1947 ਹਿਜਰਤਨਾਮਾ-13 : ਸ. ਮਾਨ ਸਿੰਘ ਅੰਮ੍ਰਿਤਸਰ
Saturday, May 23, 2020 - 11:49 AM (IST)
" ਮੈਂ ਮਾਨ ਸਿੰਘ ਸਪੁੱਤਰ ਸ. ਸ਼ਿੰਗਾਰਾ ਸਿੰਘ ਸਪੁੱਤਰ ਸ. ਮੂਲਾ ਸਿੰਘ, ਗੋਲਡਨ ਐਵੇਨਿਊ ਅੰਮ੍ਰਿਤਸਰ ਤੋਂ ਬੋਲ ਰਿਹੈਂ। ਪਿੰਡ ਸਾਬੋਂ ਸਰਾਂ, ਨਜ਼ਦੀਕ ਡਸਕਾ-ਸਿਆਲਕੋਟ ਸਾਡਾ ਆਬਾਈ ਗਰਾਂ ਐ। ਸਾਬੋ ਨਾਮੇ ਸਾਡਾ ਵਡੇਰਾ ਹੋਇਐ, ਜਿਸ ਨੇ ਆਪਣੇ ਨਾਮ ਪੁਰ ਸਾਬੋ ਸਰਾਂ ਪਿੰਡ ਬੰਨਿਐਂ। ਵੈਸੇ ਸਾਡੇ ਵਡੇਰਿਆਂ ਦਾ ਪਿਛੋਕੜ ਮਾਲਵਾ ਤਲਵੰਡੀ ਸਾਬੋ ਨਾਲ ਜੁੜਦਾ ਆ। ਜ਼ਮੀਨਾਂ ਤਦੋਂ ਖੁੱਲੀਆਂ ਸਨ। ਬਜ਼ੁਰਗਾਂ ਮਿਹਨਤ ਅਤੇ ਲਗਨ ਨਾਲ ਤਿੰਨ ਮੁਰੱਬੇ ਬਣਾ ਲਏ। ਸਾਡੇ 4 ਭਰਾਵਾਂ ਅਤੇ ਇਕ ਭੈਣ ਦਾ ਜਨਮ ਉਧਰ ਸਾਬੋਂ ਸਰਾਂ ਦਾ ਐ। ਇਕ ਭੈਣ ਅਤੇ ਦੋ ਭਾਈਆਂ ਦਾ ਜਨਮ ਵੰਡ ਤੋਂ ਬਾਅਦ ਇਧਰਲਾ ਈ ਐ। ਮੈਂ ਜੇਠਾ ਪੁੱਤਰ ਆਂ। ਮੇਰੇ ਹੋਰ ਭਰਾ ਚਰਨਜੀਤ, ਦੇਸ਼ਬੀਰ, ਸਤਨਾਮ, ਦਲੀਪ ਅਤੇ ਗੁਰਸ਼ਰਨ ਸਿੰਘ ਅਤੇ ਭੈਣਾ ਬੇਅੰਤ ਕੌਰ ਤੇ ਧਰਮਜੀਤ ਕੌਰ ਹਨ। ਮੇਰੀ ਪੈਦਾਇਸ਼ 24 ਅਗਸਤ 1931 ਦੀ ਐ।
ਚੌਥੀ ਜਮਾਤ ਮੈਂ ਪਿੰਡ ਮੂਸੇਵਾਲ ਪ੍ਰਾਇਮਰੀ ਸਕੂਲ ਤੋਂ ਪਾਸ ਕੀਤੀ । ਕਿਓਂ ਜੋ ਤਦੋਂ ਮੇਰੇ ਪਿੰਡ ਪ੍ਰਾਇਮਰੀ ਸਕੂਲ ਨਹੀਂ ਸੀ । ਇਥੇ ਮੇਰੇ ਅਧਿਆਪਕ ਪੰਡਿਤ ਗੋਪਾਲ ਦਾਸ ਜੀ ਸਨ। ਉਨ੍ਹਾਂ ਦਾ ਬੇਟਾ ਫਕੀਰ ਚੰਦ ਮੇਰਾ ਹਮ ਜਮਾਤੀ ਅਤੇ ਨਿੱਘਾ ਦੋਸਤ ਵੀ ਸੀ । 