ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਵਿਆਕਤੀ ਦੀ ਮੌਤ , ਦੂਜਾ ਗੰਭੀਰ ਜ਼ਖਮੀ

Monday, Jan 18, 2021 - 06:03 PM (IST)

ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਵਿਆਕਤੀ ਦੀ ਮੌਤ , ਦੂਜਾ ਗੰਭੀਰ ਜ਼ਖਮੀ

ਹੰਬੜਾਂ (ਧਾਲੀਵਾਲ)- ਹੰਬੜਾਂ ਵਿਖੇ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬਿਲਡਿੰਗ ਦਾ ਕੰਮ ਕਰਦੇ ਮਨਜੀਤ ਸਿੰਘ ਮਨੀ ਵਾਸੀ ਪਿੰਡ ਭੱਠਾਧੂਹਾ ਆਪਣੇ ਨਜ਼ਦੀਕੀ ਰਿਸ਼ਤੇਦਾਰ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੱਠਾਧੂਹਾ ਤਰਫੋਂ ਸਿੱਧਵਾਂ ਬੇਟ ਰੋਡ 'ਤੇ ਹੰਬੜਾਂ ਵੱਲ ਨੂੰ ਆ ਰਹੇ ਸਨ ਜਦੋਂ ਉਹ ਚਾਵਲਾ ਪੈਟਰੋਲ ਪੰਪ ਨੇੜੇ ਪੁੱਜੇ ਤਾਂ ਪਿੱਛੋਂ ਭੱਠਾਧੂਹਾ ਵੱਲੋਂ ਹੰਬੜਾਂ ਨੂੰ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਓਵਰਟੇਕ ਕਰਦਿਆਂ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਮੋਟਰਸਾਈਕਲ ਸਵਾਰ ਮਨਜੀਤ ਸਿੰਘ 52 ਸਾਲ ਅਤੇ ਉਸ ਦਾ ਰਿਸ਼ਤੇਦਾਰ ਜਸਕਰਨ ਸਿੰਘ ਕਾਲਾ 40 ਸਾਲ ਬੁਰੀਂ ਤਰ੍ਹਾਂ ਜ਼ਖਮੀ ਹੋ ਗਏ।

ਇਸ ਦੌਰਾਨ ਜ਼ਖਮੀਆਂ ਨੂੰ ਮੌਕੇ 'ਤੇ ਲੋਕਾਂ ਵੱਲੋਂ ਅਤੇ ਚੌਂਕੀ ਹੰਬੜਾਂ ਦੇ ਮੁੱਖ ਅਫ਼ਸਰ ਹਰਪਾਲ ਸਿੰਘ ਦੀ ਪੁਲਸ ਪਾਰਟੀ ਵੱਲੋਂ ਪਾਹਵਾ ਹਸਪਤਾਲ ਹੰਬੜਾਂ 'ਚ ਲਿਆਂਦਾ ਗਿਆ ਜਿੱਥੇ ਡਾਕਟਰੀ ਟੀਮ ਵੱਲੋਂ ਮਨਜੀਤ ਸਿੰਘ ਮਨੀ ਜੋ ਕਿ ਛੈੱਡ ਬਣਾਉਣ ਦਾ ਕੰਮ ਕਰਦਾ ਸੀ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਦੂਸਰੇ ਵਿਅਕਤੀ ਨੂੰ ਲੁਧਿਆਣਾ ਸੀ.ਐੱਮ.ਸੀ ਵਿਖੇ ਰੈਫਰ ਕਰ ਦਿੱਤਾ ਗਿਆ। ਚੌਂਕੀ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਜਦੋਂ ਕਿ ਟਰੱਕ ਡਰਾਇਵਰ ਭੱਜਣ ਵਿਚ ਕਾਮਯਾਬ ਹੋ ਗਿਆ ਹੈ।


author

Gurminder Singh

Content Editor

Related News