਲੇ ਮਰਨ ਲੱਗੇ। ਫਕੀਰ ਚੰਦ ਮਰੀਜਾਂ ਬਗੈਰ ਰੋਣ ਹਾਕਾ ਹੋ ਗਿਆ।

ਨੂਰੇ ਦੀ ਮੱਝ ਨੇ ਨਵੇਂ ਦੁਧ ਹੋਣਾ ਸੀ, ਝੋਟਾ ਦੂਜੇ ਪਾਸੇ ਰਹਿ ਗਿਆ। ਸਰਹੱਦ ’ਤੇ ਸਿਪਾਹੀ ਦੀ ਮਿੰਨਤ ਕੀਤੀ, ਸਿਪਾਹੀ ਨੇ ਕਿਹਾ- ਪਾਸਪੋਰਟ ਬਣਵਾਉ, ਵੀਜ਼ੇ ਲੁਆਉ। ਨੂਰੇ ਨੇ ਪੁੱਛਿਆ- ਮੱਝ ਦਾ ਪਾਸਪੋਰਟ? - ਹਾਂ, ਸਿਪਾਹੀ ਨੇ ਕਿਹਾ, ਨਹੀਂ ਕਿਸੇ ਹੋਰ ਰਸਤੇ ਮੱਝ ਉਧਰ ਲੈ ਜਾਹ।

ਸੁਣੱਖੀ ਨੇਹਾ ਮੁਟਿਆਰ ਹੋਣ ਲੱਗੀ। ਉਸਦਾ ਪਿਤਾ ਚੂੜੀਆਂ ਬਣਾ ਕੇ ਵੇਚਿਆ ਕਰਦਾ। ਪਿਤਾ ਨੂੰ ਪੁੱਛਣ ਲੱਗੀ- ਮੇਰੀ ਮਾਂ ਵੀ ਮੇਰੇ ਵਾਂਗੂੰ ਗਰੀਬ ਸੀ ਪਿਤਾ ਜੀ?

ਕਿਥੇ ? ਆਈ ਚਲਾਈ ਚੰਗੀ ਸੀ, ਉਧਰਲੇ ਪਿੰਡ ਦੀਆਂ ਸਾਰੀਆਂ ਕੁੜੀਆਂ ਬੁੜ੍ਹੀਆਂ ਚੂੜੀਆਂ ਪਹਿਨਿਆਂ ਕਰਦੀਆਂ। ਉਨ੍ਹਾਂ ਲੋਕਾਂ ਵਿਚ ਇਹ ਵਿਸ਼ਵਾਸ ਹੈ ਕਿ ਕੁੜੀਆਂ ਦੀਆਂ ਬਾਹਵਾਂ ਖਾਲੀ ਹੋਣ ਤਾਂ ਜਾਂ ਮੀਂਹ ਪੈਂਦੇ ਨਹੀਂ, ਜੇ ਪੈਣ ਲੱਗਣ ਫਿਰ ਸਭ ਕੁਝ ਹੜ੍ਹਾ ਕੇ ਲੈ ਜਾਂਦੇ ਨੇ। ਖਾਲੀ ਬਾਹਾਂ ਤੋਂ ਉਨ੍ਹਾਂ ਨੂੰ ਬੜਾ ਡਰ ਲਗਦੈ ਧੀਏ ਪਰ ਕੀ ਹੋ ਸਕਦੈ। ਉਧਰ ਜਾ ਨੀ ਸਕਦਾ। ਉਹ ਆ ਨੀ ਸਕਦੇ।

ਸਿਰਫ ਲੋਕ ਨਹੀਂ ਵੰਡੇ, ਵਿਹੜੇ, ਖੇਤ, ਸਕੂਲ, ਸਰਾਵਾਂ, ਕਿਤਾਬਾਂ ਸਭ ਕੁਝ ਵੰਡਿਆ ਗਿਆ। ਦੁਲਹੇ ਵਾਸਤੇ ਘੋੜੀ ਚਾਹੀਦੀ ਸੀ, ਮਰਾਸੀ ਤੇ ਉਸਦੀ ਸਾਊ ਘੋੜੀ ਉਧਰ ਰਹਿ ਗਏ। ਕਿਸੇ ਦੀ ਇਧਰੋਂ ਘੋੜੀ ਮੰਗ ਕੇ ਕੰਮ ਸਾਰਿਆ ਪਰ ਘੋੜੀ ਡਰ ਗਈ। ਉਸ ਵਾਸਤੇ ਢੋਲ ਢਮੱਕਾ ਖਤਰਨਾਕ ਸੀ। ਦੁਲ੍ਹੇ ਨੂੰ ਡੇਗ ਕੇ ਭੱਜ ਗਈ। ਮੁੰਡਾ ਬਚ ਗਿਆ ਪਰ ਸੱਟ ਲੱਗੀ। ਬਦਸ਼ਗਨੀ ਹੋਈ।