9ਵੀਂ ਮਿਸ਼ਨ ਹਾਈ ਸਕੂਲ ਡਸਕਾ-ਸਿਆਲਕੋਟ ਤੋਂ ਪਾਸ ਕੀਤੀ । ਇਸ ਸਕੂਲ ਵਿੱਚ ਮੇਰੇ ਅਧਿਆਪਕ ਸ਼੍ਰੀ ਮੁਲਖ ਰਾਜ ਜੀ ਸਨ ਅਤੇ ਹਮ ਜਮਾਤੀ ਬੇਅੰਤ ਸਿੰਘ ਭਰੋ ਕੇ ਪਿੰਡ ਤੋਂ। ਇਹ ਪਿੰਡ ਸਾਬੋ ਸਰਾਂ ਅਤੇ ਡਸਕਾ ਵਿੱਚਕਾਰ ਹੀ ਪੈਂਦੈ। ਸਕੂਲ ਜਾਣ ਸਮੇਂ ਬੇਅੰਤ ਇਥੋਂ ਹੀ ਮੇਰੇ ਨਾਲ ਰਲਿਆ ਕਰਦਾ। ਇਸੇ ਸਕੂਲ ਵਿੱਚ ਮੈਂ ਦਸਵੀਂ ਜਮਾਤ ਦਾ ਵਿਦਿਆਰਥੀ ਸਾਂ, ਜਦੋਂ ਰੌਲੇ ਪੈ ਗਏ। ਵਕਫਾ ਵੀ ਕਾਫੀ ਪੈ ਗਿਐ ਤੇ ਯਾਦਾਸ਼ਤ ਵੀ ਕੁਝ ਕਮਜ਼ੋਰ ਹੋ ਗਈ ਐ। ਸੋ ਹੁਣ ਮੈਨੂੰ ਬਹੁਤੇ ਬਚਪਨ ਦੇ ਸੰਗੀ, ਹਮ ਜਮਾਤੀ ਜਾਂ ਉਸਤਾਦਾਂ ਦਾ ਨਾਮ ਯਾਦ ਨਹੀਂ।
ਸਾਡੇ ਗੁਆਂਢੀ ਪਿੰਡਾਂ ਵਿੱਚ ਮੇਰਾ ਨਾਨਕਾ ਪਿੰਡ ਮੂਸੇਵਾਲ ਅਤੇ ਗੁਰੂ ਕੀ ਗਲੋਟੀਆਂ ਸਨ। ਡਸਕਾ ਵੀ ਕਰੀਬ ਹੀ ਸੀ, ਜੋ ਕਿ ਸਿਆਲਕੋਟ ਅਤੇ ਗੁਜਰਾਂਵਾਲਾ ਦੋਨਾਂ ਤੋਂ ਬਰਾਬਰ ਦੂਰੀ 10 ਕੋਹ ਪੈਂਦਾ ਸੀ। ਬਜ਼ੁਰਗਾਂ ਮੁਤਾਬਕ 'ਦਸ ਕੋਹ' ਤੋਂ ਵਿਗੜ ਕੇ ਡਸਕਾ ਬਣਿਐਂ। ਇਥੋਂ ਦੇ ਦੋ ਲੋਕਲ ਲੀਡਰ ਸ: ਸ਼ਿਵਦੇਵ ਸਿੰਘ ਅਤੇ ਮੁਸਲਮਾਨ ਚੌਧਰੀ ਜਨਾਬ ਜਸਰੂਲਾ ਸਨ। ਇਹ ਵਿਧਾਇਕ ਦੀ ਚੋਣ ਲੜ੍ਹਿਆ ਕਰਦੇ ਸਨ। ਜਸਰੂਲਾ ਮੁਸਲਿਮ ਲੀਗ ਵਲੋਂ ਅਤੇ ਸ਼ਿਵਦੇਵ 'ਕਾਲੀ /ਕਾਂਗਰਸ ਵਲੋਂ। ਪਿੰਡ ਦੇ ਚੌਧਰੀਆਂ ਵਿਚ ਪੰਡਿਤ ਕਿਰਪਾ ਰਾਮ ਜੀ ਹੀ ਪ੍ਰਮੁੱਖ ਸਨ। ਪਿੰਡ ਵਿੱਚ ਕੋਈ ਵੀ ਲੜਾਈ, ਝਗੜਾ ਜਾਂ ਹੋਰ ਮਸਲਾ ਹੁੰਦਾ ਤਾਂ ਉਹੀ ਫੈਸਲਾ ਇਸ ਦਾ ਕਰਦੈ। ਵੈਸੇ ਪਿਤਾ ਜੀ ਦਾ ਨਾਮ ਵੀ ਪਿੰਡ ਦੇ ਮੋਹਤਬਰਾਂ ਵਿਚ ਸ਼ੁਮਾਰ ਸੀ ਪਰ ਉਹ ਸਿਹਤ ਵਿਭਾਗ, ਸਿਵਲ ਸਰਜਨ ਸਿਆਲਕੋਟ ਦੇ ਦਫਤਰ ਕਲੈਰੀਕਲ ਜੌਬ ਵਿੱਚ ਸਨ ਅਤੇ ਬਾਕੀ ਖੇਤੀਬਾੜੀ ਅਤੇ ਪਰਿਵਾਰਕ ਜ਼ਿੰਮੇਵਾਰੀਆਂ। ਸੋ ਪਿੰਡ ਦੇ ਮਸਲਿਆਂ ਵਿੱਚ ਘੱਟ ਹੀ ਜਾਂਦੇ ਸਨ। ਪਿੰਡ ਵਿੱਚ ਕੋਈ 60-65 ਘਰ ਸਿੱਖਾਂ, 15-20 ਘਰ ਹਿੰਦੂ, 10-12 ਘਰ ਬਾਲਮੀਕ/ਆਦਿ ਧਰਮੀ, 7-8 ਘਰ ਮੁਸਲਿਮ ਅਤੇ 4-5 ਘਰ ਲੁਹਾਰ /ਤਰਖਾਣ ਕੰਮੀਆਂ ਦੇ ਸਨ।
ਪੜ੍ਹੋ ਇਹ ਵੀ - "Apple" ਨੂੰ ਭਾਰਤ 'ਚ ਨਿਵੇਸ਼ ਕਰਨ ’ਤੇ ਰਾਸ਼ਟਰਪਤੀ ਟਰੰਪ ਨੇ ਲਗਾਈ ਰੋਕ (ਵੀਡੀਓ)
ਪੜ੍ਹੋ ਇਹ ਵੀ - ਪਹਿਲੇ ਢਾਈ ਘੰਟਿਆਂ ’ਚ 4 ਲੱਖ ਤੋਂ ਵਧੇਰੇ ਯਾਤਰੀਆਂ ਨੇ ਬੁੱਕ ਕਰਵਾਈਆਂ ਰੇਲ ਦੀਆਂ ਟਿਕਟਾਂ (ਵੀਡੀਓ)
ਅਗਸਤ 47 ਤੱਕ ਸਾਡੇ ਪਿੰਡਾਂ ਵੱਲ ਸ਼ਾਂਤੀ ਰਹੀ। ਕੋਈ ਮਾਰ ਧਾੜ ਜਾਂ ਅਗਜਨੀ ਦੀ ਘਟਨਾ ਨਹੀਂ ਘਟੀ। 16 ਅਗਸਤ ਨੂੰ ਪਿਤਾ ਜੀ ਆਮ ਵਾਂਗ ਆਪਣੇ ਦਫਤਰ ਤੋਂ ਗੁਜਰਾਂਵਾਲ ਕਚਹਿਰੀ ਗਏ ਤਾਂ ਤਦੋਂ ਹੀ ਸ਼ਹਿਰ ਦੰਗੇ ਭੜਕ ਗਏ। ਕਚਹਿਰੀ ਵਿੱਚ ਇਕ ਮੁਸਲਿਮ ਅਫਸਰ ਪਿਤਾ ਜੀ ਦਾ ਗੂੜਾ ਦੋਸਤ ਸੀ। ਉਸ ਨੇ ਪਿਤਾ ਜੀ ਨੂੰ ਆਪਣੇ ਨਿੱਜੀ ਵਾਹਨ ਵਿੱਚ 3-4 ਬੰਦਿਆਂ ਦੀ ਹਿਫਾਜ਼ਤ ਨਾਲ ਪਿੰਡ ਪਹੁੰਚਾਇਆ। 20 ਅਗਸਤ ਸਵੇਰ ਨੂੰ ਪਿਤਾ ਜੀ ਆਪਣੇ ਸਹੁਰੇ ਪਿੰਡ ਮੂਸੇਵਾਲ ਗਏ। ਉਨ੍ਹਾਂ ਨਾਲ ਮੌਕੇ ਦੇ ਹਾਲਾਤ ’ਤੇ ਚਰਚਾ ਕੀਤੀ। ਸ਼ਾਮ ਤੱਕ ਉਹ ਗੱਡਿਆਂ ’ਤੇ ਜ਼ਰੂਰੀ ਸਮਾਨ ਲੱਦ ਕੇ ਸਾਬੂ ਸਰਾਂ ਆ ਗਏ । ਅਗਲੇ ਦਿਨ ਸਵੇਰੇ ਹੁੰਦਿਆਂ ਸਾਰੇ ਹਿੰਦੂ-ਸਿੱਖ ਕਈ ਗੱਡਿਆਂ ’ਤੇ ਬਹੁਤੇ ਉਵੇਂ ਹੀ ਸਿਰਾਂ ’ਤੇ ਗਠੜੀਆਂ ਚੁੱਕ ਕੇ ਗਲੋਟੀਆਂ ਅਤੇ ਗਲੋਟੀਆਂ ਵਿਚ ਕੁਝ ਦਿਨ ਦੇ ਪੜਾਅ ਬਾਅਦ ਡਸਕਾ ਕੈਂਪ ਵਿੱਚ 15 ਦਿਨ ਰਹੇ। ਇਥੋਂ ਸ਼ਬੜਾਂ ਕੈਂਪ ਵਿੱਚ ਪਹੁੰਚੇ । ਇਥੇ ਇਕ ਪਾਸੇ ਰੇਲਵੇ ਲਾਈਨ ਤੇ ਦੂਜੇ ਵੰਨੀਓਂ ਵੱਡੀ ਨਹਿਰ ਗੁਜਰਦੀ ਸੀ। ਇਥੇ ਰਿਫਿਊਜੀਆਂ ਦਾ ਵੱਡਾ 'ਕੱਠ ਹੋਇਆ। ਨਹਿਰ ਦੇ ਉਸ ਪਾਰ ਕੁੱਲੂਵਾਲ ਨਾਮੇ ਪਿੰਡ ਸੀ। ਹਿੰਦੂ-ਸਿੱਖ ਆਬਾਦੀ ਮੁਕਾਬਲਤਨ ਬਹੁਤ ਸੀ, ਉਥੇ। ਸਨ ਵੀ ਸਾਰੇ ਵੱਡੇ-ਵੱਡੇ ਅਫਸਰ। ਕਾਫੀ ਸਰਦਾਰਾਂ ਕੋਲ ਅਸਲਾ ਸੀ। ਕੁੱਲੂਵਾਲ ਉਪਰ ਦੰਗਈਆਂ ਦੀ ਵੱਡੀ ਭੀੜ ਨੇ ਹਮਲਾ ਕਰ ਦਿੱਤਾ ਪਰ ਕੁੱਲੂਵਾਲੇ ਆਂ ਮੋਹਰਿਓਂ ਬਰਾਬਰ ਟੱਕਰ ਦਿੱਤੀ ।
ਅਗਲੇ ਦਿਨ ਹੀ ਗਿਣੀ ਮਿੱਥੀ ਸਾਜਿਸ਼ ਤਹਿਤ ਸਿਆਲਕੋਟ ਦਾ ਮੁਸਲਿਮ ਐੱਸ.ਪੀ. ਕੁੱਲੂਵਾਲ ਆਇਆ। ਕਹਿ ਉਸ ਸਾਰੇ ਹਥਿਆਰ ਜਮ੍ਹਾਂ ਕਰਾਓ ਅਤੇ ਬਦਲੇ ਵਿੱਚ ਤੁਹਾਨੂੰ ਸਕਿਓਰਿਟੀ ਦੇਵਾਂਗੇ ।ਸਾਰਿਆਂ ਨੇ ਹਥਿਆਰ ਜਮ੍ਹਾਂ ਕਰਵਾ ਦਿੱਤੇ ਪਰ ਉਨ੍ਹਾਂ ਨੂੰ ਸਕਿਓਰਿਟੀ ਕੋਈ ਨਾ ਦਿੱਤੀ । ਤੀਜੇ ਦਿਨ ਦਿਨ ਕੁੱਲੂਵਾਲੇ ਜਦ ਕਾਫਲੇ ਦੇ ਰੂਪ ਵਿੱਚ ਸ਼ਬੜਾਂ ਕੈਂਪ ਲਈ ਆ ਰਹੇ ਸਨ ਤਾਂ ਰਸਤੇ ਵਿੱਚ ਪੈਂਦੀ ਝੱਲ ਵਿਚ ਛੁਪੇ ਦੰਗਈਆਂ ਨੇ ਕਾਫਲੇ ਤੇ ਜ਼ੋਰਦਾਰ ਹਮਲਾ ਕਰਕੇ ਬਹੁਤ ਵੱਢ ਟੁੱਕ ਕੀਤੀ। ਮਰ ਗਿਆ ਅਤੇ ਸਹਿਕਦਿਆਂ ਨੂੰ ਉਨ੍ਹਾਂ ਨਹਿਰ ਵਿਚ ਵਗਾਹ ਮਾਰਿਆ। ਦੰਗਈਆਂ ਨੇ ਸਮਾਨ ਲੁੱਟ ਪੁੱਟ ਕੇ ਕਈ ਜਨਾਨੀਆਂ ਨੂੰ ਵੀ ਉਧਾਲ ਲਿਆ।
