ਹਿਮਾਚਲ ਵਿਖੇ ਬਰਫਬਾਰੀ ’ਚ ਫਸੇ ਸੈਲਾਨੀਆਂ ਨੂੰ ਵਾਪਸ ਲਿਆਉਣ ਵਿਚ ਪੰਜਾਬ ਰੋਡਵੇਜ਼ ਬਣ ਰਹੀ ਮਦਦਗਾਰ

Wednesday, Dec 30, 2020 - 12:45 PM (IST)

ਜਲੰਧਰ (ਪੁਨੀਤ)– ਹਿਮਾਚਲ ਦੇ ਉਪਰਲੇ ਇਲਾਕਿਆਂ ਵਿਚ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਕਈ ਸੜਕਾਂ ਆਵਾਜਾਈ ਲਈ ਬੰਦ ਹੋ ਚੁੱਕੀਆਂ ਹਨ। ਇਕ ਪਾਸੇ ਜਿੱਥੇ ਸ਼ਿਮਲਾ ਦੇ ਅਗਲੇ ਕਈ ਰਸਤੇ ਬੰਦ ਹੋ ਚੁੱਕੇ ਹਨ, ਉਥੇ ਹੀ ਮਨਾਲੀ ਤੋਂ ਅੱਗੇ ਵੀ ਬਰਫਬਾਰੀ ਹੋਣ ਕਾਰਨ ਵਾਹਨਾਂ ਦੇ ਫਸਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ, ਜਦੋਂ ਕਿ ਸ਼ਿਮਲਾ ਅਤੇ ਮਨਾਲੀ ਤੱਕ ਰਸਤੇ ਅਜੇ ਕਲੀਅਰ ਹਨ।
ਹਿਮਾਚਲ ਵਿਚ ਪ੍ਰਸ਼ਾਸਨ ਨੂੰ ਚੌਕਸ ਕੀਤਾ ਜਾ ਚੁੱਕਾ ਹੈ ਅਤੇ ਬਰਫਬਾਰੀ ਵਿਚ ਫਸੀਆਂ ਟੂਰਿਸਟ ਬੱਸਾਂ ਨੂੰ ਰੈਸਕਿਊ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਲੜੀ ਵਿਚ ਪ੍ਰਭਾਵਿਤ ਹੋਣ ਵਾਲੇ ਰਸਤਿਆਂ ਵੱਲ ਜਾਣ ਵਾਲੇ ਵਾਹਨਾਂ ’ਤੇ ਵੀ ਕੁਝ ਸਮੇਂ ਲਈ ਰੋਕ ਲਾ ਦਿੱਤੀ ਗਈ ਹੈ। ਜਿਹੜੇ ਲੋਕ ਬਰਫਬਾਰੀ ਵਿਚ ਫਸੇ ਸਨ, ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਸ਼ਿਮਲਾ ਤੱਕ ਪਹੁੰਚਾਇਆ ਗਿਆ।