ਰਾਜਕੁਮਾਰ ਦਾ ਮੁੰਡਾ ਸਖਤ ਬੀਮਾਰ ਹੋ ਗਿਆ। ਸਰਹੱਦ ਨੇੜੇ ਉਦਾਸ ਚੱਕਰ ਕਟਦਾ ਰਾਜਕੁਮਾਰ, ਫਕੀਰ ਚੰਦ ਦੇ ਪਿੰਡ ਵਲ ਦੇਖਦਾ ਰਹਿੰਦਾ। ਇਕ ਦਿਨ ਫਕੀਰ ਚੰਦ ਨਜ਼ਰੀ ਪਿਆ ਤਾਂ ਉਚੀ ਸਾਰੀ ਵਾਜ ਮਾਰ ਕੇ ਦਵਾਈ ਦਾ ਵਾਸਤਾ ਪਾਇਆ। ਫਕੀਰ ਚੰਦ ਨੇ ਕਿਹਾ- ਠਹਿਰ। ਹੁਣੇ ਆਇਆ। ਦਵਾਈ ਆ ਗਈ ਪਰ ਇਧਰ ਕਿਵੇਂ ਆਏ? ਸਿਪਾਹੀ ਉਪਰ ਮਿੰਨਤ ਤਰਲੇ ਨੇ ਅਸਰ ਨਾ ਕੀਤਾ। ਫਕੀਰ ਚੰਦ ਨੇ ਕਿਹਾ- ਦਵਾਈ ਦੇ ਜਿਹੜੇ ਪੈਸੇ ਮੈਨੂੰ ਦੇਣੇ ਸਨ, ਉਹ ਸਿਪਾਹੀ ਨੂੰ ਦੇਦੇ। ਇਸ ਤਰੀਕੇ ਦਵਾਈ ਆ ਗਈ। ਮੁੰਡਾ ਬਚ ਗਿਆ ਪਰ ਲੋਕਾਂ ਦੀ ਜ਼ੁਬਾਨ ਕਿਵੇਂ ਫੜੀਏ? ਕਹਿ ਰਹੇ ਸਨ ਕਿ ਬਟਵਾਰੇ ਦੇ ਹੱਕ ਵਿਚ ਸਭ ਤੋਂ ਵਧੀਕ ਨਾਹਰੇ ਏਸ ਰਾਜੂ ਮਾਰੇ ਨੇ ਹੀ ਲਾਏ ਸਨ। ਉਹ ਨੂੰ ਕੀ ਪਤਾ ਸੀ ਮੁੰਡਾ ਬੀਮਾਰ ਹੋ ਸਕਦੈ।

ਏਸ ਪਿੰਡ ਵਿਚ ਪਾਣੀ ਦੀ ਘਾਟ ਕਰਕੇ ਸੋਕਾ ਪਿਆ ਰਹਿੰਦਾ, ਉਧਰ ਹੜ੍ਹ ਕਰਕੇ ਫਸਲਾਂ ਤਬਾਹ ਹੁੰਦੀਆਂ। ਭੁੱਖ ਦੋਹੇਂ ਪਾਸੇ ਇਕੋ ਜਿਹੀ। ਲੋਕ ਚੋਰੀ-ਚੋਰੀ ਲੁਕ ਛਿਪ ਇਧਰ ਉਧਰ ਆਉਂਦੇ ਜਾਂਦੇ।