ਪੜ੍ਹੋ ਇਹ ਵੀ - ਕਰਫ਼ਿਊ ਦੌਰਾਨ ਵੀ ਪੰਜਾਬ ''ਚ ਚੱਲਦੀ ਰਹੀ ਸ਼ਰਾਬ ਦੀ ਤਸਕਰੀ (ਵੀਡੀਓ)
ਦੂਜੇ ਦਿਨ ਅਸੀਂ ਨਹਿਰ ’ਚੋਂ ਪਾਣੀ ਲੈਣ ਗਏ ਤਾਂ ਕੀ ਦੇਖਦੇ ਆਂ ਕਿ ਨਹਿਰ ਦਾ ਲਾਲ ਰੰਗਾ ਪਾਣੀ ਅਤੇ ਵਿੱਚੋਂ ਹਿੰਦੂ-ਸਿੱਖਾਂ ਦੀਆਂ ਲਾਸ਼ਾਂ ਰੁੜੀਆਂ ਆਉਣ। ਇਤਫਾਕਨ ਇਥੇ ਕੈਂਪ ਵਿੱਚ ਦੋ ਸਿੱਖ ਮਿਲਟਰੀ ਫੋਰਸ ਦੇ ਟਰੱਕ ਆਏ। ਸਿਆਣਿਆਂ ਕੁੱਲੂਵਾਲ ਘਟਨਾ ਦੀ ਉਨ੍ਹਾਂ ਨੂੰ ਜਾ ਇਤਲਾਹ ਦਿੱਤੀ । ਉਨ੍ਹਾਂ ਹਿੰਮਤ ਕਰਕੇ ਦੋ ਰੇਲ ਗੱਡੀਆਂ ਦਾ ਬੰਦੋਬਸਤ ਕੀਤਾ। ਇਥੇ ਦੁਪਹਿਰ ਵੇਲੇ ਦੋ ਰੇਲ ਗੱਡੀਆਂ ਸਿਆਲਕੋਟ ਵੰਨੀਓਂ ਆਈਆਂ। ਉਪਰ ਅੰਦਰ ਜਿਥੇ ਵੀ ਕਿਧਰੇ ਜਗ੍ਹਾ ਮਿਲੀ ਸੱਭ ਚੜ੍ਹ ਗਏ । ਬਜ਼ੁਰਗ, ਬੱਚੇ ਅਤੇ ਬੀਬੀਆਂ ਰੇਲ ਗੱਡੀ ਵਿੱਚ ਤੇ ਕਈ ਗੱਡਿਆਂ ’ਤੇ ਹੀ ਆਏ। ਰੇਲ ਗੱਡੀ ਵਿੱਚ ਇਕ ਨੇਕ ਮੁਸਲਿਮ ਅਫਸਰ ਸਕਿਓਰਟੀ ਇੰਚਾਰਜ ਸੀ। ਅੱਗੇ ਨਾਰੋਵਾਲ ਸਟੇਸ਼ਨ ਆਇਆ ਤਾਂ ਫਿਰ ਇਕ ਹਥਿਆਰ ਬੰਦ ਹਜੂਮ ਅਲੀ ਅਲੀ ਕਰਦਾ ਸਟੇਸ਼ਨ ’ਤੇ ਆ ਚੜ੍ਹਿਆ । ਓਸ ਮੁਸਲਿਮ ਸਕਿਓਰਿਟੀ ਇੰਚਾਰਜ ਨੂੰ ਮੈਂ ਸਲਾਮ ਕਰਦੈਂ ਜਿਸ ਨੇ ਆਪਣਾ ਧਰਮ ਨਿਭਾਉਂਦਿਆਂ ਸਭ ਹਿੰਦੂ ਸਿੱਖਾਂ ਦੇ ਦਿਲ ਜਿੱਤ ਲਏ। ਉਹਨੇ ਹਵਾਈ ਫਾਇਰ ਕਰਦਿਆਂ ਵੰਗਾਰ ਪਾਈ, ਕਹਿ ਉਸ, " ਮੈਂ ਆਪਣੇ ਜੀਉਂਦੇ ਜੀ ਤੁਹਾਨੂੰ ਨੇੜੇ ਨਹੀਂ ਲੱਗਣ ਦਿੰਦਾ। ਜੇ ਹਿੰਮਤ ਹੈ ਤਾਂ ਮੈਨੂੰ ਮਾਰ ਕੇ ਇਨ੍ਹਾਂ ਤੱਕ ਪਹੁੰਚੋ।" ਉਸ ਫਿਰ ਹਵਾਈ ਫਾਇਰ ਕੀਤਾ ਤਾਂ ਹਜੂਮ ਡੂੰਘੀਆਂ ਖਤਾਨਾ ਵੱਲ ਜਾ ਭੱਜਾ।
