ਮੇਅਰ ਚੋਣਾਂ ਸਬੰਧੀ ਹਾਈ ਵੋਲਟੇਜ ਡਰਾਮਾ, ਕਾਂਗਰਸ ਤੇ ਭਾਜਪਾ ਦੇ ਸੀਨੀਅਰ ਆਗੂ ਭਿੜੇ
Wednesday, Jan 17, 2024 - 01:34 PM (IST)
ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਦੇ ਅਗਲੇ ਮੇਅਰ ਦੀ ਚੋਣ ਤੋਂ ਪਹਿਲਾਂ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦਾ ਗੱਠਜੋੜ ਹੋਣ ਤੋਂ ਬਾਅਦ ਕਾਂਗਰਸ ਦੇ ਮੇਅਰ ਅਹੁਦੇ ਦੇ ਦਾਅਵੇਦਾਰ ਜਸਬੀਰ ਸਿੰਘ ਬੰਟੀ ਆਪਣੀ ਨਾਮਜ਼ਦਗੀ ਲੈਣ ਲਈ ਨਿਗਮ ਦਫ਼ਤਰ ਪਹੁੰਚੇ ਤਾਂ ਕਾਂਗਰਸ ਅਤੇ ਭਾਜਪਾ ਦੇ ਸਮਰਥਕਾਂ ਵਿਚਾਲੇ ਹਾਈ ਵੋਲਟੇਜ ਡਰਾਮਾ ਹੋ ਗਿਆ। ਮੇਅਰ ਚੋਣਾਂ ਸਬੰਧੀ ਵਿਛ ਰਹੀ ਸਿਆਸੀ ਬਿਸਾਤ ਵਿਚਾਲੇ ਚੰਡੀਗੜ੍ਹ ਵਿਚ ‘ਇੰਡੀਆ’ ਗੱਠਜੋੜ ਅਤੇ ਭਾਰਤੀ ਜਨਤਾ ਪਾਰਟੀ ਦੀ ਲੜਾਈ ਇਕ ਕੌਂਸਲਰ ਦੀ ਵੋਟ ਲਈ ਸੜਕ ਤੱਕ ਪਹੁੰਚ ਗਈ। ਨਗਰ ਨਿਗਮ ਦੀ ਇਮਾਰਤ ਦੀ ਪਾਰਕਿੰਗ ਵਿਚ ਕਾਂਗਰਸੀ ਕੌਂਸਲਰ ਅਤੇ ਮੇਅਰ ਉਮੀਦਵਾਰ ਜਸਬੀਰ ਸਿੰਘ ਬੰਟੀ ਲਈ ਖਿੱਚੋਤਾਣ ਇੰਨੀ ਵੱਧ ਗਈ ਕਿ ਨੌਬਤ ਹੱਥੋਪਾਈ ਤੱਕ ਪਹੁੰਚ ਗਈ। ਇੰਨਾ ਹੀ ਨਹੀਂ, ਇਸ ਜੱਦੋ-ਜਹਿਦ ਦੌਰਾਨ ਪੰਜਾਬ ਪੁਲਸ ਅਤੇ ਚੰਡੀਗੜ੍ਹ ਪੁਲਸ ਵੀ ਆਹਮੋ-ਸਾਹਮਣੇ ਆ ਗਈ। ‘ਆਪ’ ਦੇ ਉਮੀਦਵਾਰ ਦੇ ਸਮਰਥਨ ਵਿਚ ਇਕ ਵਾਰ ਫਿਰ ਮੰਗਲਵਾਰ ਨਾਮੀਨੇਸ਼ਨ ਵਾਪਸ ਲੈਣ ਲਈ ਪੰਜਾਬ ਦੇ ਸੁਰੱਖਿਆ ਘੇਰੇ ਵਿਚ ਜਸਬੀਰ ਸਿੰਘ ਬੰਟੀ ਕਾਂਗਰਸ ਦੇ ਨਾਲ ਪਹੁੰਚੇ। ਉਦੋਂ ਹੀ ਬੰਟੀ ਦੇ ਪਿਤਾ ਵੀ ਆ ਗਏ ਤੇ ਉਸ ਦੇ ਨਾਲ ਹੀ ਲਿਜਾਣ ਦੀ ਗੱਲ ਕਹੀ। ਜਦੋਂ ਕਾਂਗਰਸ ਅਤੇ ‘ਆਪ’ ਦੇ ਆਗੂਆਂ ਨੇ ਵਿਰੋਧ ਕੀਤਾ ਤਾਂ ਮਾਮਲਾ ਵੱਧ ਗਿਆ। ਬੰਟੀ ਦੇ ਪਿਤਾ ਦੀ ਹਮਾਇਤ ਵਿਚ ਭਾਜਪਾ ਆਗੂ ਵੀ ਆ ਗਏ।
