1947 ਹਿਜਰਤਨਾਮਾ-10 : ਸ.ਲਛਮਣ ਸਿੰਘ ਬਜੂਹਾ

Friday, May 15, 2020 - 10:22 AM (IST)

1947 ਹਿਜਰਤਨਾਮਾ-10 : ਸ.ਲਛਮਣ ਸਿੰਘ ਬਜੂਹਾ

ਸਤਵੀਰ ਸਿੰਘ ਚਾਨੀਆਂ
92569-73526

" ਬਰਖਰਦਾਰੋ ਮੈਂ ਲਛਮਣ ਸਿੰਘ ਸਪੁੱਤਰ ਬੇਲਾ ਸਿੰਘ ਸਪੁੱਤਰ ਜੋਧ ਸਿੰਘ ਮੌਜਾ ਬਜੂਹਾਂ ਖੁਰਦ, ਜ਼ਿਲਾ ਜਲੰਧਰ ਤੋਂ ਬੋਲ ਰਿਹੈਂ। ਮੇਰੇ ਬਾਬਾ ਜੋਧ ਸਿੰਘ ਜੀ, ਪਿਛਲਾ ਜੱਦੀ ਪਿੰਡ ਧਾਲੀਵਾਲ ਮੰਜਕੀ-ਜਲੰਧਰ,1900 ਸੰਨ ਤੋਂ ਕਿਧਰੇ ਪਹਿਲਾਂ ਹੀ ਬ-ਲਿਹਾਜ ਖੇਤੀਬਾੜੀ ਚੱਕ ਨੰ: 54 ਗੋਗੇਰਾ ਬਰਾਂਚ, ਡਾਕ ਮੁਢਾਂ ਵਾਲਾ ਸ਼ੰਕਰ ਤਹਿ: ਜੜਾਂਵਾਲੀ ਜ਼ਿਲਾ ਲਾਇਲਪੁਰ ਵਿਚ ਚਲੇ ਗਏ ਸਨ। ਸ:ਜੋਧ ਸਿੰਘ ਦੇ ਅੱਗੋਂ ਪੰਜ ਬੇਟੇ ਹੋਏ, ਜੈਮਲ ਸਿੰਘ, ਸ਼ਾਮ ਸਿੰਘ, ਭਗਵਾਨ ਸਿੰਘ, ਪਾਲ ਸਿੰਘ ਅਤੇ ਸਾਡਾ ਬਾਪ ਬੇਲਾ ਸਿੰਘ। ਪਿਤਾ ਜੀ ਦਾ ਜਨਮ ਅਤੇ ਸਾਡੇ ਛੇਆਂ ਭਰਾਵਾਂ ਸਾਧੂ ਸਿੰਘ, ਲਛਮਣ ਸਿੰਘ, ਕੁੰਦਨ ਸਿੰਘ, ਸੋਹਣ ਸਿੰਘ, ਕੇਵਲ ਸਿੰਘ ਅਤੇ ਕਰਨੈਲ ਸਿੰਘ ਦਾ ਜਨਮ ਬਾਰ ਦਾ ਹੀ ਹੈ।