ਕਰੀਬ ਘੰਟਾ ਕੁ ਗੱਡੀ ਰੁਕੀ ਰਹੀ। ਫਿਰ ਅਗਲੇ ਅਖੀਰਲੇ ਸਟੇਸ਼ਨ ਜੱਸੜ ਲਈ ਗੱਡੀ ਤੁਰੀ। ਜੋ ਕਿ ਕਰੀਬ ਡੇਰਾ ਬਾਬਾ ਨਾਨਕ ਦੇ ਬਰਾਬਰ ਪੈਂਦਾ ਹੈ। ਇਥੋਂ ਨਾਲੇ ਬਸੰਤਰ ਨੂੰ ਪਾਰ ਕਰਕੇ ਦਰਿਆ-ਏ-ਰਾਵੀ ਤੋਂ ਵਾਹਿਗੁਰੂ ਵਾਹਿਗੁਰੂ ਕਰਦੇ ਉਰਾਰ ਹੋਏ। ਡੇਰਾ ਬਾਬਾ ਨਾਨਕ ਦੇ ਰਿਫਿਊਜੀ ਕੈਂਪ ਵਿੱਚ ਇੱਕ ਦਿਨ ਰਹਿ ਕੇ ਥਕੇਵਾਂ ਅਤੇ ਉਦਰੇਵਾਂ ਲਾਹਿਆ। ਉਥੇ ਮੌਜੂਦ ਅਫਸਰ ਨੇ ਕਿਹਾ ਕਪੂਰਥਲੇ ਦਾ ਵੱਡਾ ਇਲਾਕਾ ਮੁਸਲਮਾਨਾ ਵਲੋਂ ਖਾਲੀ ਕੀਤਾ ਗਿਆ ਹੈ । ਸਿਆਲਕੋਟੀਏ ਸਾਰੇ ਓਧਰ ਵਗ ਜਾਓ। ਉਪਰੰਤ ਹਿਜਰਤ ਦੇ ਫਾਕੇ ਅਤੇ ਪੀੜ ਭਰੇ ਦੁਖਦਾਈ ਘਟਨਾ ਕਰਮ ਨੂੰ ਨੰਗੇ ਪਿੰਡੇ ਤੇ ਹੰਢਾਉਂਦਿਆਂ ਵਗੈਰ ਮੰਜ਼ਿਲ ਦੇ ਸਿਰਨਾਮੇ ਤੋਂ ਸੁਲਤਾਨਪੁਰ ਲੋਧੀ ਹਲਕੇ ਆ ਪਹੁੰਚੇ। ਮੇਰਾ ਨਾਨਕਾ ਪਰਿਵਾਰ ਵੀ ਸਾਡੇ ਨਾਲ ਹੀ ਸੀ । ਤਦੋਂ, ਹੜ ਦਾ ਪਾਣੀ ਵੀ ਆਲੇ ਦੁਆਲੇ ਛੂਕਦਾ ਪਿਆ ਫਿਰੇ।
ਪੜ੍ਹੋ ਇਹ ਵੀ - ਜੌਹਨਸਨ ਐਂਡ ਜੌਹਨਸਨ ਨੇ ਅਮਰੀਕਾ ਤੇ ਕੈਨੇਡਾ ’ਚ ਆਪਣੇ ਉਤਪਾਦ ਦੀ ਵਿਕਰੀ ’ਤੇ ਲਾਈ ਰੋਕ (ਵੀਡੀਓ)
ਕਨਸੋ ਮਿਲੀ ਕਿ ਪਿੰਡ ਤਲਵੰਡੀ ਚੌਧਰੀਆਂ ਮੁਸਲਿਮਾ ਵਲੋਂ ਖਾਲੀ ਕੀਤਾ ਗਿਆ ਹੈ। ਜਿਥੇ ਮਕਾਨ ਅਤੇ ਜ਼ਮੀਨਾਂ ਖਾਲੀ ਪਈਆਂ ਸਨ। ਸੋ ਉਥੇ ਜਾ ਕਾਬਜ਼ ਹੋਏ। ਇਸ ਪਿੰਡ ਦੇ ਜ਼ੈਲਦਾਰ ਪਾਸ 22 ਪਿੰਡਾਂ ਦੀ ਜ਼ੈਲਦਾਰੀ ਸੀ। ਫਿਰ 1950 ਵਿਚ ਪੱਕੀਆਂ ਪਰਚੀਆਂ ਉਥੋਂ ਦੇ ਗੁਆਂਢੀ ਪਿੰਡ ਪਿਥੁਰਾਲ ਦੀਆਂ ਨਿੱਕਲ ਆਈਆਂ। ਜ਼ਮੀਨ 3 ਮੁਰੱਬਿਆਂ ਦੀ ਬਜਾਏ 1 ਮੁਰੱਬਾ ਹੀ ਮਿਲਿਆ ਤਾਂ ਉਥੇ ਜਾ ਵਾਸ ਕੀਤਾ। ਪਿਤਾ ਜੀ ਦੀ ਸਿਹਤ ਵਿਭਾਗ ਸਿਆਲਕੋਟ ਵਾਲੀ ਨੌਕਰੀ ਅੰਮ੍ਰਿਤਸਰ ਵਿੱਚ ਤਬਦੀਲ ਹੋ ਗਈ ਸੀ । ਸੋ ਮੈਂ ਬਹੁਤਾ ਪਿਤਾ ਜੀ ਨਾਲ ਇਥੇ ਹੀ ਰਿਹਾ ਜਦ ਕਿ ਬਾਕੀ ਪਰਿਵਾਰ ਪਿੰਡ। ਜ਼ਾਲਾ ਨਾਮੇ ਇਕ ਭਲਾ ਪੁਰਸ਼ ਕਾਮਾ ਸੀ, ਸਾਡੀ ਪਿਥੁਰਾਲ ਵਾਲੀ ਜ਼ਮੀਨ ਲੰਬਾ ਸਮਾਂ ਉਸੇ ਨੇ ਵਾਹੀ।
ਮੈਂ ਬੀ.ਏ. ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅਤੇ ਬੀ.ਐੱਡ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਪਾਸ ਕਰਨ ਉਪਰੰਤ ਇਕ ਸਤੰਬਰ 1954 ਵਿੱਚ ਸਰਕਾਰੀ ਸਕੂਲ ਮਹਿਤਾ ਨੰਗਲ ਵਿੱਚ ਮਾਸਟਰ ਭਰਤੀ ਹੋ ਗਿਆ । ਇਸ ਤੋਂ ਪਹਿਲੇ ਹੀ ਮੇਰੀ ਸ਼ਾਦੀ 1955 ਵਿੱਚ ਤਲਵੰਡੀ ਚੌਧਰੀਆਂ ਦੇ ਗੁਆਂਢੀ ਪਿੰਡ ਮਾਨੀ ਪੁਰ ਦੀ ਸਰਦਾਰਨੀ ਗੁਰਦਰਸ਼ਨ ਕੌਰ ਨਾਲ ਹੋਈ। ਉਨ੍ਹਾਂ ਦਾ ਪਰਿਵਾਰ ਵੀ ਓਧਰੋਂ ਸਾਬੋ ਸਰਾਂ ਦੇ ਗੁਆਂਢ ਤੋਂ ਹੀ ਆਇਆ ਹੋਇਆ ਸੀ। ਨੌਕਰੀ ਦੌਰਾਨ ਹੀ ਐੱਮ.ਏ. ਇਤਿਹਾਸ ਕਰਕੇ ਲੈਕਚਰਾਰ ਤੇ 1989 ਵਿੱਚ ਸਹਸ ਅਕਾਲਗੜ੍ਹ ਐੱਚ.ਐੱਮ. ਦੇ ਅਹੁਦੇ ਤੋਂ ਰਿਟਾਇਰ ਹੋਇਆ। ਇਸ ਵਕਤ 90 ਵਿਆਂ ਵਿੱਚ ਪਰਵੇਸ਼ ਕਰਨ ਵਾਲਾ ਆਂ। ਬੇਟੀ ਵਰਿੰਦਰ ਕੌਰ ਅਤੇ ਬੇਟਾ ਅਰਵਿੰਦਰ ਸਿੰਘ ਕੈਨੇਡਾ ਸੈਟਲ ਨੇ। ਵੱਡਾ ਬੇਟਾ ਹਰਵਿੰਦਰ ਸਿੰਘ ਸਿਹਤ ਵਿਭਾਗ ਵਿੱਚੋਂ ਰਿਟਾਇਰਡ ਹੋਇਆ । ਅਤੇ ਨੂੰਹ ਰਾਣੀ ਵੀ ਰਿਟਾਇਰਡ ਐੱਚ.