ਇਕ ਦਿਨ ਸਰਪੰਚ ਨੇ ਦੋਹਾਂ ਪਿੰਡਾਂ ਵਿਚ ਸਦਭਾਵਨਾ ਦਾ ਗੇੜਾ ਲਾਇਆ। ਉਹ ਕੋਈ ਕਿਤਾਬ ਲਿਖਣੀ ਚਾਹੁੰਦਾ ਸੀ, ਕਿਤੇ ਲੋਕ ਉਸਦੇ ਕੀਤੇਪੁੰਨ ਕਾਰਜ ਭੁੱਲ ਨਾ ਜਾਣ। ਲੋਕਾਂ ਨੇ ਉਸਦਾ ਦੋਹੀਂ ਥਾਈਂ ਗਰਮਜੋਸ਼ੀ ਨਾਲ ਖੈਰ ਮਕਦਮ ਕੀਤਾ, ਪਿੰਡ ਦੇ ਬਟਵਾਰੇ ਸਦਕਾ ਸ਼ੁਕਰਾਨਾ ਕੀਤਾ। ਸਰਪੰਚ ਨੇ ਆਪਣਾ ਭਾਸ਼ਣ ਦਿੱਤਾ- ਦੇਖੋ ਭਾਈਓ ਅਸੀਂ ਤੁਹਾਡਾ ਭਲਾ ਕੀਤਾ ਹਮੇਸ਼ਾ। ਹੁਣ ਅਕਲ ਤੋਂ ਕੰਮ ਲੈਣਾ। ਇਹ ਨਾ ਹੋਵੇ ਕਿ ਤੁਸੀਂ ਉਨ੍ਹਾਂ ਦੇ ਪਾਣੀਆਂ ’ਤੇ ਡਾਕਾ ਮਾਰਨ ਬਾਰੇ ਸੋਚੋ ਅਤੇ ਉਹ ਤੁਹਾਡੇ ਖੇਤਾਂ ਉਪਰ ਮਾੜੀ ਨਜ਼ਰ ਰੱਖਣ। ਬੁਰਾ ਖਿਆਲ ਦਿਲ ਵਿਚ ਆਏ ਤਾਂ ਵੀ ਲੜਨਾ ਨਹੀਂ। 

 ਪੜ੍ਹੋ ਇਹ ਵੀ ਖਬਰ - ਜਗਬਾਣੀ ਕਹਾਣੀਨਾਮਾ 6 : ‘ਕੀ ਮੈਂ ਇਹੋ ਜਿਹੀ ਕੁੜੀ ਹਾਂ’ 

 ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-5) 

 ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ 8 : ਗੁਰਦੇਬੋ ਭੂਆ 

ਇਹ ਕਹਿ ਕੇ ਸਰਪੰਚ ਚਲਾ ਗਿਆ। ਸਰਹੱਦ ’ਤੇ ਕੰਡਿਆਲੀ ਤਾਰ ਲੱਗ ਗਈ ਅਤੇ ਪਿੰਡ ਦੇ ਜੁਆਨਾ ਕੋਲ ਪਤਾ ਨਹੀਂ ਕਿਥੋਂ ਹਥਿਆਰ ਗੋਲਾ ਬਾਰੂਦ ਆ ਗਿਆ। ਸਰਕਾਰ ਨੇ ਐਲਾਨ ਕਰ ਦਿੱਤਾ ਕਿ ਅੱਤਵਾਦ ਸ਼ੁਰੂ ਹੋ ਗਿਐ। ਪਿੰਡ ਦਾ ਫੱਕਰ ਪਤਾ ਨਹੀਂ ਹਿੰਦੂ ਹੈ ਕਿ ਮੁਸਲਮਾਨ। ਕਦੀ ਮੰਦਰ ਜਾ ਕੇ ਸੰਖ ਵਜਾ ਆਉਂਦੈ, ਕਦੀ ਮਸੀਤ ਵਿਚ ਨਮਾਜ਼ ਪੜ੍ਹਨ ਚਲਾ ਜਾਂਦੈ। ਕਿਹਾ ਕਰਦੈ-ਹਜ਼ਾਰਾਂ ਸਾਲ ਪਹਿਲਾਂ ਅਸੀਂ ਰੱਬ ਨੂੰ ਯਾਦ ਕਰਦਿਆਂ ਸੰਖ ਵਜਾਏ ਤਾਂ ਕਿਤੇ ਸਾਨੂੰ ਨਮਾਜ਼ ਨਸੀਬ ਹੋਈ ।