ਸ਼ਿਮਲਾ ਤੋਂ 6 ਕਿਲੋਮੀਟਰ ਦੂਰੀ ’ਤੇ ਸਥਿਤ ਬੱਸ ਅੱਡੇ ਵਿਚ ਪਹੁੰਚਣ ਵਾਲੇ ਸੈਲਾਨੀਆਂ ਨੂੰ ਵਾਪਸ ਲਿਆਉਣ ਵਿਚ ਪੰਜਾਬ ਰੋਡਵੇਜ਼ ਮਦਦਗਾਰ ਸਾਬਿਤ ਹੋ ਰਹੀ ਹੈ। ਪਹਿਲਾਂ ਸ਼ਿਮਲਾ ਦਾ ਬੱਸ ਅੱਡਾ ਮੁੱਖ ਬਾਜ਼ਾਰ ਤੋਂ ਕੁਝ ਦੂਰੀ ’ਤੇ ਸਥਿਤ ਸੀ ਪਰ ਹੁਣ ਬੱਸ ਅੱਡੇ ਨੂੰ ਸ਼ਿਮਲਾ ਦੇ ਮੁੱਖ ਬਾਜ਼ਾਰ ਤੋਂ 6 ਕਿਲੋਮੀਟਰ ਦੂਰ ਬਣਾਇਆ ਜਾ ਚੁੱਕਾ ਹੈ। ਸ਼ਿਮਲਾ ਤੋਂ ਬੱਸ ਅੱਡਾ ਦੂਰ ਹੋਣ ਕਾਰਣ ਉਥੇ ਬਰਫਬਾਰੀ ਹੋਣ ਦੀਆਂ ਘੱਟ ਹੀ ਸੂਚਨਾਵਾਂ ਮਿਲਦੀਆਂ ਹਨ, ਜਿਸ ਕਾਰਣ ਸ਼ਿਮਲਾ ਤੱਕ ਜਾਣ ਵਾਲੀਆਂ ਬੱਸਾਂ ਆਸਾਨੀ ਨਾਲ ਜਾ ਸਕਦੀਆਂ ਹਨ। ਉਕਤ ਬੱਸ ਅੱਡੇ ਤੋਂ ਅੱਗੇ ਜਾਣ ਲਈ ਬੱਸਾਂ ਵਿਚ ਆਉਣ ਵਾਲੇ ਸੈਲਾਨੀ ਨਿੱਜੀ ਵਾਹਨਾਂ ਦੀ ਵਰਤੋਂ ਕਰਦੇ ਹਨ। ਜਿਹੜੀਆਂ ਸੂਚਨਾਵਾਂ ਮਿਲ ਰਹੀਆਂ ਹਨ, ਉਨ੍ਹਾਂ ਮੁਤਾਬਕ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਸੈਲਾਨੀ ਪੰਜਾਬ ਆ ਰਹੇ ਹਨ, ਜਦੋਂ ਕਿ ਸ਼ਿਮਲਾ ਜਾਣ ਵਾਲੇ ਲੋਕਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ।

PunjabKesari

ਸ਼ਿਮਲਾ ਸਮੇਤ ਕਈ ਹਿੱਲ ਸਟੇਸ਼ਨਾਂ ਦੀਆਂ ਸੜਕਾਂ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਨਿੱਜੀ ਵਾਹਨਾਂ ਦੇ ਪਹੁੰਚਣ ਨਾਲ ਕਈ ਰਸਤਿਆਂ ’ਤੇ ਟਰੈਫਿਕ ਜਾਮ ਦੇ ਹਾਲਾਤ ਬਣ ਚੁੱਕੇ ਹਨ। ਬਰਫਬਾਰੀ ਨਾਲ ਹੋਟਲ ਇੰਡਸਟਰੀ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਨਵੇਂ ਸਾਲ ਤੋਂ ਪਹਿਲਾਂ ਹੋਈ ਬਰਫਬਾਰੀ ਕਾਰਨ ਸੈਲਾਨੀਆਂ ਨੇ ਸ਼ਿਮਲਾ ਵੱਲ ਜਾਣ ਵਿਚ ਰੁਚੀ ਦਿਖਾਈ ਹੈ। ਸ਼ਿਮਲਾ ਤੋਂ ਪਰਤੇ ਇਕ ਬੱਸ ਦੇ ਚਾਲਕ ਦਲ ਨੇ ਦੱਸਿਆ ਕਿ ਰਸਤੇ ਵਿਚ ਕਈ ਥਾਵਾਂ ’ਤੇ ਹਲਕੀ ਬਰਫਬਾਰੀ ਹੋਈ ਹੈ, ਜਿਸ ਕਾਰਨ ਸੈਲਾਨੀਆਂ ਵੱਲੋਂ ਰਸਤੇ ਵਿਚ ਸਟਾਪੇਜ ਲਾ ਕੇ ਮੌਸਮ ਦਾ ਆਨੰਦ ਮਾਣਿਆ ਜਾ ਰਿਹਾ ਹੈ। ਸ਼ਿਮਲਾ ਤਕ ਜਾਣ ਵਿਚ ਪਹਿਲਾਂ ਦੇ ਮੁਤਾਬਕ ਜ਼ਿਆਦਾ ਸਮਾਂ ਲੱਗ ਰਿਹਾ ਹੈ ਕਿਉਂਕਿ ਬੱਸਾਂ ਦੇ ਚੱਲਣ ਦੀ ਸਪੀਡ ਨਹੀਂ ਬਣ ਪਾ ਰਹੀ। ਵੇਖਿਆ ਜਾ ਰਿਹਾ ਹੈ ਕਿ ਲੋਕ ਆਪਣੇ ਵਾਹਨਾਂ ’ਤੇ ਜਾਣ ਦੀ ਥਾਂ ਬੱਸਾਂ ਜ਼ਰੀਏ ਸ਼ਿਮਲਾ, ਮਨਾਲੀ ਅਤੇ ਹੋਰ ਹਿੱਲ ਸਟੇਸ਼ਨਾਂ ’ਤੇ ਪਹੁੰਚ ਰਹੇ ਹਨ ਅਤੇ ਉਥੋਂ ਲੋਕਲ ਟੈਕਸੀ ਕਰ ਕੇ ਘੁੰਮਣ ਜਾ ਰਹੇ ਹਨ।

ਮਹਿੰਗੇ ਰੇਟ ’ਤੇ ਮਿਲ ਰਹੇ ਹਨ ਹੋਟਲਾਂ ’ਚ ਕਮਰੇ
ਨਵੇਂ ਸਾਲ ਦੀ ਪੂਰਬਲੀ ਸ਼ਾਮ ਦਾ ਆਨੰਦ ਮਾਣਨ ਲਈ ਸ਼ਿਮਲਾ ਜਾਣ ਵਾਲੇ ਲੋਕਾਂ ਦੀਆਂ ਜੇਬਾਂ ’ਤੇ ਵਾਧੂ ਭਾਰ ਪੈ ਰਿਹਾ ਹੈ ਕਿਉਂਕਿ ਬਰਫਬਾਰੀ ਹੋਣ ਕਾਰਨ ਸੈਲਾਨੀਆਂ ਦੀ ਗਿਣਤੀ ਬਹੁਤ ਵਧ ਚੁੱਕੀ ਹੈ। ਜਿਹੜੇ ਹੋਟਲ ਵਿਚ ਕਮਰਾ ਪਹਿਲਾਂ 4 ਤੋਂ 5 ਹਜ਼ਾਰ ਰੁਪਏ ਵਿਚ ਮਿਲ ਜਾਂਦਾ ਸੀ, ਉਸ ਦੇ ਰੇਟ ਵਿਚ 20-30 ਫ਼ੀਸਦੀ ਤੋਂ ਵੱਧ ਦਾ ਵਾਧਾ ਵੇਖਿਆ ਜਾ ਰਿਹਾ ਹੈ। ਇਸ ਸਭ ਕਾਰਨ ਹੋਟਲ ਮਾਲਕਾਂ ਦੀ ਚਾਂਦੀ ਹੋ ਰਹੀ ਹੈ। ਇਸੇ ਦੇ ਨਾਲ-ਨਾਲ ਸ਼ਿਮਲਾ ਦੇ ਬਾਜ਼ਾਰ ਵਿਚ ਵੀ ਖੂਬ ਚਹਿਲ-ਪਹਿਲ ਦੇਖੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੇਕਰ ਨਵੇਂ ਸਾਲ ਦੇ ਆਗਮਨ ਵਾਲੀ ਰਾਤ ਨੂੰ ਫਿਰ ਤੋਂ ਬਰਫ ਪੈ ਜਾਂਦੀ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਉਥੇ ਸੈਲਾਨੀਆਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News