ਐੱਮ. ਨੇ। ਇਸੇ ਨੇਕ ਬਖਤ ਫੁਲਵਾੜੀ ਵਿੱਚ ਬੁਢਾਪਾ ਭੋਗ ਰਿਹੈਂ। ਦੋਹੇਂ ਵੇਲੇ ਦਾ ਨਿੱਤ ਨੇਮੀ, ਗੁਰੂ ਘਰ ਦਾ ਅਨਿਨ ਸੇਵਕ ਆਂ। ਪਿਛਲੇ ਕਰੀਬ 35 ਸਾਲਾਂ ਤੋਂ 'ਚੀਫ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਅਤੇ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦਾ ਲਗਾਤਾਰ ਮੈਂਬਰ ਚਲਿਆ ਆ ਰਿਹੈਂ। ਨਿਮਾਣੇ ਸੇਵਕ ਵਜੋਂ ਦੋਹੇਂ ਤਨ ਅਤੇ ਵਿੱਤ ਮੁਤਾਬਕ ਸੇਵਾ ਵੀ ਕਰਦਾ ਆਂ।
ਪੜ੍ਹੋ ਇਹ ਵੀ - ਚਿਹਰੇ ਦੀਆਂ ਝੁਰੜੀਆਂ ਨੂੰ ਮਿਟਾਉਣ ਲਈ ਖਾਓ ‘ਗੂੰਦ ਕਤੀਰਾ’, ਮਾਈਗ੍ਰੇਨ ਨੂੰ ਵੀ ਕਰੇ ਠੀਕ
47 ਵਿੱਚ ਸੱਭੋ ਕੌਮਾ ਸੁਖੀ ਵਸਦੀਆਂ ਸਨ। ਆਪਸੀ ਮੁਹੱਬਤ ਵੀ ਸੀ। ਰਸਤੇ ਦੀਆਂ, ਉਹ ਵੱਢੀਆਂ ਟੁੱਕੀਆਂ ਮੁਸ਼ਕ ਮਾਰਦੀਆਂ ਲਾਸ਼ਾਂ ਅਤੇ ਲਹੂ ਭਿੱਜੀ ਧਰਤੀ ਦਾ ਭਿਆਨਕ ਮੰਜਰ ਅੱਜ ਵੀ ਸਾਡਾ ਪਿੱਛਾ ਨਹੀਂ ਛੱਡਦਾ। ਬਸ ਕੁਰਸੀ ਦੀ ਖੇਡ ਨੇ ਬਾਗ਼ ਵੀਰਾਨ ਕਰ ਦਿੱਤਾ। 'ਲਮਹੋਂ ਨੇ ਖਤਾ ਕੀ ਥੀ-ਸਦੀਓਂ ਨੇ ਸਜਾ ਪਾਈ' ਦੇ ਕਥਨ ਮੁਤਾਬਕ, ਪੰਜਾਬ ਕਈ ਦਹਾਕੇ ਪਿੱਛੇ ਪੈ ਗਿਆ" - ਮਾਨ ਸਿੰਘ ਨੇ ਹਉਕਾ ਭਰਦਿਆਂ ਕਿਹਾ।
ਸਤਵੀਰ ਸਿੰਘ ਚਾਨੀਆਂ
92569-73526
ਪੜ੍ਹੋ ਇਹ ਵੀ - ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ ‘ਕੱਦੂ ਦਾ ਜੂਸ’, ਲੀਵਰ ਤੇ ਕਿਡਨੀ ਦੀ ਸਮੱਸਿਆ ਨੂੰ ਵੀ ਕਰੇ ਦੂਰ