‘ਫੂਡ ਲਵਰਸ’ ਲਈ ਹੋਟਲ ਗੋਲਡਨ ਟਿਊਲਿਪ ’ਚ ਸ਼ੁਰੂ ਹੋਇਆ ‘ਹਿਮਾਚਲੀ ਫੂਡ ਫੈਸਟੀਵਲ’
Saturday, Jun 03, 2023 - 01:32 PM (IST)
ਜਲੰਧਰ (ਪੁਨੀਤ)–ਜੀ. ਟੀ. ਰੋਡ ’ਤੇ ਪਠਾਨਕੋਟ ਚੌਂਕ ਨੇੜੇ ਸਥਿਤ ਹੋਟਲ ਗੋਲਡਨ ਟਿਊਲਿਪ ਵੱਲੋਂ ‘ਫੂਡ ਲਵਰਸ’ ਲਈ ‘ਹਿਮਾਚਲੀ ਫੂਡ’ ਫੈਸਟੀਵਲ ਸ਼ੁਰੂ ਕੀਤਾ ਗਿਆ ਹੈ, ਜੋਕਿ 4 ਜੂਨ ਤੱਕ ਚੱਲੇਗਾ। ਇਸ ਫੈਸਟੀਵਲ ਵਿਚ ਲਾਈਵ ਕਾਊਂਟਰਾਂ ’ਤੇ ਹਿਮਾਚਲ ਦੇ ਰਵਾਇਤੀ ਪਕਵਾਨ ਤਿਆਰ ਕੀਤੇ ਜਾ ਰਹੇ ਹਨ। ਫੈਸਟੀਵਲ ਵਿਚ ਸਟਾਫ਼ ਵੱਲੋਂ ਆਉਣ ਵਾਲੇ ਲੋਕਾਂ ਦਾ ਸਵਾਗਤ ਰਵਾਇਤੀ ਪਹਿਰਾਵਿਆਂ ਵਿਚ ਕੀਤਾ ਜਾ ਰਿਹਾ ਹੈ। ਸ਼ੈੱਫ ਅਤੇ ਖਾਣਾ ਪਰੋਸਣ ਵਾਲਾ ਸਟਾਫ਼ ਵੀ ਹਿਮਾਚਲ ਦੇ ਰਵਾਇਤੀ ਪਹਿਰਾਵੇ ਵਿਚ ਨਜ਼ਰ ਆ ਰਿਹਾ ਹੈ, ਜਿਸ ਨਾਲ ਪੂਰਾ ਮਾਹੌਲ ਹਿਮਾਚਲੀ ਰੰਗ ਵਿਚ ਰੰਗਿਆ ਹੋਇਆ ਹੈ। ਫੂਡ ਫੈਸਟੀਵਲ ਦੇ ਪਹਿਲੇ ਦਿਨ ਸ਼ੁੱਕਰਵਾਰ ਦਰਜਨਾਂ ਲੋਕਾਂ ਨੇ ਇਨ੍ਹਾਂ ਪਕਵਾਨਾਂ ਦਾ ਆਨੰਦ ਮਾਣਿਆ।
4 ਜੂਨ ਤੱਕ ਰਾਤ 7 ਤੋਂ 11 ਵਜੇ ਤਕ ਚੱਲਣ ਵਾਲੇ ਇਸ ਫੂਡ ਫੈਸਟੀਵਲ ਵਿਚ ਡਿਨਰ ਪੱਤਲਾਂ ’ਤੇ ਪਰੋਸਿਆ ਜਾ ਰਿਹਾ ਹੈ, ਜਿਸ ਨੂੰ ਲੋਕ ਪਸੰਦ ਕਰ ਰਹੇ ਹਨ। ਵੈੱਲਕਮ ਡ੍ਰਿੰਕ ਤੋਂ ਲੈ ਕੇ ਡਿਨਰ ਤੱਕ ਦੇ ਪਕਵਾਨਾਂ ਵਿਚ ਹਿਮਾਚਲ ਦੀਆਂ 35 ਤੋਂ ਵੱਧ ਵੈਰਾਇਟੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਫੂਡ ਲਵਰਸ ਨੂੰ ਸ਼ਰਬਤ ਦੀ ਵੈੱਲਕਮ ਡ੍ਰਿੰਕ ਤੋਂ ਇਲਾਵਾ ਹਿਮਾਚਲੀ ਫਰੂਟ ਦੀ ਵੈਰਾਇਟੀ (ਵਿਸ਼ੇਸ਼ ਤੌਰ ’ਤੇ ਚੈਰੀ ਅਤੇ ਰਸ ਨਾਲ ਭਰੇ ਸੇਬਾਂ ਦੀਆਂ ਕਿਸਮਾਂ), ਸਨੈਕਸ, ਮੇਨ ਕੋਰਸ ਅਤੇ ਮਿੱਠੇ ਸਮੇਤ ਕਈ ਤਰ੍ਹਾਂ ਦੇ ਪਕਵਾਨ ਪਰੋਸੇ ਜਾ ਰਹੇ ਹਨ।
ਮੈਨੇਜਰ ਸੰਜੀਵ ਠਾਕੁਰ ਅਤੇ ਸ਼ੈੱਫ ਸੰਨੀ ਕਟੋਚ ਨੇ ਦੱਸਿਆ ਕਿ ਇਸ ਫੂਡ ਫੈਸਟੀਵਲ ਨੂੰ ਖਾਸ ਬਣਾਉਣ ਲਈ ਹਿਮਾਚਲ ਦੇ ਕਈ ਜ਼ਿਲ੍ਹਿਆਂ ਦੀਆਂ ਸਪੈਸ਼ਲ ਆਈਟਮਾਂ ਨੂੰ ਮੈਨਿਊ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਚ ਵਿਸ਼ੇਸ਼ ਤੌਰ ’ਤੇ ਚੰਬਾ ਤੋਂ ਮਦਰਾ, ਕਾਂਗੜਾ ਤੋਂ ਖੱਟਾ, ਸ਼ਿਮਲਾ ਤੋਂ ਸੀਡਰੂ, ਕਿਨੌਰ ਤੋਂ ਕਸਰੋਡ, ਮੰਡੀ ਤੋਂ ਸੇਪੂ ਵਡ਼ੀਆਂ, ਬਿਲਾਸਪੁਰ ਤੋਂ ਕੜ੍ਹੀ, ਨੂਰਪੁਰ ਤੋਂ ਬਬਰੂ ਨਾਂ ਦੀ ਵਿਸ਼ੇਸ਼ ਚੌਪਾਟੀ ਫੂਡ ਲਵਰਸ ਲਈ ਖਾਸ ਰਹੇਗੀ। ਇਨ੍ਹਾਂ ਵਿਚ ਸਟਾਰਟਰ ਵਿਚ ਸ਼ੀਰਾ ਨਾਂ ਦੀ ਮਸ਼ਹੂਰ ਡਿਸ਼ ਖ਼ਾਸ ਹੈ।
ਇਹ ਵੀ ਪੜ੍ਹੋ-ਇਨ੍ਹਾਂ ਔਰਤਾਂ ਤੋਂ ਰਹੋ ਸਾਵਧਾਨ, ਲਿਫ਼ਟ ਦੇ ਬਹਾਨੇ ਹਾਈਵੇਅ 'ਤੇ ਇੰਝ ਚਲਾ ਰਹੀਆਂ ਨੇ ਕਾਲਾ ਕਾਰੋਬਾਰ
ਇਥੇ ਵੈੱਜ ਤੋਂ ਇਲਾਵਾ ਨਾਨ-ਵੈੱਜ ਆਈਟਮਾਂ ਵੀ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿਚ ਖ਼ਾਸ ਤੌਰ ’ਤੇ ਕਾਂਗੜਾ ਦਾ ਕੁੱਕੜੂ ਅਤੇ ਮਟਨ ਆਦਿ ਸ਼ਾਮਲ ਹਨ। ਦੇਗ (ਵੱਡੇ ਪਤੀਲੇ) ਬਣਨ ਵਾਲੀ ਹਿਮਾਚਲੀ ਮਿੱਠੀ ਭਾਤ ਫੂਡ ਲਵਰਸ ਨੂੰ ਖ਼ਾਸ ਪਸੰਦ ਆਉਣ ਵਾਲੀ ਹੈ। ਕਈ ਸਬਜ਼ੀਆਂ ਬਣਾਉਣ ਲਈ ਹਿਮਾਚਲ ਦੀ ਸਭ ਤੋਂ ਮਹਿੰਗੀ ਮੰਨੀ ਜਾਂਦੀ ਸਬਜ਼ੀ ਗੁੱਚੀ ਦੀ ਵਰਤੋਂ ਕੀਤੀ ਗਈ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਗੁੱਚੀ ਸਬਜ਼ੀ ਪਹਾੜਾਂ ’ਤੇ ਉੱਗਦੀ ਹੈ, ਜੋ ਕਿ ਹਿਮਾਚਲ ਦੀ ਪਛਾਣ ਹੈ। ਉਥੇ ਹੀ, ਪਕਵਾਨ ਬਣਾਉਣ ਲਈ ਪਹਾੜੀ ਗਰਮ ਮਸਾਲਿਆਂ ਦੀ ਵਰਤੋਂ ਕੀਤੀ ਗਈ ਹੈ।
ਵਿਸ਼ੇਸ਼ ਅੰਦਾਜ਼ ਵਿਚ ਪੱਤਲ ’ਚ ਪਰੋਸੇ ਜਾ ਰਹੇ ਖਾਣੇ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਫੂਡ ਫੈਸਟੀਵਲ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਹਿਮਾਚਲੀ ਫੂਡ ਦਾ ਜਾਇਕਾ ਚੱਖਣ ਦਾ ਮੌਕਾ ਮਿਲ ਰਿਹਾ ਹੈ। ਹਿਮਾਚਲੀ ਟੋਪੀਆਂ ਵਿਚ ਸਜੇ ਸਟਾਫ ਵੱਲੋਂ ਹਿਮਾਚਲੀ ਭਾਸ਼ਾ ਵਿਚ ਗੱਲਬਾਤ ਕੀਤੀ ਜਾ ਰਹੀ ਹੈ, ਜੋ ਕਿ ਹਿਮਾਚਲੀ ਸੱਭਿਆਚਾਰ ਤੋਂ ਰੂ-ਬਰੂ ਕਰਵਾ ਰਹੀ ਹੈ। ਮੈਨੇਜਰ ਸੰਜੀਵ ਠਾਕੁਰ ਨੇ ਕਿਹਾ ਕਿ ਪਹਿਲੇ ਦਿਨ 60 ਤੋਂ ਵੱਧ ਲੋਕਾਂ ਨੇ ਇਸ ਫੂਡ ਫੈਸਟੀਵਲ ਦਾ ਆਨੰਦ ਮਾਣਿਆ ਅਤੇ ਇਸਦੀ ਸ਼ਲਾਘਾ ਕੀਤੀ। ਠਾਕੁਰ ਨੇ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਵਧੀਆ ਹੁੰਗਾਰੇ ਕਰਕੇ ਲੋਕਾਂ ਦੀ ਡਿਮਾਂਡ ’ਤੇ ਆਉਣ ਵਾਲੇ ਸਮੇਂ ਵਿਚ ਵੀ ਅਜਿਹੇ ਆਯੋਜਨ ਕੀਤੇ ਜਾਣਗੇ।
ਇਹ ਵੀ ਪੜ੍ਹੋ-ਵਿਸ਼ੇਸ਼ ਇੰਟਰਵਿਊ 'ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਮੁਫ਼ਤ ਬਿਜਲੀ ਦੀ ਸਹੂਲਤ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani