ਹਾਈਵੇ ’ਤੇ ਖੜ੍ਹੇ ਟਰਾਲੇ ਵਿਚ ਵੱਜਾ ਮੋਟਰਸਾਈਕਲ, ਨੌਜਵਾਨ ਦੀ ਹੋਈ ਮੌਤ

Friday, Dec 18, 2020 - 04:01 PM (IST)

ਹਾਈਵੇ ’ਤੇ ਖੜ੍ਹੇ ਟਰਾਲੇ ਵਿਚ ਵੱਜਾ ਮੋਟਰਸਾਈਕਲ, ਨੌਜਵਾਨ ਦੀ ਹੋਈ ਮੌਤ

ਕਾਠਗੜ੍ਹ (ਰਾਜੇਸ਼ ਸ਼ਰਮਾ ) - ਅੱਜ ਸਵੇਰੇ ਸਾਢੇ 7 ਵਜੇ ਦੇ ਕਰੀਬ ਬਲਾਚੌਰ- ਰੂਪਨਗਰ ਹਾਈਵੇ ਮਾਰਗ 'ਤੇ ਪਿੰਡ ਭਰਥਲਾ ਦੇ ਕੋਲ ਖੜ੍ਹੇ ਇਕ ਟਰਾਲੇ ਵਿਚ ਮੋਟਰਸਾਈਕਲ ਵੱਜਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ । ਹਾਦਸੇ ਦੌਰਾਨ ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਗਰਲੋ ਬੇਟ (ਥਾਣਾ ਬਲਾਚੌਰ) ਦਾ ਨੌਜਵਾਨ ਵਿਨੋਦ ਕੁਮਾਰ ਪੁੱਤਰ ਤਰਸੇਮ ਲਾਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੁਰਾਲੀ ਵਿਖੇ ਕੰਮ 'ਤੇ ਜਾ ਰਿਹਾ ਸੀ, ਜਦੋਂ ਉਹ ਰੋਪੜ ਵੱਲ ਨੂੰ ਜਾਂਦੇ ਸਮੇਂ ਪਿੰਡ ਭਰਥਲਾ ਦੇ ਨਜ਼ਦੀਕ ਪਹੁੰਚਿਆ ਤਾਂ ਮਾਰਗ 'ਤੇ ਖੜ੍ਹੇ ਟਰਾਲੇ ਵਿਚ ਉਸਦਾ ਮੋਟਰਸਾਈਕਲ ਬੜੇ ਜ਼ੋਰ ਨਾਲ ਟਕਰਾ ਗਿਆ ਜਿਸ ਨਾਲ ਉਹ ਇਕਦਮ ਸਡ਼ਕ ਤੇ ਡਿੱਗ ਪਿਆ ।

ਸਥਾਨਕ ਘਰਾਂ ਦੇ ਲੋਕਾਂ ਨੇ ਹਾਦਸੇ ਦੀ ਸੂਚਨਾ ਐੱਨ. ਐੱਚ. ਏ. ਆਈ ਅਧੀਨ ਆਉਂਦੀ ਐਂਬੂਲੈਂਸ ਨੂੰ ਦਿੱਤੀ ਜਿਸ ਨੇ ਤੁਰੰਤ ਪਹੁੰਚ ਕੇ ਜ਼ਖਮੀ ਨੂੰ ਸਰਕਾਰੀ ਹਸਪਤਾਲ ਰੋਪਡ਼ ਵਿਖੇ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ । ਹਾਦਸੇ ਵਿਚ ਮ੍ਰਿਤਕ ਦਾ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਪਤਾ ਲੱਗਾ ਹੈ ਕਿ ਹਾਦਸੇ ਉਪਰੰਤ ਟਰਾਲੇ ਵਿਚ ਸੁੱਤਾ ਪਿਆ ਉਸ ਦਾ ਚਾਲਕ ਫਰਾਰ ਹੋ ਗਿਆ । ਮੌਕੇ ’ਤੇ ਪਹੁੰਚੀ ਕਾਠਗੜ੍ਹ ਪੁਲਸ ਨੇ ਮੋਟਰਸਾੲੀਕਲ ਤੇ ਟਰਾਲੇ ਨੂੰ ਕਬਜ਼ੇ ਵਿਚ ਲੈ ਕੇ ਹਾਦਸੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ । ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਡੇਢ -ਦੋ ਸਾਲ ਦੀ ਬੇਟੀ ਛੱਡ ਗਿਆ ਹੈ ।


author

Gurminder Singh

Content Editor

Related News