ਅਸੀਂ ਸਕੂਲ ਨਹੀਂ ਗਏ। ਗੁਰਦੁਆਰਾ ਸਹਿਬ ’ਚ ਹੀ ਭਾਈ ਜੀ ਪਾਸੋਂ ਗੁਰਮੁਖੀ ਪੜ੍ਹਨੀ ਲਿਖਣੀ ਸਿੱਖੀ। ਸਾਡੇ ਬਾਪ ਪਾਸ ਇਕ ਮੁਰੱਬਾ ਅਤੇ ਸਾਢੇ ਚਾਰ ਖੇਤਾਂ ਦੀ ਵਾਹੀ ਸੀ। ਕਣਕ, ਮੱਕੀ, ਚਰੀ, ਬਾਜਰਾ ਅਤੇ ਨਰਮਾ ਆਦਿ ਫਸਲਾਂ ਬੀਜਦੇ ਸਾਂ। ਨਹਿਰੀ ਜ਼ਮੀਨ ਸੀ, ਸੋ ਫਸਲ ਬਾੜੀ ਸੋਹਣੀ ਹੋਈ ਜਾਂਦੀ ਸੀ। ਸਿੱਖਾਂ ਦੇ ਕੋਈ 60-70, ਹਿੰਦੂਆਂ ਦੇ 4-5,ਆਦਿ ਧਰਮੀ ਅਤੇ ਬਾਲਮੀਕਾਂ ਦੇ 20-25 ਅਤੇ ਮੁਸਲਿਮਾ ਦੇ 10-12 ਘਰ ਸਨ। ਮੁਸਲਮਾਨ ਗੌਂਸਦੀਨ ਜਿਸ ਦੇ ਮੁੰਡੇ ਚਿਰਾਗ, ਨਵਾਬ, ਨੈਤ ਅਤੇ ਮੌਹੰਮਦ ਅਲੀ ਮੇਰੇ ਹਾਣੀ ਪਰਾਣੀ ਸਨ, ਪਿੰਡ ਵਿਚ ਲੁਹਾਰਾ ਕੰਮ ਕਰਦੇ ਸਨ। ਰੰਗੜਾਂ ਦੇ ਮਹਿੰਗੇ ਦਾ ਪੁੱਤਰ ਲਾਲਦੀਨ ਬੱਕਰੀਆਂ ਚਾਰਿਆ ਕਰਦਾ ਸੀ। ਗੌਂਸ ਕੇ ਟੱਬਰ ’ਚੋਂ ਬਾਵੂ ਇੰਜਣ ਤੇ ਆਟਾ ਚੱਕੀ ਚਲਾਇਆ ਕਰਦਾ ਸੀ। ਓਧਰ, ਤਰਖਾਣਾ ਕੰਮ ਰਣ ਸਿੰਘ ਅਤੇ ਪੂਰਨ ਸਿੰਘ ਕਰਦੇ ਸਨ। ਇਨ੍ਹਾਂ ਦਾ ਬੇਟਾ ਬੂਟਾ ਸਿੰਘ ਨਾਮੇ ਵੀ ਮੇਰਾ ਹਮ ਉਮਰ ਸੀ।

ਇਨ੍ਹਾਂ ਉਪਰੋਕਤ ਦਰਜ ਸਾਰਿਆਂ ਦਾ ਪਿਛਲਾ ਪਿੰਡ ਇਧਰਲਾ ਸ਼ੰਕਰ-ਨਕੋਦਰ ਸੀ। ਪਿੰਡ ਦੇ ਲੰਬੜਦਾਰ ਸ: ਉਜਾਗਰ ਸਿੰਘ ਪੁੱਤਰ ਜੈਮਲ ਸਿੰਘ ਅਤੇ ਬਖਤਾਵਰ ਸਿੰਘ ਵੀ ਇਧਰਲੇ ਸ਼ੰਕਰ ਪਿੰਡ ਤੋਂ ਹੀ ਸਨ। ਅੱਸਾ ਅਤੇ ਦਲੀਪਾ ਬਾਲਮੀਕ ਪਿਓ-ਪੁੱਤ, ਜੋ ਇਧਰੋਂ ਚਾਨੀਆਂ ਪਿੰਡੋਂ ਹੀ ਸਨ, ਖੇਤਾਂ ਵਿਚ ਦਿਹੜੀ ਲੱਪਾ ਕਰਦੇ ਸਨ। ਉਨ੍ਹਾਂ ਦੀ ਖਾਸ ਗੱਲ ਇਹ ਰਹੀ ਕਿ ਉਹ ਓਧਰ ਹੀ ਰਹਿ ਪਏ ਅਤੇ ਵੰਡ ਵੇਲੇ ਇਧਰ ਨਹੀਂ ਆਏ। ਓਧਰ ਸਾਰੀਆਂ ਕੌਮਾ ਦਾ ਵਸੇਬ ਵਧੀਆ ਸੀ। ਦੁੱਖ-ਸੁੱਖ ਵਿਚ ਸਾਂਝੀ ਹੁੰਦੇ ਸਾਂ। ਇਕ ਦੂਜੇ ਘਰਾਂ ਦਾ ਖਾਂਦੇ ਤਾਂ ਨਹੀਂ ਸਾਂ ਪਰ ਸੁੱਕੀਆਂ ਵਸਤਾਂ ਜਾਂ ਔਜ਼ਾਰਾਂ ਦਾ ਅਦਾਨ ਪ੍ਰਦਾਨ ਕਰ ਲਈ ਦਾ ਸੀ।  

ਉਥੋਂ ਦੇ ਦੋ ਵਾਕਿਆ ਮੈਨੂੰ ਭੁੱਲਦੇ ਨਹੀਂ। ਪਹਿਲਾ ਇਹ ਕਿ ਬਾਵੂ ਦੀ ਇੰਜਣ ਅਤੇ ਆਟਾ ਚੱਕੀ ਚੱਲਦੀ ਹੁੰਦੀ ਸੀ। ਇੰਜਣ ਦੇ ਧੂੰਏਂ ਵਾਲੇ ਘੁੱਗੂ ਦੀ ਆਵਾਜ਼ ਦੂਰ ਤੱਕ ਸੁਣਨੀ। ਅਸੀਂ ਮੁੰਡਿਆਂ ਉਸ ਨੂੰ ਉੱਚੀ ਸੁਰ ਵਿਚ 'ਬਾਵੂ ਦੀ ਮਸ਼ੀਨ ਘੁੱਗੂ ਤੇਜ ਬੋਲਦਾ-ਨੈਤ ਬੇਈਮਾਨ ਆਟਾ ਘੱਟ ਤੋਲਦਾ' ਕਹਿ ਛੇੜ ਛੇੜ ਲੰਘਣਾ ਅਤੇ ਭੱਜਣਾ। ਤੇ ਦੂਜਾ ਵਾਕਿਆ ਇਹ ਕਿ ਗੌਂਸ ਦਾ ਪੋਤਾ ਤੁਫੈਲ ਪੁੱਤਰ ਚਿਰਾਗ ਮੇਰਾ ਮੁਹੱਬਤੀ ਸੀ। ਸਾਡਾ ਖੂਹ ਪਿੰਡ ਦੇ ਬਾਹਰ ਬਾਰ ਨਜਦੀਕ ਹੀ ਹੋਣ ਕਰਕੇ ਉਹ ਸਾਡਿਓਂ ਬਾ ਲਿਹਾਜ ਅਕਸਰ ਹੀ ਚਰੀ ਬਾਜਰਾ  ਵੱਢ ਕੇ ਲੈ ਜਾਂਦਾ । ਮੈਂ ਵੀ ਇਤਫਾਕਨ ਚਰੀ ਨੂੰ ਗਿਆ ਤਾਂ ਉਸ ਨੂੰ ਪੱਠੇ ਵੱਢਣ ਆਉਂਦਿਆਂ ਦੇਖ, ਸ਼ੁਕਲ ਮੂਵਜ਼ ਇਹ ਕਹਿੰਦਿਆਂ ਪਿੱਛਿਓਂ ਜੱਫਾ ਪਾ ਲਿਆ, ਕਿ ਰੋਜ ਹੀ ਇਧਰ ਪੱਠੇ ਲੈਣ ਤੁਰ ਆਉਨੈ ਕਿਧਰੇ ਹੋਰ ਵੀ ਚਲੇ ਜਾਇਆ ਕਰ? ਖਿੱਚ ਧੂਹ ਕਰਦਿਆਂ ਉਸ ਦੀ ਦਾਤੀ ਮੇਰੀ ਅੱਖ ਦੇ ਥੱਲੇ ਚੰਗੀ ਡੂੰਘੀ ਖੁੱਭ ਗਈ ਜੋ ਕਿ ਪਿੰਡ ਆ ਕੇ ਡਾਕਟਰ ਪਾਸੋਂ ਕਢਵਾਈ ।ਡੇਲਾ ਤਾਂ ਬਚ ਗਿਆ ਪਰ ਜ਼ਖ਼ਮ ਡੂੰਘਾ ਲੱਗਾ। 73 ਸਾਲ ਬੀਤ ਜਾਣ ਬਾਅਦ ਵੀ ਉਸ ਦਾ ਨਿਸ਼ਾਨ ਬਾਕੀ ਹੈ। ਜਦ ਵੀ ਸੀਸ਼ਾ ਵੇਖਦਾ ਆਂ ਤਾਂ ਤਦੋਂ ਹੀ ਤੁਫੈਲ ਯਾਦ ਆ ਜਾਂਦੈ।

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਸੁਲਤਾਨ ਹਮੀਦ

ਪੜ੍ਹੋ ਇਹ ਵੀ ਖਬਰ - ਖੂਨ ਦੀ ਕਮੀ ਨੂੰ ਦੂਰ ਕਰਨ ਦੇ ਲਈ ਖਾਓ ਇਹ ਚੀਜ਼ਾਂ, ਹੋਣਗੇ ਲਾਹੇਵੰਦ ਸਿੱਧ

ਪੜ੍ਹੋ ਇਹ ਵੀ ਖਬਰ - ਨਿਰਮਲ ਰਿਸ਼ੀ ਅਤੇ ਪੰਜਾਬੀ ਸਿਨੇਮਾ ਦਾ ਖਾਸ ਹਿੱਸਾ ਪੇਸ਼ ਕਰਦੀ ਦਸਤਾਵੇਜ਼ੀ ਫ਼ਿਲਮ 'ਨਜ਼ਰੀ ਨਾ ਆਵੇ'

PunjabKesari

ਜਦ ਰੌਲੇ ਪਏ ਤਾਂ ਆਲੇ-ਦੁਆਲੇ ਖਬਰਾਂ ਸੁਣਦੇ ਸਾਂ ਪਰ ਹਾਲਤ ਇਸ ਕਦਰ ਵਿਗੜ ਜਾਣਗੇ, ਖਿਆਲ ਨਹੀਂ ਸੀ। ਭਾਦੋਂ ਦੇ ਮਹੀਨੇ ਦੀ ਗੱਲ ਹੈ ਕਿ ਮੈਂ ਕਮਾਦ ਨੂੰ ਪਾਣੀ ਲਾਉਣ ਗਿਆ। ਦੁਪਹਿਰ ਢਲੇ ਮੁੜਿਆ ਤਾਂ ਕੀ ਵੇਖਦਾ ਹਾਂ ਕਿ ਪਿੰਡ ਤਾ ਹਲਾ-ਹਲਾ ਹੋਈ ਪਈ ਐ। ਲੋਕ ਧੜਾ ਧੜ ਆਪਣਾ ਆਪਣਾ ਸਮਾਨ ਗੱਡਿਆਂ ’ਤੇ ਲੱਦੀ ਜਾਂਦੇ ਆ। ਬੜਾ ਡਰ ਅਤੇ ਸਹਿਮ ਦਾ ਮਾਹੌਲ ਹੈ। ਮੇਰੇ ਘਰਦੇ ਵੀ ਸਮਾਨ ਲੱਦੀ ਜਾਣ। ਰੌਲੇ-ਰੱਪੇ ਦੀ ਚਰਚਾ ਤਾਂ ਕਈ ਦਿਨ ਤੋਂ ਚਲਦੀ ਸੀ ਪਰ ਇਹ ਅਣ ਐਲਾਨਿਆਂ ਵਰਤਾਰਾ ਮੇਰੇ ਲਈ ਬਹੁਤ ਅਚੰਬੇ ਵਾਲਾ ਸੀ। ਅਸੀਂ ਮਾਲ ਇਸਬਾਬ ਦੇ ਦੋ ਗੱਡੇ ਲੱਦ ਲਏ। ਚੋਣਵੇਂ ਪਸ਼ੂ ਵੀ ਨਾਲ ਹੀ ਹੱਕ ਲਏ। ਬਚਦਾ ਸਮਾਨ ਗੁਆਂਢੀ ਮੁਸਲਮ ਭਰਾਵਾਂ ਦੇ ਹਵਾਲੇ ਕਰ ਦਿੱਤਾ। ਨਜਦੀਕੀ ਪਿੰਡ 66 ਚੱਕ ਵਿਖੇ ਇਕ ਆਰਜੀ ਕੈਂਪ ਵਿਚ 'ਕੱਠ ਹੋਇਆ। ਇਥੇ ਉਥਲ ਪੁਥਲ ਚ ਸਾਡੇ ਪਰਿਵਾਰ ਦੇ ਅੱਧੈ ਮੈਂਬਰ ਸਥੋਂ ਵਿੱਛੜ ਗਏ। ਉਹ ਸਾਨੂੰ ਰੋਣ ਅਤੇ ਅਸੀਂ ਉਨ੍ਹਾਂ ਨੂੰ ਰੋਈਏ। ਉਹ ਸਾਨੂੰ ਕਿਧਰੇ ਵੀ ਨਾ ਲੱਭੇ। ਮੇਰੀਆਂ ਲਵੇਰੀਆਂ ਡਰ ਕੇ ਇਕ ਪਾਸੇ ਖੇਤਾਂ ਵੱਲ ਦੂਰ ਭੱਜ ਗਈਆਂ। ਮੈਂ ਮਗਰ ਦੌੜਾ ਤਾਂ ਮੈਨੂੰ 3-4 ਮੁਸਲਮਾਨਾ ਘੇਰ ਲਿਆ, ਜੋ ਛਵੀਆਂ ਨਾਲ ਲੈਸ ਸਨ। ਕਹਿ ਓਸ ਕਿ ਜੇ ਸਲਾਮਤੀ ਚਾਹੁੰਦੈਂ ਤਾਂ ਭੱਜ ਜਾ, ਇਹ ਪਸ਼ੂ ਹੁਣ ਸਾਡੇ ਹੋਏ। ਮੈਂ ਭੱਜ ਆਉਣ ’ਚ ਹੀ ਭਲਾ ਸਮਝਿਆ।

ਇਥੋਂ ਢਾਈ-300 ਗੱਡਿਆਂ ਦਾ ਕਾਫਲਾ ਬੱਲੋ ਕੀ ਹੈੱਡ ਲਈ ਤੁਰਿਆ। ਇਕ ਵਿਛੜ ਗਏ ਪਰਿਵਾਰ ਦੀ ਚਿੰਤਾ ਅਤੇ ਦੂਜਾ ਰਸਤੇ ਦੀ ਭੁੱਖ ਤੇਹ। ਸੱਭੋ ਨਹਿਰਾਂ ਅਤੇ ਖੂਹ, ਲਾਸ਼ਾਂ ਅਤੇ ਲਹੂ ਨਾਲ ਲਾਲ। ਖੂਹਾਂ ਅਤੇ ਟੋਭਿਆਂ ਵਿਚ ਸਥਾਨਕ ਲੋਕਾਂ ਵਲੋਂ ਜ਼ਹਿਰ ਮਿਲਾਉਣ ਦਾ ਰੌਲਾ। ਧੱਕੇ ਧੋਖੇ ਖਾਂਦੈ 10-12 ਦਿਨ ਬਾਅਦ ਬੱਲੋ ਕੀ ਹੈੱਡ ਪਹੁੰਚੇ। ਪਿੱਛਿਓਂ ਪੁਲਸ ਕੁੱਟੇ ਕਿ ਅੱਗੇ ਵਧੋ ਮੋਹਰੇ ਪੁਲਸ ਹਿੰਦੂ-ਸਿੱਖਾਂ ਤੋਂ ਹਥਿਆਰ ਖੋਈ ਜਾਵੇ। ਇਕ ਗਿਣੀ ਮਿਣੀ ਸਾਜਿਸ਼ ਤਹਿਤ ਹੈੱਡ ਪਾਰ ਹੁੰਦਿਆਂ ਹੀ ਮੁਸਲਿਮ ਭੀੜ ਵਲੋਂ ਕਾਫਲੇ ’ਤੇ ਹਮਲਾ ਕਰ ਦਿੱਤਾ। ਇਧਰਲੇ ਗੁਆਂਢੀ ਪਿੰਡ ਗੁੜੇ-ਨਕੋਦਰ ਤੋਂ ਕੁਝ ਬੰਦੇ ਤੇ ਧਾਲੀਵਾਲ ਤੋਂ ਅਰਜਣ ਸਿੰਘ ਕਤਲ ਕੀਤਿਆਂ ਵਿਚ ਸ਼ਾਮਲ ਸਨ।