ਏਸ ਪਿੰਡ ਦੀ ਮੇਥੀ ਦੂਰ -ਦੂਰ ਤੱਕ ਮਸ਼ਹੂਰ ਸੀ। ਦੂਜੇ ਪਿੰਡ ਮੇਥੀ ਦੀ ਖੁਸ਼ਬੂ ਪੁੱਜਦੀ ਪਰ ਮੇਥੀ ਨਹੀਂ ਜਾ ਸਕਦੀ। ਸਮੁੰਦਰ ਵਾਲਾ ਰਸਤਾ ਬੜਾ ਮਹਿੰਗਾ ਪੈਂਦਾ। ਇਧਰਲੇ ਉਧਰਲੇ ਬੇਵੱਸ। ਨੂਰਦੀਨ ਨੇ ਧੀ ਦਾ ਵਿਆਹ ਧਰਿਆ ਹੋਇਆ ਸੀ ਕਿ ਉਸਦਾ ਮੇਥੀ ਨਾਲ ਭਰਿਆ ਜਹਾਜ਼ ਡੁੱਬ ਗਿਆ। ਸਭ ਖਤਮ। ਸਰਹੱਦ ਪਾਰੋਂ ਸਾਈਂਦਾਸ ਨੇ ਆਵਾਜ਼ ਮਾਰੀ - ਵਿਆਹ ਹੋਵੇਗਾ ਨੂਰਦੀਨ, ਮੇਰੇ ਕੋਲ ਪੈਸੇ ਨੇ, ਮੈਂ ਆਪਣੇ ਭਰਾ ਦੀ ਮਦਦ ਵਕਤ ਸਿਰ ਨਾ ਕੀਤੀ ਤਾਂ ਜਿਉਣ ’ਤੇ ਲਾਹਨਤ। ਰੁਕ, ਪੈਸੇ ਲਿਆ ਰਿਹਾਂ। ਸਿਪਾਹੀ ਨੇ ਕਿਹਾ- ਤੇਰੇ ਪਿੰਡ ਦੇ ਪੈਸੇ ਉਧਰ ਨਹੀਂ ਚਲਦੇ। ਇਸ ਗਰੀਬ ਨੂੰ ਫਸਵਾ ਦਏਂਗਾ ਕਿ ਵਿਦੇਸ਼ੀ ਕਰੰਸੀ ਕਿਥੋਂ ਆਈ।

ਆਖਰ ਇਕ ਸਕੀਮ ਬਣਾਈ। ਦੋਹਾਂ ਪਾਸਿਆਂ ਦੇ ਲੋਕਾਂ ਨੇ ਜ਼ਮੀਨ ਹੇਠਾਂ ਦੀ ਸੁਰੰਗ ਕੱਢ ਲਈ। ਲੋੜੀਂਦੀਆਂ ਚੀਜ਼ਾਂ ਇਧਰ ਉਧਰ ਆਣ ਜਾਣ ਲੱਗੀਆਂ। ਇਕ ਨਾ ਇਕ ਦਿਨ ਸਰਕਾਰ ਨੂੰ ਸੁਰੰਗ ਦਾ ਪਤਾ ਲੱਗਣਾ ਹੀ ਸੀ, ਲੱਗ ਗਿਆ। ਪੁਲਸ ਦੇ ਕੰਮਕਾਜ ਦੀ ਪੜਤਾਲ ਹੋਈ। ਜਾਂਚ ਟੀਮ ਅੱਗੇ ਪੁਲਸ ਨੇ ਬਿਆਨ ਦਿੱਤਾ- ਅਸੀਂ ਮੈਦਾਨਾਂ ਦੀ ਨਿਗਰਾਨੀ ਕਰਨੀ ਹੈ। ਆਕਾਸ਼ ਵਿਚ ਅਤੇ ਪਤਾਲ ਵਿਚ ਕੀ ਹੋ ਰਿਹੈ, ਸਾਨੂੰ ਨਹੀਂ ਪਤਾ। 

ਫੱਕਰ ਨੇ ਕਿਹਾ- ਨਦੀਆਂ ਵਹਿਣ ਬਦਲ ਲੈਂਦੀਆਂ ਹਨ, ਧਰਤੀ ਥਾਂ ਛੱਡ ਦਿੰਦੀ ਹੈ ਤਾਂ ਸੁਰੰਗਾਂ ਬਣ ਜਾਂਦੀਆਂ ਹਨ, ਆਕਾ- ਵਿਚ ਪਤਾ ਨਹੀਂ ਕਿਹੜੀਆਂ-ਕਿਹੜੀਆਂ ਹਨੇਰੀਆਂ ਵਗਦੀਆਂ ਹਨ। ਇਨ੍ਹਾਂ ਉਪਰ ਕਿਸੇ ਦਾ ਕੰਟਰੋਲ ਨਹੀਂ, ਜਿਨ੍ਹਾਂ ਬਟਵਾਰਾ ਕੀਤਾ ਉਨ੍ਹਾਂ ਨੂੰ ਕੋਈ ਨੀ ਪੁਛਦਾ। ਜ਼ਮੀਨ ਮਨਮਰਜ਼ੀ ਕਰਨ ਲਗੇ ਤਾਂ ਬੰਦੇ ਦੀ ਮਰਜ਼ੀ ਨੀ ਚਲਦੀ।


author

rajwinder kaur

Content Editor

Related News