ਬੰਟੀ ਨੇ ਰਾਤ 8.30 ਵਜੇ ਵੀਡੀਓ ਕੀਤੀ ਜਾਰੀ
ਇਸ ਘਟਨਾ ਦੌਰਾਨ ਬੰਟੀ ਨੇ ਰਾਤ 8.30 ਵਜੇ ਵੀਡੀਓ ਜਾਰੀ ਕੀਤੀ। ਬੰਟੀ ਨੇ ਕਿਹਾ ਕਿ ਉਹ ਕਾਂਗਰਸ ਵਲੋਂ ਮੇਅਰ ਦੇ ਉਮੀਦਵਾਰ ਸਨ। ਆਪਣੀ ਨਾਮਜ਼ਦਗੀ ਵਾਪਸ ਲੈਣ ਲਈ ਨਿਗਮ ਦਫ਼ਤਰ ਵਿਚ ਆਏ ਸਨ। ਦੂਜੀ ਪਾਰਟੀ ਨਾਲ ਤਕਰਾਰ ਹੋ ਗਈ। ਇਸ ਕਾਰਨ ਪੁਲਸ ਉਸ ਨੂੰ ਅਟਾਵਾ ਸਥਿਤ ਘਰ ਲੈ ਆਈ। ਚੰਡੀਗੜ੍ਹ ਪੁਲਸ ਨੇ ਕਿਹਾ ਹੈ ਕਿ ਉਹ ਪਹਿਲਾਂ ਘਰ ਚਲੇ ਜਾਣ ਅਤੇ ਫਿਰ ਜਿੱਥੇ ਵੀ ਜਾਣਾ ਚਾਹੁੰਦੇ ਹਨ, ਜਾ ਸਕਦੇ ਹਨ। ਬੰਟੀ ਨੇ ਕਿਹਾ ਕਿ ਉਹ ਚਾਹੁੰਦਾ ਸੀ ਕਿ ਉਸ ਨੂੰ ਪਵਨ ਕੁਮਾਰ ਬਾਂਸਲ ਦੇ ਘਰ ਛੱਡ ਦਿੱਤਾ ਜਾਵੇ। ਉਹ ਉੱਥੇ ਸੁਰੱਖਿਅਤ ਹੈ। ਉਸ ’ਤੇ ਕਿਸੇ ਪਾਰਟੀ ਵਲੋਂ ਕੋਈ ਟਾਰਚਰ ਨਹੀਂ ਕੀਤਾ ਗਿਆ ਅਤੇ ਨਾ ਹੀ ਉਹ ਕਿਸੇ ਦਬਾਅ ਹੇਠ ਹੈ। ਉਹ ਕਾਂਗਰਸੀ ਹੈ ਅਤੇ ਹਮੇਸ਼ਾ ਕਾਂਗਰਸੀ ਰਹੇਗਾ।
ਪਿਤਾ ਨੇ ਲਾਏ ਬੇਟੇ ਨੂੰ ਅਗਵਾ ਕਰਨ ਦੇ ਦੋਸ਼
ਬੰਟੀ ਦੇ ਪਿਤਾ ਨੇ ਕਾਂਗਰਸ ’ਤੇ ਉਨ੍ਹਾਂ ਦੇ ਪੁੱਤਰ ਨੂੰ ਅਗਵਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਬੰਟੀ ਨੂੰ ਰੋਪੜ ਦੇ ਇਕ ਹੋਟਲ ਵਿਚ ਜ਼ਬਰਦਸਤੀ ਰੱਖਿਆ ਗਿਆ ਹੈ ਅਤੇ ਘਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਕਾਂਗਰਸ ਨੇ ਬੰਟੀ ਨੂੰ ਨਹੀਂ ਜਾਣ ਦਿੱਤਾ ਤਾਂ ਉਨ੍ਹਾਂ ਨੇ ਚੰਡੀਗੜ੍ਹ ਦੀ ਐੱਸ. ਐੱਸ. ਪੀ. ਨੂੰ ਫ਼ੋਨ ਕੀਤਾ। ਇਸ ਤੋਂ ਬਾਅਦ ਚੰਡੀਗੜ੍ਹ ਦੇ ਐੱਸ. ਐੱਸ. ਪੀ. ਕੰਵਰਦੀਪ ਕੌਰ ਵੀ ਪੁਲਸ ਫੋਰਸ ਨਾਲ ਪਹੁੰਚ ਗਏ।