 ਜੜਾਂਵਾਲਾ ਮੰਡੀ ਕੈਂਪ ਵਿਚ ਇਕ ਸਰਦਾਰ ਪੁਲਸ ਅਫਸਰ ਪਹਿਰੇ ਉਪਰ ਸੀ। ਉਸ ਨੂੰ ਬਦਲ ਕੇ ਮੁਸਲਮਾਨ ਅਫਸਰ ਲਾ ਦਿੱਤਾ । ਉਹ ਮੁਸਲਿਮ ਖਰੂਦੀਆਂ ਦੀ ਲੁਕਵੀਂ ਮਦਦ ਕਰਦਾ ਸੀ। ਜਿਨਾਂ ਹਿੰਦੂ-ਸਿੱਖਾਂ ਦਾ ਕਤਲ ਕੀਤਾ। ਮੀਂਹ ਅਤੇ ਹੈਜੇ ਦਾ ਜੋਰ ਬਹੁਤਾ ਸੀ। ਕਾਫਲੇ ’ਚ ਆਉਂਦੇ ਆਉਂਦੇ 18-20 ਬੰਦੇ ਮਰਗੇ। ਹੋਰ ਪਲੇਗ ਫੈਲਣ ਦੇ ਡਰੋਂ ਜੋ ਜਿਥੇ ਵੀ ਮਰੇ ਉਥੇ ਹੀ ਟੋਆ ਪੁੱਟ ਕੇ ਦੱਬ ਦਈਏ। 54 ਚੱਕ ਤੋਂ ਚੱਲ ਕੇ ਕਰੀਬ ਇਕ ਮਹੀਨੇ ਵਿਚ ਅਸੀਂ ਬੱਲੋ ਕੀ ਹੈੱਡ ਤੋਂ ਫਿਰੋਜਪੁਰ ਹੁੰਦੇ ਹੋਏ ਜਲੰਧਰ ਅਤੇ ਜਲੰਧਰ ਤੋਂ ਹਨੇਰੀ ਰਾਤ ਬੋਪਾਰਾਵਾਂ-ਨਕੋਦਰ ਗੁਰਦੁਆਰਾ ਸਹਿਬ ਪਹੁੰਚੇ। ਮੀਂਹ ਬਹੁਤਾ ਪਵੇ। ਗੁਰਦੁਆਰਾ ਸਹਿਬ ਦੇ ਭਾਈ ਜੀ ਹੋਰਾਂ ਸਾਡੀ ਬਹੁਤ ਟਹਿਲ ਸੇਵਾ ਕੀਤੀ। ਸਾਡੇ ਨਾਲ ਮੇਰੀ ਭੂਆ ਜੀ ਅਤੇ ਉਨ੍ਹਾਂ ਦਾ ਪਰਿਵਾਰ ਵੀ ਸੀ, ਜਿਨਾਂ ਦਾ ਪਿਛਲਾ ਜੱਦੀ ਪਿੰਡ ਲਿੱਤਰਾਂ-ਨਕੋਦਰ ਸੀ। ਸੋ ਦੂਸਰੇ ਦਿਨ ਲਿੱਤਰਾਂ ਨੂੰ ਹੀ ਗੱਡੇ ਹੱਕ ਲਏ। 3-4 ਦਿਨ ਉਥੇ ਰਹਿਣ ਉਪਰੰਤ ਧਾਲੀਵਾਲ ਮੰਜਕੀ ਆਏ ਤਾਂ ਕੀ ਦੇਖਦੇ ਹਾਂ ਕਿ ਚੱਕ 66 ਤੋਂ ਵਿੱਛੜਿਆ ਬਾਕੀ ਪਰਿਵਾਰ ਜਿਨ੍ਹਾਂ ਵਿਚ ਮੇਰੇ ਭਰਾ ਕੁੰਦਨ ਸਿੰਘ, ਸਾਧੂ ਸਿੰਘ ਅਤੇ ਮਾਤਾ ਬਿਸ਼ਨ ਕੌਰ ਵਗੈਰਾ ਸਨ, ਸਾਡੇ ਤੋਂ ਪਹਿਲਾਂ ਹੀ ਆਣਪਹੁੰਚਾ। ਜੋ ਕਿ 66 ਚੱਕ ਤੋਂ ਟਰੱਕਾਂ ’ਤੇ ਸਵਾਰ ਹੋ ਕੇ ਲਾਇਲਪੁਰ ਖਾਲਸਾ ਕਾਲਜ ਕੈਂਪ - ਲਾਹੌਰ- ਅੰਬਰਸਰ - ਜਲੰਧਰ - ਗੁਰਾਇਆਂ ਅਤੇ ਇਥੋਂ ਪੈਦਲ ਹੀ ਪਿੰਡ ਪਹੁੰਚੇ।

ਪੜ੍ਹੋ ਇਹ ਵੀ ਖਬਰ - ਪਿਛਲੇ 18 ਸਾਲਾਂ ''ਚ ਪੰਜਾਬ ਸਰਕਾਰ ਨੇ ਸ਼ਰਾਬ ਤੋਂ ਕਮਾਏ 54835 ਕਰੋੜ ਰੁਪਏ (ਵੀਡੀਓ)

ਪੜ੍ਹੋ ਇਹ ਵੀ ਖਬਰ - ਲੱਕ ਦਰਦ ਦੀ ਸਮੱਸਿਆ ਨੂੰ ਠੀਕ ਕਰਦੇ ਹਨ ‘ਮਖਾਣੇ’, ਭੁੱਖ ਤੋਂ ਦਿਵਾਉਂਦੇ ਹਨ ਰਾਹਤ

ਕੁਝ ਦਿਨਾਂ ਬਾਅਦ ਰੌਲਾ ਪਿਆ ਕਿ ਬਜੂਹਾਂ ਖੁਰਦ, ਜੋ ਮੁਸਲਿਮ ਬਹੁ ਵਸੋਂ ਵਾਲਾ ਪਿੰਡ ਸੀ ਮੁਸਲਿਮਾ ਦੇ ਜਾਣ ਨਾਲ ਖਾਲੀ ਪਿਆ ਹੈ। ਸੋ ਇਥੇ ਖਾਲੀ ਮੁਸਲਿਮ ਘਰਾਂ ਅਤੇ ਜ਼ਮੀਨਾਂ ’ਤੇ ਕਬਜ਼ਾਂ ਕਰਕੇ ਵਾਹੀ ਕਰਨ ਲੱਗ ਪਏ।

ਇਥੇ ਬਜੂਹੀਂ 20 ਕੁ ਘਰ ਬਾਲਮੀਕਾਂ ਅਤੇ ਆਦਿਧਰਮੀਆਂ ਦੇ ਸਨ। 2-3 ਘਰ ਸੂਦਾਂ ਦੇ। ਦੋ ਘਰ ਤਰਖਾਣ ਲਾਲ ਚੰਦ ਅਤੇ ਮੁਣਸ਼ੀ (ਪਿਛਲਾ ਪਿੰਡ ਕਾਂਗਣਾ-ਨਕੋਦਰ) ਦੇ ਸਨ।

PunjabKesari

ਇਥੇ ਪਹਿਲਾਂ ਕੱਚੀਆਂ ਪਰਚੀਆਂ ਪਈਆਂ ਫਿਰ ਰੌਲਿਆਂ ਤੋਂ ਕਰੀਬ 3 ਸਾਲ ਬਾਅਦ ਬਾਰ ’ਚੋਂ ਮਾਲ ਰਿਕਾਰਡ ਆਉਣ ’ਤੇ ਕਾਟ ਕੱਟ ਕੇ ਪੱਕੀਆਂ ਜ਼ਮੀਨਾਂ ਅਤੇ ਘਰ ਅਲਾਟ ਕਰ ਦਿੱਤੇ ਗਏ। ਹੁਣ 95 ਦੇ ਕਰੀਬ ਉਮਰ ਹੈ। ਆਪਣੇ ਪੁੱਤਰ ਗੁਰਮੇਜ ਸਿੰਘ, ਪੋਤਰੇ ਜਸਵਿੰਦਰ ਸਿੰਘ ਅਤੇ ਉਨ੍ਹਾਂ ਦੇ ਬਾਲ ਪਰਿਵਾਰ ਨਾਲ ਰਹਿ ਕੇ ਬੁਢਾਪਾ ਭੋਗ ਰਿਹਾ ਹਾਂ। ਨੂੰਹਾਂ ਵਲੋਂ ਬੜੀ ਸੇਵਾ ਹੈ। ਸੱਭੋ ਪੁੱਤ ਪੋਤੇ ਬੜੀ ਇੱਜਤ ਅਤੇ ਮੁਹੱਬਤ ਕਰਦੇ ਹਨ। ਲੰਬੀ ਉਮਰ ਦਾ ਰਾਜ ਹੀ ਇਹੋ ਹੈ। ਜੋ ਵੀ ਹੋਇਐ ਉਹ ਬਹੁਤ ਹੀ ਭਿਆਨਕ ਅਤੇ ਦੁਖਦਾਈ ਸੀ। ਇਸ ਵਕਤ ਇਕੋ ਤੜਫ, ਬਾਰ ਵਿਚਲੀ ਆਪਣੀ ਜੰਮਣ ਭੋਇੰ ਮੁੜ ਦੇਖਣ ਦੀ ਹੈ ਪਰ ਇਹ ਰੀਝ ਨੇੜ ਭਵਿੱਖ ਵਿਚ ਪੂਰੀ ਹੁੰਦੀ ਨਜ਼ਰ ਨਹੀਂ ਆਉਂਦੀ।"

 


author

rajwinder kaur

Content Editor

Related News